ਜਮਾਨ ਸ਼ਾਹ ਨੇ ਆਪਣੇ ਮਤਰੇਏ ਭਰਾ ਸੁਲਤਾਨ ਮਹਿਮੂਦ ਦੀ ਬਗਾਵਤ ਨੂੰ ਕੁਚਲ ਕੇ ਅਜੇ ਸਾਹ ਵੀ ਨਹੀਂ ਸੀ ਲਿਆ। ਉਸ ਨੂੰ ਦੋ ਵੱਡੇ ਸਦਮੇ ਲੱਗ। ਪਹਿਲਾਂ ਅਹਿਮਦ ਖ਼ਾਨ ਹਨਚੀ, ਉਸ ਦੇ ਬਹਾਦਰ ਜਰਨੈਲ ਦੇ ਮਾਰੇ ਜਾਣ ਦੀ ਖ਼ਬਰ ਨੇ ਉਸ ਦੇ ਤੇਵਰ ਬਦਲ ਦਿੱਤੇ ਸਨ ਤੇ ਹੁਣ ਹਸ਼ਮਤ ਚੱਠਾ ਦੇ ਰਣਜੀਤ ਹੱਥੋਂ ਮਾਰੇ ਜਾਣ ਦੀ ਘਟਨਾ ਨੇ, ਉਸ ਦੇ ਪੈਰਾਂ ਹੇਠਾਂ ਅੱਗ ਬਾਲ ਦਿੱਤੀ। ਉਹ ਕੁਝ ਸਮਾਂ ਆਰਾਮ ਕਰਨਾ ਚਾਹੁੰਦਾ ਸੀ, ਪਰ ਹੁਣ ਇਹ ਘਟਨਾਵਾਂ ਅਫਗਾਨਾਂ ਨੂੰ ਸਿੱਧੀ ਵੰਗਾਰ ਸੀ।
ਉਹ ਦਹਾੜਿਆ-'ਕਾਫਰਾਂ ਦੇ ਸਿਰ ਫੇਹਣ ਦੀ ਮੈਨੂੰ ਜਾਚ ਏ। ਮੈਂ ਇਹਨਾਂ ਦੇ ਚੁਲ੍ਹਿਆਂ ਵਿਚ ਘਾਹ ਉਗਾ ਦਿਆਂਗਾ।
ਉਸ ਨੇ ਜਹਾਦ ਦਾ ਢੰਡੋਰਾ ਫੇਰ ਦਿੱਤਾ।
ਮਿਸਲਾਂ ਦੇ ਸਰਦਾਰ ਜ਼ਮਾਨ ਸ਼ਾਹ ਦਾ ਹਮਲਾ ਰੋਕਣ ਲਈ, ਫਿਰ ਅੰਮ੍ਰਿਤਸਰ ਇਕੱਠੇ ਹੋਣ ਲੱਗੇ। ਰਣਜੀਤ ਸਿੰਘ, ਅੰਮ੍ਰਿਤਸਰ ਜਾਣ ਦੀ ਤਿਆਰੀ ਕਰਨ ਲੱਗਾ ਤਾਂ ਮਾਂ ਰਾਜ ਕੌਰ ਨੇ ਰੋਕ ਲਿਆ-ਪੁੱਤਰ ਕੱਲ੍ਹ ਚਲੇ ਜਾਣਾ, ਮੈਂ ਤੇਰੇ ਮਾਮੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਏਂ।
ਰਣਜੀਤ ਸਿੰਘ ਰੁਕ ਗਿਆ।
ਰਾਜ ਕੌਰ ਨੇ ਆਪਣੇ ਭਰਾ ਦਲ ਸਿੰਘ ਨੂੰ ਅੱਡ ਹੋ ਕੇ ਕਿਹਾ-ਰਣਜੀਤ ਦੇ ਵਿਆਹ ਨੂੰ ਪੂਰੇ ਤਿੰਨ ਸਾਲ ਹੋਣ ਨੂੰ ਆਏ ਨੇ, ਕਨੱਈਆਂ ਦੀ ਵੇਲ ਨੂੰ ਕੋਈ ਫਲ ਨਹੀਂ ਲੱਗਾ। ਮੈਨੂੰ ਮਿਸਲ ਦਾ ਵਾਰਿਸ ਚਾਹੀਦੇ।'
—ਇਹਦੇ 'ਚ ਮੈਂ ਕੀ ਆਖਾਂ ਭੈਣਾਂ। ਕਿਸੇ ਹਕੀਮ-ਵੈਦ ਨੂੰ ਪੁੱਛਣਾ ਚਾਹੀਦਾ ਐ। ਦਲ ਸਿੰਘ ਇਸ ਗੱਲ 'ਤੇ ਹੈਰਾਨ ਹੋਇਆ।
-ਮੈਂ ਕਿਸੇ ਹਕੀਮ-ਵੈਦ ਬਾਰੇ ਸਲਾਹ ਨਹੀਂ ਲੈਣੀ। ਮੈਂ ਰਣਜੀਤ ਦੀ ਦੂਸਰੀ ਸ਼ਾਦੀ ਬਾਰੇ ਸੋਚ ਰਹੀ ਆ। ਰਾਜ ਕੋਰ ਨੇ ਸਪੱਸ਼ਟ ਕੀਤਾ।
-ਕੋਈ ਘਰਾਣਾ ਨਿਗਾਹ 'ਚ ਹੈ ?' ਦਲ ਸਿੰਘ ਨੇ ਪੁੱਛਿਆ।
-ਹਾਂ, ਨਕੱਈ ਸਰਦਾਰ ਦੀ ਭੈਣ ਹੈਗੀ ਏ ਵਿਆਹੁਣ ਯੋਗ। ਮੈਂ ਉਹਨਾਂ ਦੀ ਇੱਛਾ ਜਾਣ ਲਈ ਹੈ, ਉਹ ਰਾਜ਼ੀ ਨੇ।
-ਫਿਰ ਦੇਰ ਕਿਸ ਗੱਲ ਦੀ ਏ। ਰਣਜੀਤ ਦੇ ਸਿਹਰੇ ਬੰਨ੍ਹ ਤੇ ਡੋਲੀ ਹਵੇਲੀ ਲੈ ਆਓ। ਦਲ ਸਿੰਘ ਨੇ ਹੱਲਾ ਸ਼ੇਰੀ ਦਿੱਤੀ।
-ਰਣਜੀਤ ਨੂੰ ਵੀ ਤਾਂ ਪੁੱਛਣਾ ਪਏਗਾ। ਉਹ ਮੰਨਦਾ ਏ ਜਾਂ... 1
-ਨਹੀਂ ਮੰਨੇਗਾ ਤਾਂ ਓਹਦੀ ਤਲਵਾਰ ਨਾਲ ਲਾਵਾਂ ਪੜ੍ਹਾ ਦਿਆਂਗੇ।' ਦਲ ਸਿੰਘ ਹੱਸਣ ਲੱਗਾ।
-ਓਹ ਦੀਵਾਨ ਖ਼ਾਨੇ ਹੋਏਗਾ। ਉਸ ਨੂੰ ਭੇਜਣਾ ਏਧਰ।' ਰਾਜ ਕੌਰ ਨੇ ਕਿਹਾ।
ਕੁਝ ਦੇਰ ਬਾਅਦ ਕੋਲ ਆਏ ਰਣਜੀਤ ਸਿੰਘ ਨੂੰ ਜਦ ਮਾਤਾ ਨੇ ਇਸ ਕਾਰਜ ਬਾਰੇ ਉਸ ਦੀ ਰਾਇ ਪੁੱਛੀ ਤਾਂ ਰਣਜੀਤ ਨੇ ਆਪਣੇ ਸੁਭਾਅ ਅਨੁਸਾਰ ਬੇਰੁਖੀ ਜਿਹੀ ਨਾਲ ਕਿਹਾ, 'ਜਿਵੇਂ ਠੀਕ ਲੱਗਦਾ ਹੈ ਕਰ ਲਓ। ਚੰਗਾ ਮਾੜਾ ਸੋਚਣ ਦੀ ਮੇਰੇ ਪਾਸ ਵਿਹਲ ਕਿਥੇ ਵੇ ? ਜ਼ਮਾਨ ਸ਼ਾਹ ਪੰਜਾਬ 'ਤੇ ਚੜਿਆ ਆਉਂਦੇ ਤੇ ਮਾਂ ਤੈਨੂੰ ਮੇਰੇ ਸਿਹਰੇ ਬੰਨ੍ਹਣ ਦਾ ਫ਼ਿਕਰ ਏ।
-ਪੁੱਤਰ ਨਕੱਈ ਤੇਰੀਆਂ ਬਾਹਵਾਂ ਬਣਨਗੇ। ਤਿੰਨ ਮਿਸਲਾਂ ਮੈਂ ਤੇਰੇ ਪੇਟੇ ਪਾ ਦੇਣੀਆਂ ਨੇ। ਬਾਕੀ ਤਾਂ ਆਪ ਹੀ ਪੈਰੀਂ ਆ ਡਿੱਗਣੀਆਂ ਨੇ।
-ਪਰ ਮਾਂ ਐਹੋ ਜੇਹੇ ਮੌਕੇ...
-ਪੁੱਤਰ ਕੀ ਗੱਲਾਂ ਕਰਦਾ ਪਿਐ। ਇਕ ਦੋ ਦਿਨਾਂ 'ਚ ਕਾਰਜ ਪੂਰਾ ਹੋ ਜਾਣੇ। ਜਗਾਂ ਤਾਂ ਸਾਡੀ ਹੋਣੀ ਏ। ਏਹਨਾ ਦਾ ਰੁਝੇਵਾਂ ਕਾਹਦਾ ? ਜਿਹੇ ਜੇਹਾ ਘਾਹ ਕੱਟਣ ਗਏ, ਜੇਹੋ ਜੇ ਅਫਗਾਨ ਵੱਢ ਆਏ।' ਮਾਂ ਹੱਸੀ।
-ਨਹੀਂ ਮਾਂ, ਜੰਗ ਨੂੰ ਏਨਾ ਸਸਤਾ ਨਾ ਕਰ। ਅਫ਼ਗਾਨ ਆਖਦੇ ਨੇ, ਜਿਥੋਂ ਦੀ ਸਾਡੇ ਘੋੜੇ ਲੰਘ ਜਾਣ ਇਕ ਵਾਰ, ਉੱਥੇ ਘਾਹ ਨਹੀਂ ਉੱਗਦਾ।'
-ਪੁੱਤਰ ਤੂੰ ਵੀ ਜਾਣ ਲੈ। ਜਿਧਰੋਂ ਦੀ ਗੁਰੂ ਦੇ ਸਿੰਘ ਲੰਘ ਜਾਣ, ਅਫਗਾਨ ਘੋੜਿਆ ਉੱਪਰ ਚੜ੍ਹਣ ਜੋਗੋ ਰਹਿੰਦੇ ਹੀ ਨਹੀਂ।
-धन भ...
-ਕੁਝ ਨਾ ਆਖ ਪੁੱਤਰ-ਰਾਜ ਕੌਰ ਬੇਲੀ, 'ਅਸੀਂ ਬਹੁਤਾ ਅਡੰਬਰ ਨਹੀਂ ਕਰਨਾ। ਨਕਈਆਂ ਨੂੰ ਸੁਨੇਹਾ ਭੇਜ ਦੇਨੇ ਆ। ਬੱਸ ਡੋਲੀ ਘਰ ਆ ਜਾਏ।'
ਇਸ ਵਾਰ ਰਣਜੀਤ ਸਿੰਘ ਕੁਝ ਨਹੀਂ ਬੋਲਿਆ। ਮਾਂ ਦੀ ਰਜਾ ਅੱਗੇ ਉਸ ਨੇ ਸਿਰ ਤੁਕਾ ਦਿੱਤਾ।
ਨਕੱਈ ਸਰਦਾਰ ਸਮਝਦਾਰ ਸਨ। ਭਾਵੇਂ ਪੰਜਾਬ ਉੱਪਰ ਜੰਗ ਦੇ ਬੱਦਲ ਪੂਰੇ ਸੰਘਣੇ ਸਨ। ਪਰ ਉਹਨਾਂ ਦੀ ਸ਼ੁਕਰਚੱਕੀਆ ਮਿਸਲ ਨਾਲ ਰਿਸ਼ਤੇਦਾਰੀ ਪੇ ਗਈ ਸੀ। ਗਾਜੇ ਵਾਜੇ ਨਹੀਂ ਵੱਜੇ। ਬਹੁਤਾ ਵਿਖਾਵਾ ਵੀ ਨਹੀਂ ਕੀਤਾ। ਬਰਾਤ ਵੀ ਚੋਣਵੇਂ ਸਰਦਾਰਾਂ ਦੀ ਸੀ ਤੇ ਸਵਾਗਤ ਕਰਨ ਵਾਲੇ ਵੀ ਗਿਣਵੇਂ ਸਨ। ਦਾਜ ਦਹੇਜ ਹੋਇਆ ਵੀ ਤਾਂ ਸਭ ਗੁਪਤ ਰੂਪ ਵਿਚ| ਨਵੀਂ ਦੁਲਹਨ ਘਰ ਆ ਗਈ। ਉਸ ਦਾ ਨਾਮ ਰਾਜ ਕੌਰ ਸੀ। ਗੁੱਜਰਾਂ ਵਾਲੇ ਪੁੱਜਦਿਆਂ ਹੀ ਉਹ ਦਾਤਾਰ ਕੌਰ ਬਣ ਗਈ।
ਮਹਿਤਾਬ ਕੌਰ ਨੂੰ ਤਕਲੀਫ਼ ਤਾਂ ਹੋਣੀ ਹੀ ਸੀ, ਬਟਾਲੇ ਬੈਠੀ ਸਦਾ ਕੌਰ ਵੀ ਤੜਫੀ। ਵਿਆਹ ਵਿਚ ਸੱਦਾ ਭੇਜਣ 'ਤੇ ਵੀ ਨਾ ਆਈ।
ਮਹਿਤਾਬ ਤਾਂ ਪਹਿਲਾਂ ਵੀ ਕਦੇ ਖਿੜੇ ਮੱਥੇ ਰਣਜੀਤ ਦੇ ਸਾਹਮਣੇ ਨਹੀਂ ਸੀ ਹੁੰਦੀ। ਹੁਣ ਹੋਰ ਵੀ ਮੂੰਹ ਵੱਟ ਲਿਆ। ਪੱਕੀ ਜਾਣ ਲਈ ਦੂਸਰੇ ਵਿਆਹ ਦਾ ਬਹਾਨਾ ਮਿਲ ਗਿਆ। ਉਸ ਨੇ ਆਪਣੀ ਸੱਸ ਨੂੰ ਕਿਹਾ-'ਮੈਂ ਕੁਝ ਦਿਨਾਂ ਲਈ ਬਟਾਲੇ ਜਾਣਾ ਚਾਹੁੰਦੀ ਹਾਂ।
-ਜੀ ਸਦਕੇ ਪੁੱਤਰ, ਚਲੀ ਜਾ। ਪਰ ਜਲਦੀ ਮੁੜ ਆਈ।' ਉਂਜ ਅੰਦਰ ਰਾਜ ਕੌਰ ਚਾਹੁੰਦੀ ਸੀ,... ਮਹਿਤਾਬ ਕੁਝ ਦੇਰ ਦਾਤਾਰ ਕੌਰ ਤੋਂ ਪਾਸੇ ਹੀ ਰਹੇ ਤਾਂ ਚੰਗਾ ਹੈ।
ਬਟਾਲੇ ਜਾਣ ਲਈ ਰੱਥ ਤਿਆਰ ਕੀਤਾ ਤੇ ਮਹਿਤਾਬ ਕੌਰ ਬਟਾਲੇ ਨੂੰ ਤੁਰ ਪਈ। ਰੱਖਿਆ ਲਈ ਕੁਝ ਘੋੜ ਸਵਾਰ ਨਾਲ ਭੇਜੇ ਗਏ।
ਸੁਭਾਅ ਪੱਖ, ਮਹਿਤਾਬ ਨਾਲੋਂ ਦਾਤਾਰ ਕੌਰ ਵਿਚ ਜ਼ਮੀਨ ਅਸਮਾਨ ਦਾ ਅੰਤਰ ਸੀ। ਰਣਜੀਤ ਸਿੰਘ ਸਚਮੁੱਚ ਉਸ ਦਾ ਕਾਇਲ ਹੋ ਗਿਆ। ਹਵੇਲੀ ਵਿਚ ਪਹਿਲੀ ਵਾਰ ਉਸ ਨੂੰ ਖੁਸ਼ ਵੇਖਿਆ। ਉਸ ਨੂੰ ਹੁਣ ਹੀ ਮਹਿਸੂਸ ਹੋਇਆ, ਇਕ ਪਤਨੀ ਦਾ ਸੁੱਖ ਕੀ ਹੁੰਦਾ ਹੈ। ਸ਼ਿਕਾਰ ਖੇਡਣ ਨਾਲੇ ਹੁਣ ਉਹ ਦਾਤਾਰ ਕੌਰ ਕੋਲ ਵਧੇਰੇ ਸਮਾਂ ਬਿਤਾਉਣ ਲੱਗਾ।
ਸੁੱਖ ਭਰੇ ਦਿਨ ਅਜੇ ਬਹੁਤ ਨਹੀਂ ਸਨ ਲੰਘੇ, ਖ਼ਬਰ ਮਿਲੀ, ਜ਼ਮਾਨ ਸ਼ਾਹ ਕਾਰੀ ਸੈਨਾ ਲੈ ਕੇ ਪੰਜਾਬ ਦੀ ਹੱਦ ਅੰਦਰ ਦਾਖ਼ਲ ਹੋ ਗਿਆ ਹੈ।
ਰਣਜੀਤ ਸਿੰਘ ਨੇ ਟਾਕਰਾ ਕਰਨਾ ਚਾਹਿਆ। ਪਰ ਮਾਮਾ ਦਲ ਸਿੰਘ ਨੇ ਸਮਝਾਇਆ, ' ਕਾਕਾ ਜੀ ਆਪਾਂ ਇਕੱਲੇ ਮੁਕਾਬਲਾ ਨਹੀਂ ਕਰ ਸਕਾਂਗੇ। ਇਲਾਕਾ ਤਾਂ ਖੁਹਾਵਾਂਗੇ ਹੀ, ਜਾਨਾਂ ਵੀ ਜਾਣਗੀਆਂ। ਸਿਆਣਪ ਏਸੇ 'ਚ ਹੈ, ਅੰਮ੍ਰਿਤਸਰ ਜਾ ਰਹੀਏ। ਸਰਦਾਰਾਂ ਦਾ ਇਕੱਠ ਕਰੀਏ। ਸਹਿਮਤੀ ਬਣੀ ਤਾਂ ਟੱਕਰ ਲੈ ਕੇ ਵੇਖ ਲਵਾਂਗੇ। ਰਣਜੀਤ ਸਿੰਘ ਸੋਚੀਂ ਪੈ ਗਿਆ। ਉਸ ਦਾ ਗਰਮ-ਖੂਨ ਤਾਂ ਚਾਹੁੰਦਾ ਸੀ ਇਕ ਪਾਸਾ ਹੋ ਈ ਜਾਵੇ। ਬਾਰ ਬਾਰ ਘਰ ਬਾਰ ਛੱਡ ਕੇ ਨੱਸਣਾ ਕਾਇਰਤਾ ਹੈ। ਰਾਜ ਕੌਰ ਦੀ ਵੀ ਏਹੀ ਇੱਛਾ ਸੀ। ਉਸ ਨੇ ਹੁਣੇ ਹੁਣੇ ਹੋਈ ਬਾਦੀ ਦਾ ਵਾਸਤਾ ਪਾਇਆ। ਰਣਜੀਤ ਸਿੰਘ ਨੂੰ ਇਕ ਵਾਰ ਫਿਰ ਆਪਣੇ ਇਲਾਕੇ ਦੇ ਬਸ਼ਿੰਦਿਆਂ ਨੂੰ ਜ਼ਮਾਨ ਸ਼ਾਹ ਦੇ ਹਵਾਲੇ ਕਰਕੇ, ਪੂਰੇ ਪਰਿਵਾਰ ਸਮੇਤ ਅੰਮ੍ਰਿਤਸਰ ਜਾਣਾ ਪਿਆ।
ਇਸ ਵਾਰ ਜ਼ਮਾਨ ਸ਼ਾਹ ਆਪਣੇ ਮਨ ਦੀਆਂ ਰੀਝਾਂ ਪੂਰੀਆ ਕਰਦਾ, ਬਿਨਾਂ ਕਿਸੇ ਵੱਡੇ ਵਿਰੋਧ ਦੇ ਲਾਹੌਰ ਪੁੱਜ ਗਿਆ। ਹੈਰਾਨੀ ਦੀ ਗੱਲ ਇਹ ਹੋਈ, ਚੇਤ ਸਿੰਘ, ਮੋਹਰ ਸਿੰਘ ਤੇ ਉਸ ਦੇ ਸਾਥੀ ਲਾਹੌਰ ਕਿਲ੍ਹਾ ਖਾਲੀ ਕਰਕੇ ਪਹਿਲਾਂ ਹੀ ਪੱਤਰਾ-ਵਾਚ ਗਏ ਸਨ। ਜ਼ਮਾਨ ਸ਼ਾਹ ਸਮਝ ਨਾ ਸਕਿਆ, ਪਰ ਇਹ ਸਿੰਘਾਂ ਦਾ ਜੰਗ ਲੜਨ ਦਾ ਢੰਗ ਸੀ ਤੇ ਦਾਅ-ਪੇਚ ਵੀ ਸੀ। ਉਹ ਵੈਰੀ ਦੇ ਕ੍ਰੋਧ ਨੂੰ ਖੁੰਢਾ ਕਰਕੇ ਜਾਂ ਬੇ-ਹੱਦ ਕ੍ਰੋਧਿਤ ਕਰਕੇ ਅਚਾਨਕ ਮੋੜਵਾਂ ਹਮਲਾ ਕਰਦੇ ਸਨ। ਕ੍ਰੋਧੀ ਹੋਇਆ ਦੁਸ਼ਮਣ, ਕਈ ਵਾਰ ਆਪਣਾ ਹੀ ਨੁਕਸਾਨ ਵਧੇਰੇ ਕਰ ਬੈਠਦਾ ਸੀ ਤੇ ਸਿੰਘਾਂ ਦੀਆਂ ਨਰਦਾਂ ਸਿੱਧੀਆਂ ਪੈਂਦੀਆਂ ਸਨ।
ਜ਼ਮਾਨ ਸ਼ਾਹ ਲਾਹੌਰ ਦੇ ਕਿਲ੍ਹੇ 'ਚ ਆ ਬੈਠਾ ਤੇ ਭੰਗੀ ਸਰਦਾਰ ਪਹਾੜੀ ਜਾ ਚੜ੍ਹੇ
ਸਿੱਖਾਂ ਦੀ ਅਣਖ ਨੂੰ ਚੋਭਾਂ ਲਾਉਣ ਵਾਲਿਆਂ ਨੇ, ਜਮਾਨ ਸ਼ਾਹ ਦੀਆਂ ਬੜ੍ਹਕਾਂ ਅਤੇ ਹੈਂਕੜ ਨੂੰ ਮਿਰਚ-ਮਸਾਲੇ ਲਗਾ ਕੇ ਅਫਵਾਹਾਂ ਫੈਲਾਈਆਂ।
-ਜ਼ਮਾਨ ਸ਼ਾਹ ਆਖਦੇ, ਕਾਫਰ ਤਾਂ ਦੁਰਾਨੀਆਂ ਦੇ ਘੋੜਿਆਂ ਦੀ ਧੂੜ ਵੇਖ ਕੇ ਰੰਗਣ ਬਹਿ ਜਾਂਦੇ ਨੇ।'
-ਇਸ ਵਾਰ ਕਾਫ਼ਰ ਅਫਗਾਨੀਆਂ ਦੇ ਪੈਰੀ ਡਿੱਗਣਗੇ।
-ਸਿੱਖਾਂ ਦੀਆਂ ਰੰਨਾਂ ਅਵਗਾਨੀਆਂ ਦੇ ਬੱਚੇ ਜਣਨਗੀਆਂ।
-ਲਾਹੌਰ ਤਾਂ ਮਾਰ ਲਿਐ, ਹੁਣ ਅੰਬਰਸਰ ਦੀ ਵਾਰੀ ਏ।
ਹੋਰ ਵੀ ਬੜੀਆਂ ਘਿਨੋਣੀਆਂ ਗੱਲਾਂ ਫੈਲੀਆਂ। ਮਿਸਲਾਂ ਦੇ ਆਗੂਆਂ ਤੱਕ ਵੀ ਪੁੱਜੀਆਂ। ਵਡੇਰੀ ਉਮਰ ਦੇ ਬੰਦਿਆਂ ਨੇ ਸਰਦਾਰਾਂ ਨੂੰ ਲਾਹਣਤਾਂ ਪਾਈਆਂ। ਅੰਮ੍ਰਿਤਸਰ ਦੜੇ ਬੇਠੇ ਰਣਜੀਤ ਸਿੰਘ ਨੇ ਵੀ ਇਹ ਗੱਲਾਂ ਸੁਣੀਆਂ। ਉਸ ਦੀ ਸੱਸ ਸਦਾ ਕੌਰ ਨੇ ਵੀ ਸੁਣੀਆਂ। ਉਸ ਦੀ ਅਣਖ ਨੇ ਝੰਜੜਿਆ। ਉਹ ਆਪਣੀ ਫੌਜ ਨੂੰ ਸਾਵਧਾਨ ਰਹਿਣ ਲਈ ਹੁਕਮ ਦੇ ਕੇ ਅੰਮ੍ਰਿਤਸਰ ਆ ਗਈ।
...
ਅੰਮ੍ਰਿਤਸਰ ਆਣ ਕੇ ਸਦਾ ਕੌਰ ਨੂੰ ਪਤਾ ਲੱਗਿਆ, ਗੁਜਰਾਤ ਦਾ ਮੁਖੀਆ ਸਾਹਬ ਸਿੰਘ ਭੰਗੀ ਵੀ ਗੁਜਰਾਤ ਤੋਂ ਭੱਜ ਗਿਆ ਹੈ। ਜਮਾਨ ਸ਼ਾਹ ਦੇ ਸਿਪਾਹੀਆਂ ਨੇ ਬਹਿਰੀਆਂ ਨੂੰ ਰੱਜ ਕੇ ਲੁੱਟਿਆ ਤਾਂ ਹੈ ਹੀ, ਹਿੰਦੂ ਅਤੇ ਸਿੱਖਾਂ ਦਾ ਕਤਲੇ ਆਮ ਵੀ ਬਹੁਤ ਕੀਤਾ। ਗੁਜਰਾਂ ਵਾਲਾ ਵੀ ਖ਼ਾਲੀ ਸੀ, ਉਹ ਵੀ ਥੇਹ ਬਣਾ ਦਿੱਤਾ। ਮਿਸਲਾਂ ਦੇ ਸਰਦਾਰ ਤੇ ਜਗੀਰਦਾਰ ਜੰਗਲਾਂ ਪਹਾੜਾਂ 'ਚ ਜਾ ਛੁਪੇ ਸਨ। ਸਦਾ ਕੌਰ ਨੇ ਅਗਲੀ ਰਣਨੀਤੀ ਤੈਅ ਕਰਨ ਲਈ ਸਰਦਾਰਾਂ ਅਤੇ ਹੋਰ ਜੱਥੇਦਾਰਾਂ ਨੂੰ ਇਕੱਠੇ ਹੋਣ ਲਈ ਸੁਨੇਹੇ ਭੇਜੋ। ਕੁਝ ਆਏ, ਕੁਝ ਨੇ ਜੰਗ ਦੇ ਇਸ ਝਮੇਲੇ ਤੋਂ ਦੂਰ ਰਹਿਣ ਨੂੰ ਹੀ ਤਰਜੀਹ पिंडी।
ਸਿਰ ਉੱਪਰ ਪਗੜੀ ਬੰਨ੍ਹ ਕੇ, ਜੰਗੀ ਬਾਣੇ ਵਿਚ ਸਦਾ ਕੌਰ ਇਕੱਠ ਦੇ ਸਾਹਮਣੇ ਆਈ। ਬੋਲੀ-'ਏਸ ਤਰ੍ਹਾਂ ਕਾਇਰਾਂ ਵਾਂਗ ਨੱਠੇ ਫਿਰਨਾਂ ਜਾਂ ਛੁਪ ਜਾਣ ਲਈ ਕੁੰਦਰਾਂ ਲੱਭਣਾ ਤਾਂ ਸਾਡੀ ਰਵਾਇਤ ਨਹੀਂ ਹੈ। ਇਹ ਸਾਡੇ ਗੁਰੂਆਂ ਦੀ ਬੇਅਦਬੀ ਹੈ । ਗੁਰੂ ਨੇ ਅਣਖ ਨਾਲ ਜੀਣ ਤੇ ਅਣਖ ਨਾਲ ਮਰਨ ਦਾ ਸੰਦੇਸ਼ ਦਿੱਤਾ ਹੈ। ਜੇ ਤੁਸੀ ਮਰਦ ਹੋ ਕੇ ਦੁਰਾਨੀਆਂ ਅੱਗੇ ਨੱਠਣ ਨੂੰ ਧਰਮ ਬਣਾ ਲਿਆ ਹੈ ਤਾਂ ਵੇਰੀ ਨਾਲ ਮੱਥਾ ਮੈਂ ਲਾਵਾਂਗੀ। ਕਿੰਨਾ ਕੁ ਚਿਰ ਇਉਂ ਜੀਆਂਗੇ ? ਇਸ ਤਰ੍ਹਾਂ ਬਾਰ ਬਾਰ ਮਰਨ ਨਾਲ ਤਾਂ ਜੰਗ ਦੇ ਮੈਦਾਨ 'ਚ ਮਰਨਾ ਵਧੇਰੇ ਚੰਗਾ ਹੈ। ਗੁਰੂਆਂ ਤੋਂ ਮੂੰਹ ਤਾਂ ਨਹੀਂ ਛੁਪਾਵਾਂਗੇ।'
ਰਣਜੀਤ ਸਿੰਘ ਗੁਜਰਾਂਵਾਲੇ ਛੱਡ ਆਉਣ ਕਰਕੇ ਬਹੁਤ ਨਮੋਸ਼ੀ ਮੰਨੀ ਬੈਠਾ ਕੇ ਦਲ ਸਿੰਘ ਵੀ ਉਸ ਦੇ ਨਾਲ ਸੀ। ਉਹਨਾਂ ਕਿਹਾ-ਅਸੀਂ ਮਾਈ ਜੀ ਦਾ ਸਾਥ ਦੇਵਾਂਗੇ
ਫਿਰ ਅੱਧੇ ਕੁ ਮਨ ਨਾਲ ਭੰਗੀ ਅਤੇ ਰਾਮਗੜ੍ਹੀਏ ਵੀ ਸਾਂਝਾ ਹਮਲਾ ਕਰਨ ਲਈ ਸਹਿਮਤ ਹੋ ਗਏ। ਸਾਰਿਆਂ ਨੇ ਫੈਸਲਾ ਕਰਕੇ ਅਠਾਰਾਂ ਸਾਲਾਂ ਦੇ ਗੱਭਰੂ ਰਣਜੀਤ ਸਿੰਘ ਨੂੰ 'ਦਲ ਖਾਲਸਾ' ਦੀ ਅਗਵਾਈ ਕਰਨ ਲਈ ਗੁਰਮਤਾ ਕੀਤਾ। ਸਾਰੇ ਸਹਿਮਤ ਹੋ ਗਏ।
ਪੰਜਾਬ ਦੀ ਇਸ ਸਮੇਂ ਬੜੀ ਖ਼ਤਰਨਾਕ ਰਾਜਨੀਤਕ ਸਥਿਤੀ ਸੀ। ਜਮਾਨ ਸ਼ਾਹ ਨੇ ਹਰ ਪਾਸਿਉਂ ਸਿੱਖਾਂ ਨੂੰ ਘੇਰ ਕੇ ਜਲੀਲ ਕਰਨ ਦਾ ਅਹਿਦ ਕਰ ਲਿਆ ਸੀ। ਸੰਸਾਰ ਚੰਦ ਪਹਾੜਾਂ ਤੋਂ ਉੱਤਰ ਕੇ ਮੈਦਾਨੀ ਇਲਾਕੇ ਉੱਪਰ ਆਪਣਾ ਰਾਜ ਫੈਲਾਉਣ ਦਾ ਸੁਪਨਾ ਚਿਰਾਂ ਤੋਂ ਵੇਖ ਰਿਹਾ ਸੀ। ਨੇਪਾਲ ਵੱਲੋਂ ਗੋਰਖੇ ਅਮਰ ਸਿੰਘ ਥਾਪਾ ਦੀ ਕਮਾਨ ਹੇਠ ਪਹਾੜੀ ਰਾਜਿਆਂ ਅਤੇ ਸਿੱਖਾਂ ਨੂੰ ਅੱਖਾਂ ਵਿਖਾਉਣ ਲੱਗੇ ਸਨ। ਮਰਹੱਟਿਆਂ ਦੀ ਲਾਲਸਾ ਖ਼ੈਬਰ ਦਰ ਤੱਕ ਆਪਣੀ ਹਕੂਮਤ ਜਮਾਉਣ ਦੀ ਸੀ। ਇਹਨਾਂ ਸਭਨਾਂ ਤੋਂ ਬਿਨਾਂ, ਅੰਗਰੇਜ਼, ਸਰਾਲ ਵਾਂਗ ਚੁੱਪ-ਚੁਪੀਤ, ਹਿੰਦ ਦੀ ਧਰਤੀ ਉੱਪਰ ਸਰਕਦੇ, ਪੰਜਾਬ ਨੂੰ ਕਿਸੇ ਵੇਲੇ ਹੜੱਪਣ ਦੀ ਨੀਯਤ ਨਾਲ ਹੌਲੀ-ਹੌਲੀ ਉਸ ਨੂੰ ਆਪਣੀ ਜਕੜ ਵਿਚ ਲੈਣ ਲਈ, ਅਜਿਹਾ ਢੰਗ ਲੱਭ ਰਹੇ ਸਨ, ਜਿਸ ਨਾਲ ਸ਼ਿਕਾਰ ਖਾਧਾ ਵੀ ਜਾਏ ਤੇ ਉਸ ਨੂੰ ਪਤਾ ਵੀ ਨਾ ਲੱਗੇ।
ਮਰਹੱਟਿਆਂ ਦੀ ਪਾਣੀਪਤ ਦੇ ਮੈਦਾਨ ਵਿਚ ਜਾਵੇਂ ਬੜੀ ਭਿਆਨਕ ਹਾਰ ਹੋਈ ਸੀ। ਫਿਰ ਵੀ ਉਹ ਸੰਭਲ ਗਏ ਸਨ। ਇਸ ਸਮੇਂ ਆਗਰਾ ਉਹਨਾਂ ਦੇ ਕਬਜ਼ੇ ਹੇਠ ਸੀ। ਉਹਨਾਂ ਨੇ ਅੰਗਰੇਜ਼ਾਂ ਦੇ ਪੱਕੇ ਦੁਸ਼ਮਣ ਫਰਾਂਸੀਸੀ ਜਰਨੈਲ ਪੈਰ ਨਾਲ ਮੇਲ ਜੋਲ ਵਧਾਇਆ। ਉਹ ਬੜਾ ਬਹਾਦਰ ਤੇ ਜੰਗੀ ਸੂਝ-ਬੂਝ ਰੱਖਦਾ ਸੀ। ਪੈਰੋਂ ਨੇ ਮਰਹੱਟਿਆਂ ਨੂੰ ਵਿਸ਼ਵਾਸ ਦੁਆਇਆ-'ਅਸੀਂ ਰਲ ਕੇ ਅੰਗਰੇਜ਼ਾਂ ਦੇ ਸੁਪਨਿਆਂ ਨੂੰ ਤਬਾਹ ਕਰ ਦੇਵਾਂਗੇ ਤੇ ਪੰਜਾਬ ਨੂੰ ਦਰੜ ਕੇ ਖੈਬਰ ਤੱਕ ਮਰਾਠਿਆਂ ਦੇ ਸਾਮਰਾਜ ਦਾ ਝੰਡਾ ਲਹਿਰਾ ਦਿਆਂਗੇ।'
ਅੰਗਰੇਜ਼ ਬੜਬੋਲੇ ਨਹੀਂ ਸਨ। ਉਹਨਾਂ ਦੇ ਸੂਹੀਏ, ਹਿੰਦੁਸਤਾਨ ਦੇ ਹਰ ਵੱਡੇ ਨਗਰ ਅਤੇ ਰਿਆਸਤਾਂ ਵਿਚ ਫੈਲੇ ਹੋਏ ਸਨ। ਕੋਈ ਸੈਲਾਨੀ ਬਣਿਆ ਹੋਇਆ ਸੀ, ਕੋਈ ਡਾਕਟਰ, ਕੋਈ ਕੁਦਰਤ ਦਾ ਰਹੱਸ ਜਾਨਣ ਦੇ ਬਹਾਨੇ ਮਹੱਤਵਪੂਰਣ ਥਾਵਾਂ ਉੱਪਰ ਘੁੰਮਦੇ ਰਹਿੰਦੇ ਸਨ। ਅੰਗਰੇਜ਼ ਜਰਨੈਲਾਂ ਨੂੰ, ਅਫਸਰਾਂ ਨੂੰ ਗੁਪਤ ਹਦਾਇਤਾਂ ਮਿਲੀਆਂ ਹੋਈਆਂ ਸਨ :
'ਹਰ ਇਲਾਕੇ ਵਿਚ ਰਾਜਨੀਤਕ ਤਬਦੀਲੀ ਦੀ ਜਾਣਕਾਰੀ ਹਾਸਲ ਕਰੋ। ਏਸ ਗੱਲ ਸਾਵਧਾਨ ਰਹੇ, ਜੋ ਵੱਡੀਆਂ ਸ਼ਕਤੀਆਂ ਆਪਸ ਵਿਚ ਮਿਲਦੀਆਂ ਹਨ। ਤੁਰੰਤ ਸੂਚਨਾ ਭੇਜੋ। ਅਜਿਹੇ ਹਾਲਾਤ ਪੈਦਾ ਕਰੋ, ਮਰਹੱਟੇ ਅਤੇ ਸਿੱਖ ਆਪਸ ਵਿਚ ਸੰਧੀ ਨਾ ਕਰ ਸਕਣ। ਅਗਰ ਸਿੱਖ ਅਤੇ ਮਰਾਠਾ ਸ਼ਕਤੀ ਇਕੱਠੇ ਹੋ ਗਏ, ਹਿੰਦੁਸਤਾਨ ਕਦੇ ਬ੍ਰਿਟਿਸ਼ ਦੀ ਪਕੜ ਵਿਚ ਨਹੀਂ ਆਏਗਾ। ਅਫਗਾਨਾਂ ਦੇ ਲਗਾਤਾਰ ਹਮਲੇ ਸਾਡਾ ਮਸਲਾ ਹੱਲ ਕਰ ਰਹੇ ਹਨ। ਇਸ ਤਰ੍ਹਾਂ ਹਿੰਦ ਦੀਆਂ ਜੁਝਾਰੂ ਸ਼ਕਤੀਆਂ ਆਪਸ ਵਿਚ ਟਕਰਾ ਕੇ ਖ਼ਤਮ ਹੋ ਜਾਣਗੀਆਂ। ਸਾਡੇ ਲਈ ਅੱਗੇ ਵਧਣ ਦਾ ਰਸਤਾ ਸਾਫ਼ ਹੋ ਜਾਏਗਾ ਹੋ ਸਕੇ ਤਾਂ ਪਹਾੜੀ ਰਾਜਿਆਂ ਨੂੰ ਪੰਜਾਬ ਉੱਪਰ ਹਮਲੇ ਕਰਨ ਲਈ ਉੱਤੇਜਿਤ ਕਰੋ।
ਕਾਂਗੜੇ ਦਾ ਰਾਜਾ ਸੰਸਾਰ ਚੰਦ ਤਾਂ ਖ਼ੁਦ ਹੀ ਉੱਤਜਿਤ ਸੀ। ਉਸ ਨੇ ਸਰਦਾਰਾਂ ਦੇ ਕਬਜ਼ੇ ਹੇਠਲੇ ਕੁਝ ਇਲਾਕੇ ਉੱਪਰ ਆਪਣਾ ਹੱਕ ਜਮਾ ਲਿਆ ਸੀ । ਇਸ ਸਮੇਂ ਗੋਰਖੇ, ਅਮਰ ਸਿੰਘ ਥਾਪਾ ਕੋਲ ਦੇ ਰਾਹ ਸਨ। ਜਾਂ ਤਾਂ ਉਹ ਸੰਸਾਰ ਚੰਦ ਨਾਲ ਟੱਕਰ ਲਵੇ ਜਾਂ ਦੋਵੇਂ ਜਣੇ ਮਿਲ ਕੇ ਪੰਜਾਬ ਉੱਪਰ ਹਮਲਾ ਕਰਨ। ਦੋਹਾਂ ਵਿਚੋਂ ਇਕ ਰਾਹ ਚੁਣਨ ਲਈ ਥਾਪਾ ਨੇ ਆਪਣੇ ਏਲਚੀ ਸੰਸਾਰ ਚੰਦ ਕੋਲ ਭੇਜਿਆ। ਦੋਹਾਂ ਨੇ ਮੁਲਾਕਾਤ ਕਰਨ ਦਾ ਫੈਸਲਾ ਕਰ ਲਿਆ।
ਸੀਮਤ ਸੈਨਾ ਦੀਆਂ ਟੁਕੜੀਆਂ ਦੀ ਨਿਗਰਾਨੀ ਹੇਠ ਕਾਂਗੜੇ ਦੀ ਹੱਦ ਉੱਪਰ ਤੰਬੂ ਲਾਏ ਗਏ। ਦੋਹਾਂ ਤੰਬੂਆਂ ਦੇ ਵਿਚਕਾਰ ਇਕ ਸਫੈਦ ਰੰਗ ਦਾ ਤੰਬੂ ਲਾਇਆ ਗਿਆ। ਇਸ ਵਿਚ ਸੰਸਾਰ ਚੰਦ ਅਤੇ ਅਮਰ ਸਿੰਘ ਥਾਪਾ ਨੇ ਮਿਲਣਾ ਸੀ। ਤੋਅ ਕੀਤੇ ਸਮੇਂ ਅਤੇ ਦਿਨ ਅਨੁਸਾਰ ਰਾਜਾ ਸੰਸਾਰ ਚੰਦ ਆਪਣੇ ਤੰਬੂ ਵਿਚੋਂ ਨਿਕਲਿਆ। ਅਮਰ ਸਿੰਘ ਥਾਪਾ ਆਪਣੇ ਤੰਬੂ ਵਿਚੋਂ ਬਾਹਰ ਆਇਆ। ਦੋਹਾਂ ਨੇ ਗਿਣਵੇਂ ਕਦਮ ਅੱਗੇ ਵਧਾਏ। ਇਕ ਦੂਸਰੇ ਨਾਲ ਹੱਥ ਮਿਲਾਏ। ਫਿਰ ਸਫੈਦ ਤੰਬੂ ਅੰਦਰ ਚਲੇ ਗਏ। ਦੋਹਾਂ ਦੇ ਅੰਗ ਰੱਖਿਅਕ ਇਕੋ ਜੇਹੀ ਦੂਰੀ 'ਤੇ ਪੂਰੀ ਮੁਸਤੈਦੀ ਨਾਲ ਸਥਿਤੀ ਦੀ ਨਿਗਰਾਨੀ ਕਰਨ ਲੱਗੇ।
ਇਸ ਸਮੇਂ, ਅੰਗਰੇਜ਼ਾਂ ਨੂੰ, ਮਰਹੱਟਿਆਂ ਨੂੰ, ਫਰਾਂਸੀਸੀ ਪੈਰੋਂ ਨੂੰ ਤੇ ਸੰਸਾਰ ਚੰਦ ਅਤੇ ਗੋਰਖੇ ਅਮਰ ਸਿੰਘ ਥਾਪਾ ਨੂੰ ਆਪਣੇ ਆਪਣੇ ਸੂਹੀਆਂ ਰਾਹੀਂ ਪਤਾ ਸੀ, ਜ਼ਮਾਨ ਵਾਰ ਲਾਹੌਰ ਦੇ ਕਿਲ੍ਹੇ ਅੰਦਰ ਬੈਠਾ ਹੋਇਆ ਹੈ ਤੇ ਅਗਲੀ ਕਾਰਵਾਈ ਕਰਨ ਲਈ ਆਪਣੇ ਮਤਾਹਿਤਾਂ ਨਾਲ ਸਲਾਹੀ ਪਿਆ ਹੋਇਆ ਹੈ।
...
ਪੰਜਾਬ ਉੱਪਰ ਬਾਹਰੀ ਖ਼ਤਰਿਆ ਦੀ ਪਰਵਾਹ ਨਾ ਕਰਦਿਆਂ, ਦਲ ਖਾਲਸਾ' ਦੇ ਭਾਰੀ ਫੌਜ ਨੇ ਰਣਜੀਤ ਸਿੰਘ ਦੀ ਅਗਵਾਈ ਹੇਠ ਲਾਹੌਰ ਵੱਲ, ਜੈਕਾਰੇ ਛੱਡਦਿਆਂ ਭੂਰ ਕਰ ਦਿੱਤਾ। ਸਦਾ ਕੌਰ ਦੀ ਦਲੇਰੀ ਵੇਖ ਕੇ ਮਿਸਲਾਂ ਦੇ ਸਰਦਾਰ ਹੈਰਾਨ ਸਨ। ਸਾਂਝੀ ਫੌਜ ਲਾਹੌਰ ਦੇ ਨੇੜੇ ਪੁੱਜ ਗਈ। ਰਣਜੀਤ ਸਿੰਘ ਨੇ ਤਲਵਾਰ ਲਹਿਰਾ ਕੇ
ਭੇਜ ਨੂੰ ਰੁਕਣ ਲਈ ਕਿਹਾ ਤੇ ਬੁਲੰਦ ਆਵਾਜ਼ ਵਿਚ ਬੋਲਿਆ:
-ਗੁਰੂ ਦੇ ਸਿੰਘ, ਹਥਿਆਰ ਸੰਭਾਲ ਲਓ। ਸੰਮਨ ਬੁਰਜ ਤੱਕ ਪੁੱਜਣ ਤੋਂ ਪਹਿਲਾਂ ਅਤੇ ਵੇਲੇ ਵੀ ਟਾਕਰਾ ਹੋ ਸਕਦਾ ਹੈ। ਕੀ ਪਤਾ ਦੁਰਾਨੀ ਗਲੀਆਂ ਵਿਚ ਲੁਕੇ ਹੋਣ। ਰਾਹ ਵਿਚ ਕੋਈ ਵੀ ਰੋਕੇ, ਤੋਗਾਂ ਨਾਲ ਸਫਾਇਆ ਕਰਦੇ ਜਾਣਾ। ਅਸੀਂ ਕਿਲ੍ਹੇ ਦੇ ਜਾਣੇ ਜਾ ਕੇ ਹੀ ਰੁਕਾਂਗੇ।
ਫੌਜ ਅੱਗੇ ਵਧਣ ਲੱਗੀ। ਸਾਰੇ ਹੈਰਾਨ ਸਨ। ਕਿਲ੍ਹੇ ਤੱਕ ਕਿਸੇ ਨਾਲ ਵੀ ਵੱਡੀ ਕਰ ਨਹੀਂ ਹੋਈ। ਜ਼ਮਾਨ ਸ਼ਾਹ ਦੀ ਫੌਜ ਕਿੱਥੇ ਹੈ ? ਕੁਝ ਸਿਪਾਹੀ ਗਸ਼ਤ ਕਰਦੇ ਜ਼ਰੂਰ ਦਿਸੇ। ਉਹ ਤਾਂ ਸਿੰਘਾਂ ਦੇ ਜੈਕਾਰੇ ਸੁਣ ਕੇ ਹੀ ਦੌੜ ਗਏ। ਸਾਰੀ ਫੌਜ ਕਿਲ੍ਹੇ ਤੱਕ ਪੁੱਜ ਗਈ।
ਆਪਣੀ ਆਮਦ ਦੱਸਣ ਲਈ, ਰਣਜੀਤ ਸਿੰਘ ਨੇ ਹਵਾ ਵਿਚ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ। ਕੁਝ ਦੇਰ ਇਤਜ਼ਾਰ ਕੀਤਾ। ਕਿਲ੍ਹੇ ਅੰਦਰੋਂ ਕੋਈ ਜਵਾਬ ਨਹੀਂ। ਆਇਆ। ਇਕ ਅਜੀਬ ਤਰ੍ਹਾਂ ਦਾ ਭਾਵੀ ਡਰ ਸਭਨਾਂ ਦੇ ਚਿਹਰਿਆਂ ਉੱਪਰ ਠਹਿਰ ਗਿਆ। ਸੈਨਾ ਮੁਖੀ, ਰਣਜੀਤ ਸਿੰਘ ਵੱਲ ਇਸ ਆਸ ਨਾਲ ਵੇਖਣ ਲੱਗੇ ਅਗਲੀ ਕਿਹੜੀ ਕਾਰਵਾਈ ਲਈ ਹੁਕਮ ਮਿਲਦਾ ਹੈ।
-ਕਿਲ੍ਹੇ ਦੇ ਮੁੱਖ ਦੁਆਰ ਅੱਗੇ ਡੱਟ ਜਾਓ। ਰਣਜੀਤ ਸਿੰਘ ਨੇ ਹੁਕਮ ਦਿੱਤਾ। ਖ਼ੁਦ ਰਣਜੀਤ ਸਿੰਘ ਸੰਮਨ ਬੁਰਜ ਹੇਠਾਂ ਜਾ ਖੜ੍ਹਾ। ਉਸ ਦੀ ਫੌਜ ਉਸ ਦੇ ਪਿੱਛੇ ਸੀ। ਰਣਜੀਤ ਸਿੰਘ, ਕਿਲ੍ਹੇ ਦੀ ਫਸੀਲ ਦੇ ਧੁਰ ਉੱਪਰ ਤੱਕ ਝਾਕਿਆ। ਮਿਆਨ ਵਿਚੋਂ ਤਲਵਾਰ ਖਿੱਚ ਲਈ। ਸੱਜੀ ਬਾਂਹ ਹਵਾ ਵਿਚ ਤਣ ਗਈ। ਸਿਪਾਹੀਆਂ ਨੂੰ ਹਵਾ ਵਿਚ ਲਹਿਰਦੀ ਤਲਵਾਰ ਦਿਸੀ । ਫਿਰ ਸਭਨਾਂ ਨੂੰ ਰਣਜੀਤ ਸਿੰਘ ਦੀ ਗਰਜ ਸੁਣੀ:
-ਓ, ਅਹਿਮਦਸ਼ਾਹ ਅਬਦਾਲੀ ਦੇ ਪਤਰੇ, ਬਾਹਰ ਆ। ਸਰਦਾਰ ਚੜ੍ਹਤ ਸਿੰਘ: ਦਾ ਪੋਤਰਾ ਆ ਗਿਆ ਹੈ। ਉਸ ਨਾਲ ਸੂਰਮਿਆਂ ਵਾਂਗ ਦੋ-ਦੋ ਹੱਥ ਕਰਕੇ ਵੇਖ।"
ਅੰਦਰੋਂ ਕੋਈ ਜਵਾਬ ਨਾ ਆਇਆ।
ਪੂਰੀ ਫੌਜ ਨੇ ਜੈਕਾਰੇ ਛੱਡਦਿਆਂ, ਲਾਹੌਰ ਦੀਆਂ ਕੰਧਾ ਹਿਲਾ ਦਿੱਤੀਆਂ। ਫਿਰ ਸਿੰਘਾਂ ਨੇ ਕਿਲ੍ਹੇ ਨੂੰ ਘੇਰਾ ਪਾ ਲਿਆ।
ਉਸ ਸਮੇਂ ਕਿਸੇ ਨੂੰ ਵੀ ਇਲਮ ਨਹੀਂ ਸੀ, ਜ਼ਮਾਨ ਸ਼ਾਹ ਦੇ ਭਰਾ ਸੁਲਤਾਨ ਮਹਿਮੂਦ ਨੇ, ਈਰਾਨ ਦੇ ਸ਼ਾਹ ਨਾਲ ਮਿਲ ਕੇ, ਫਿਰ ਕਾਬਲ ਉੱਪਰ ਹਮਲਾ ਕਰ ਦਿੱਤਾ ਹੈ। ਭਾਵੇਂ ਜਮਾਨ ਸ਼ਾਹ ਨੂੰ, ਕਸੂਰ ਦੇ ਨਵਾਬ ਨੇ ਸਿੱਖਾਂ ਵਿਰੁੱਧ ਡਟੇ ਰਹਿਣ ਲਈ ਹਰ ਤਰ੍ਹਾਂ ਦੀ ਮਦਦ ਲਈ ਪੇਸ਼ਕਸ਼ ਕਰ ਦਿੱਤੀ ਸੀ, ਪਰ ਅੱਧੀ ਰਾਤ ਨੂੰ ਜ਼ਮਾਨ ਸ਼ਾਹ ਆਪਣੀ ਖ਼ਾਸ ਫੌਜ ਲੈ ਕੇ ਕਿਲ੍ਹੇ ਦੇ ਪਿਛਲੇ ਦਰਵਾਜ਼ਿਓਂ ਨਿਕਲ ਗਿਆ। ਕਸੂਰ ਦੇ ਨਵਾਬ ਨਿਜ਼ਾਮ-ਉਦ-ਦੀਨ ਦੀ ਪੇਸ਼ਕਸ਼ ਠੁਕਰਾ ਦਿੱਤੀ। ਉਸ ਨੂੰ ਡਰ ਸੀ, ਪੰਜਾਬ ਉੱਪਰ ਕਬਜ਼ਾ ਕਰਦਾ ਕਰਦਾ ਮੈਂ ਕਾਬਲ ਵੀ ਨਾ ਖੁਹਾ ਲਵਾਂ।
ਦਿਨ ਚੜ੍ਹੇ ਜਿਵੇਂ ਹੀ ਕਿਲ੍ਹੇ ਦੇ ਅੰਦਰਲੇ ਹਾਲਾਤ ਬਾਰੇ ਜਾਣਕਾਰੀ ਮਿਲੀ। ਸਰਦਾਰ ਘੇਰਾ ਛੱਡ ਕੇ ਵਾਪਸ ਮੁੜਨ ਲੱਗੇ। ਪੱਟਿਆ ਕੀ ? ਰਣਜੀਤ ਸਿੰਘ ਚੇਰਾਨ ਹੋਇਆ। ਉਸ ਨੇ ਸਰਦਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਹ ਰੁਕੇ ਨਾ। ਰਣਜੀਤ ਸਿੰਘ ਨੇ ਕਿਹਾ, 'ਮੈਂ ਜ਼ਮਾਨ ਸ਼ਾਹ ਦਾ ਪਿੱਛਾ ਕਰਾਂਗਾ।
ਸਦਾ ਕੌਰ ਨੇ ਰੋਕਿਆ, 'ਕਾਕਾ ਜੀ, ਇਹ ਸਹੀ ਨਹੀਂ ਹੋਣਾ।'
ਰਣਜੀਤ ਸਿੰਘ ਨਹੀਂ ਮੰਨਿਆ। ਉਸ ਨੇ ਆਪਣੀ ਫ਼ੌਜ ਨੂੰ ਜ਼ਮਾਨ ਸ਼ਾਹ ਦਾ ਫੋਰਨ ਪਿੱਛਾ ਕਰਨ ਦਾ ਹੁਕਮ ਦਿੱਤਾ ਤੇ ਬਿਨਾਂ ਦੇਰੀ ਕੀਤਿਆਂ, ਬਿਨਾਂ ਰੁਕਿਆ।
ਜ਼ਮਾਨ ਸ਼ਾਹ ਦੀ ਫੌਜ ਦੇ ਪਿੱਛੇ ਲੱਗ ਗਿਆ। ਜ਼ਮਾਨ ਸ਼ਾਹ ਦੀ ਡਰਦੀ ਫੌਜ ਅੱਗੇ ਅੱਗੇ ਦੌੜ ਪਈ। ਰਣਜੀਤ ਸਿੰਘ ਨੇ ਸਿੰਧ ਤੱਕ ਫੌਜ ਦਾ ਪਿੱਛਾ ਕੀਤਾ। ਜ਼ਮਾਨ ਸ਼ਾਹ ਜਿਹੜੇ ਜੋਸ਼ ਨਾਲ ਪੰਜਾਬ ਉੱਪਰ ਚੜ੍ਹਾਈ ਕਰਨ ਗਿਆ ਸੀ, ਉਸ ਨਾਲੋਂ ਦੂਣੀ ਨਮੋਸ਼ੀ ਨਾਲ ਵਾਪਸ ਮੁੜਿਆ।
ਸਦਾ ਕੌਰ, ਹਰ ਸਮੇਂ ਸਾਵਧਾਨ ਰਹਿਣ ਦੀ ਨਸੀਹਤ ਕਰਕੇ ਬਟਾਲੇ ਚਲੀ ਗਈ ਤੇ ਰਣਜੀਤ ਸਿੰਘ ਜ਼ਮਾਨ ਸ਼ਾਹ ਵੱਲੋਂ ਬਰਬਾਦ ਕੀਤੇ ਗੁੱਜਰਾਂਵਾਲੇ ਦੇ ਕਿਲ੍ਹੇ ਦੀ ਮੁਰੰਮਤ ਕਰਵਾਉਣ ਲੱਗ ਗਿਆ।
ਜਮਾਨ ਸਾਹ ਖਿੱਝਦਾ, ਕਰਿਝਦਾ ਆਪਣੇ ਸੈਨਾਪਤੀ ਅਤੇ ਸਿਪਾਹੀਆਂ ਦੀ ਨਲਾਇਕੀ ਨੂੰ ਕਸਦਾ, ਕਾਬਲ ਜਾ ਕੇ ਘਰੇਲੂ ਜੰਗ ਵਿਚ ਉਲਝ ਗਿਆ। ਉਸ ਦਾ ਅੰਨ੍ਹਾ ਭਰਾ ਹਮਾਯੂੰ ਅਤੇ ਮਤਰੇਆ ਸੁਲਤਾਨ ਮਹਿਮੂਦ ਉਸ ਲਈ ਸਿਰਦਰਦੀ ਬਣ ਗਏ। ਉਹ ਪਰੇਸਾਨ ਹੋ ਗਿਆ। ਇਸ ਤਰ੍ਹਾਂ ਤਾਂ ਉਹ ਆਪਣਾ ਇਲਾਕਾ ਵੀ ਖੁਹਾ ਬਹੇਗਾ। ਉਸ ਨੂੰ ਫਿਕਰ ਹੋਇਆ। ਉਸ ਨੇ ਸਿੱਖਾਂ ਨਾਲ ਦੋਸਤੀ ਦਾ ਹੱਥ ਵਧਾਉਣ ਦੀ ਚਾਲ ਖੇਡਣ ਦਾ ਇਰਾਦਾ ਬਣਾਇਆ। ਸਿੱਖਾਂ ਨਾਲ ਲੜ ਕੇ ਉਸ ਨੇ ਵੇਖ ਲਿਆ ਸੀ। ਉਹ ਜਾਣ ਗਿਆ-'ਇਹ ਕਾਫ਼ਰ ਮੇਰੇ ਕਾਬੂ ਨਹੀਂ ਆਉਣੇ।' ਇਸ ਵਾਰ, ਵਾਪਸ ਮੁੜਦੀਆਂ ਉਸ ਦੀਆਂ ਫੌਜਾਂ, ਰਣਜੀਤ ਸਿੰਘ ਦਾ ਪਿੱਛਾ ਕਰਦੀ ਫੌਜ ਤੋਂ ਘਬਰਾਈਆਂ, ਆਪਣੀਆਂ ਤੋਪਾਂ ਜੇਹਲਮ ਦਰਿਆ ਵਿਚ ਹੀ ਛੱਡ ਕੇ ਭੱਜ ਆਈਆਂ ਸਨ। ਇਸ ਘਟਨਾ ਨੇ ਵੀ ਜ਼ਮਾਨ ਸ਼ਾਹ ਦੀ ਨੀਂਦ ਹਰਾਮ ਕੀਤੀ ਹੋਈ ਸੀ। ਲੰਮੀ ਸੋਚ-ਵਿਚਾਰ ਪਿੰਡ, ਉਸ ਨੇ ਆਪਣੇ ਦੂਤ ਰਣਜੀਤ ਸਿੰਘ ਵੱਲ ਭੇਜਣ ਦਾ ਫੈਸਲਾ ਕਰ ਲਿਆ।
ਇਸ ਸਮੇਂ ਰਣਜੀਤ ਸਿੰਘ ਆਪਣੀ ਗੜ੍ਹੀ ਨੂੰ ਮਜ਼ਬੂਤ ਕਰਨ ਅਤੇ ਮੁਰੰਮਤ ਕਰਨ ਵਿਚ ਰੁਝਿਆ ਹੋਇਆ ਸੀ। ਇਕ ਪਹਿਰੇਦਾਰ ਨੇ ਆਣ ਕੇ ਦੱਸਿਆ-'ਖਾਲਸਾ ਜੀ ਲਾਹੌਰ ਤੇ ਕੁਝ ਪਤਵੰਤੇ ਤੁਸਾਂ ਨੂੰ ਮਿਲਣਾ ਚਾਹਵਦੇ ਨੇ।
-ਹਥਿਆਰਬੰਦ ਨੇ ਜਾਂ ਖਾਲੀ ਹੱਥ ਨੇ ? ਰਣਜੀਤ ਸਿੰਘ ਨੇ ਪੁੱਛਿਆ।
-ਖਾਲੀ ਹੱਥ ਨੇ ਜੀ।' ਪਹਿਰੇਦਾਰ ਨੇ ਦੱਸਿਆ।
-ਅੰਦਰ ਲੈ ਆ ਔਰ ਜਲ ਪਿਲਾ।
ਪਹਿਰੇਦਾਰ ਮੁੜ ਗਿਆ।
ਕੁਝ ਦੇਰ ਬਾਅਦ ਰਣਜੀਤ ਸਿੰਘ ਜਦ ਉਹਨਾਂ ਪਾਸ ਗਿਆ ਤਾਂ ਕਿਸੇ ਨੇ ਸਲਾਮ ਤੁਲਾਈ, ਕਿਸੇ ਨੇ ਪ੍ਰਣਾਮ ਕਿਹਾ, ਇਕ ਨੇ ਫਤੇਹ ਬੁਲਾਈ। ਵਡੇਰੀ ਉਮਰ ਦੇ ਤਾਵਸ਼ਾਲੀ ਬੰਦਿਆਂ ਸਾਹਮਣੇ ਰਣਜੀਤ ਸਿੰਘ ਨੂੰ ਝਿਜਕ ਜਿਹੀ ਮਹਿਸੂਸ ਹੋਈ। ਫਿਰ ਵੀ ਹੱਥ ਜੋੜ ਕੇ ਕਿਹਾ-'ਕਹੋ ਏਥੇ ਆਣ ਦੀ ਤਕਲੀਫ ਕਿਉਂ ਉਠਾਣੀ ਪਈ ?'
-ਸਿੰਘ ਜੀ, ਮੇਰਾ ਨਾਮ ਮੁਹੰਮਦ ਆਸ਼ਕ ਈ-ਸਭ ਤੋਂ ਵਡੇਰੀ ਉਮਰ ਦਾ ਬੰਦਾ ਫੋਲਿਆ-'ਇਹ ਮੇਰੇ ਨਾਲ ਚੌਧਰੀ ਮੋਹਕਮ ਦੀਨ ਨੇ। ਇਹਨਾਂ ਦਾ ਲਾਹੌਰ ਵਿਚ ਹੜਾ ਰਸੂਖ਼ ਏ। ਇਹ ਮੁਹੰਮਦ ਸਲੀਮ ਨੇ-ਤੇ ਆਹ ਸਰਦਾਰ ਮੰਗਲ ਸਿੰਘ ਨੇ, ਇਹ ਮੋਹਰ ਸਿੰਘ ਦੇ ਨਾਇਬ ਨੇ। ਅਸੀਂ ਲਾਹੌਰ ਦੇ ਬਸ਼ਿੰਦਿਆਂ ਵੱਲੋਂ ਤੁਸਾਂ ਕੋਲ ਇਕ ਫਰਿਆਦ ਲੈ ਕੇ ਆਏ ਆਂ... !
-ਫਰਿਆਦਾ ਸੁਣਨ ਦਾ ਮੇਰਾ ਕੋਈ ਹੱਕ ਤਾਂ ਹੋ ਨਈ..।' ਰਣਜੀਤ ਸਿੰਘ ਨੇ ਕਿਹਾ।
-ਇਸ ਤਰ੍ਹਾਂ ਨਾ ਆਖੋ ਸਿੰਘ ਜੀ। ਅਸੀਂ ਬੜੀ ਆਸ ਲੈ ਕੇ ਆਏ ਆਂ। ਅਸੀਂ ਲਾਹੌਰ ਦੇ ਹਾਕਮਾਂ ਤੋਂ ਬੜੇ ਦੁੱਖੀ ਆਂ। ਸਾਰਾ ਲਾਹੌਰ ਈ ਤੰਗ ਏ। ਧੱਕੇ ਨਾਲ ਲਗਾਨ ਉਗਰਾਹਦੇ ਪਏ ਨੇ। ਬਿਨਾਂ ਕਸੂਰ ਸ਼ਰੀਰਾਂ ਨੂੰ ਕੈਦ ਵਿਚ ਸੁੱਟ ਦੇਂਦੇ ਨੇ। ਸਾਡੀ ਬਾਂਹ ਫੜੋ...
ਹੁਣ ਮੰਗਲ ਸਿੰਘ ਉੱਠ ਕੇ ਖੜ੍ਹਾ ਹੋ ਗਿਆ- ਖਾਲਸਾ ਜੀ ਬੇਨਤੀ ਹੈ,-ਮੈਂ ਭਾਵੇਂ ਮੋਹਰ ਸਿੰਘ ਦੇ ਅਧੀਨ ਕੰਮ ਕਰਦਾ ਰਿਹਾ ਵਾਂ। ਪਰ ਚੇਤ ਸਿੰਘ ਔਰ ਮੋਹਰ ਸਿੰਘ ਦੇ ਜਲਮਾਂ ਤੋਂ ਦੁਖੀ ਆ। ਤਿੰਨਾਂ ਸਰਦਾਰਾਂ ਨੇ ਲਾਹੌਰ ਦਾ ਅਮਨ ਵਿਗਾੜ ਛੱਡਿਐ। ਸਾਰਾ ਸਮਾਂ ਸ਼ਰਾਬਾਂ ਪੀਣ 'ਚ ਬਰਬਾਦ ਕਰਦੇ ਨੇ। ਉਹਨਾਂ ਦੀ ਫੌਜ ਜਦ ਜੀ ਕਰੋ ਸ਼ਹਿਰ 'ਚ ਆਣ ਵੜਦੀ ਏ। ਲੁੱਟ-ਮਾਰ ਕਰਦੀ ਏ ਤੇ ਬਹੂ-ਬੇਟੀਆਂ ਨੂੰ ਧੱਕੇ ਨਾਲ ਲੈ। ਖੜਦੇ ਨੇ। ਪੂਰੇ ਸ਼ਹਿਰ 'ਚ ਹਾਹਾਕਾਰ ਮੱਚੀ ਹੋਈ ਸੁ। ਸਾਡੀ ਰੱਖਿਆ ਕਰੇ। ਉਸ ਨੇ ਹੱਥ ਜੋੜੇ।
-ਚੇਤ ਸਿੰਘ ਤੇ ਮੇਹਰ ਸਿੰਘ ਤਾਂ ਕਿਲ੍ਹਾ ਛੱਡ ਕੇ ਦੌੜ ਗਏ ਸਨ. ?' ਰਣਜੀਤ ਸਿੰਘ ਨੇ ਹੈਰਾਨੀ ਨਾਲ ਪੁੱਛਿਆ।
ਚੌਧਰੀ ਮੋਹਕਮ ਦੀਨ ਬੋਲਿਆ- ਸਿੰਘ ਸਾਹਬ, ਧਾਅਡੀਆਂ ਫੋਜਾਂ ਵੇਖ ਕੇ ਦੁਰਾਨੀ ਰਾਤ ਵੇਲੇ ਕਿਲ੍ਹਾ ਖਾਲੀ ਕਰ ਗਏ ਸਨ, ਤੁਸਾਂ ਉਹਨਾਂ ਪਿੱਛੇ ਫੌਜ ਲਾ ਲਈ। ਦੂਜੇ ਸਰਦਾਰ ਆਪਣੀਆਂ ਮਿਸਲਾਂ ਵੱਲ ਪਰਤ ਗਏ। ਚੇਤ ਸਿੰਘ-ਮੋਹਰ ਸਿੰਘ ਹੋਰਾਂ ਨੂੰ ਮੌਕਾ ਮਿਲ ਗਿਆ, ਫੇਰ ਕਿਲ੍ਹੇ ਅੰਦਰ ਆ ਵੜੇ। ਬੱਸ ਉਦੋਂ ਤੋਂ ਹੀ ਲਾਹੌਰ ਦੇ ਨੱਕ 'ਚ ਦਮ ਕੀਤਾ ਹੋਇਆ ਜੇ। ਉਸ ਦੀਆ ਅੱਖਾਂ ਵਿਚ ਅੱਥਰੂ ਆ ਗਏ।
ਸੁਣ ਕੇ ਰਣਜੀਤ ਸਿੰਘ ਸੋਚੀਂ ਪੈ ਗਿਆ। ਉਸ ਦੀ ਅੱਖ ਬੇਚੈਨ ਹੋ ਗਈ। ਮੁਸਲਮਾਨਾਂ ਦੀ ਇਹ ਚਾਲ ਹੀ ਨਾ ਹੋਵੇ। ਸਿੱਖਾਂ ਨੂੰ ਸਿੱਖਾਂ ਨਾਲ ਭਿੜਾ ਦੇਣ। ਕੀ ਪਤਾ ਜ਼ਮਾਨ ਸ਼ਾਹ ਵੱਲੋਂ ਹੀ ਇਹਨਾਂ ਰਾਹੀਂ ਕੋਈ ਨਵਾਂ ਜੰਗੀ-ਦਾਅ ਖੇਡਿਆ ਜਾ ਰਿਹਾ ਹੋਵੇ।. ਰਣਜੀਤ ਸਿੰਘ ਨੂੰ ਸੋਚੀਂ ਪਿਆ ਵੇਖ ਕੇ ਮੁਹੰਮਦ ਆਸ਼ਕ ਨੇ ਕਿਹਾ, 'ਸਿੰਘ ਜੀ, ਸਾਡੀ ਮਦਦ ਕਰੋ। ਅਸੀ, ਲਾਹੌਰ ਵਾਸੀਆਂ ਵੱਲੋਂ ਤੁਸਾਂ ਨੂੰ ਸੱਦਾ ਦੇਣ ਆਏ ਆਂ। ਲਾਹੌਰ ਉੱਪਰ ਕਬਜ਼ਾ ਕਰੋ, ਅਸੀਂ ਧਾਅਡੇ ਨਾਲ ਆਂ।
ਗੱਭਰੂ ਰਣਜੀਤ ਸਿੰਘ ਦੇ ਜ਼ਿਹਨ ਵਿਚ ਫਿਰ ਲਾਹੌਰ ਦੇ ਕਿਲ੍ਹੇ ਅੰਦਰਲਾ ਦ੍ਰਿਸ਼ ਘੁੰਮ ਗਿਆ। ਬਟਾਲੇ ਜਾਂਦਿਆ ਜਦ ਚੇਤ ਸਿੰਘ ਹੋਰਾਂ ਹੀ ਉਸ ਦਾ ਕਿਲ੍ਹੇ ਵਿਚ ਸਵਾਗਤ ਕੀਤਾ ਸੀ। ਉਦੋਂ ਰਣਜੀਤ ਸਿੰਘ ਨੇ ਮਨ ਵਿਚ ਹੀ ਕਿਹਾ ਸੀ-'ਕਾਸ਼! ਮੈਂ ਇਸ ਕਿਲ੍ਹੇ ਦਾ ਮਾਲਕ ਹੋਵਾਂ । ਹੁਣ ਲਾਹੌਰ ਵਾਲੇ ਖੁਦ ਸੱਦਾ ਦੇਣ ਆਏ ਨੇ। ਪਰ ਉਹ ਏਨਾ ਕਾਹਲਾ ਨਹੀਂ ਸੀ ਪੈਣਾ ਚਾਹੁੰਦਾ। ਉਸ ਨੇ ਕਿਹਾ, 'ਤੁਸੀਂ ਮੈਥੋਂ ਵੱਡੇ ਜੇ।
ਤੁਸਾਂ ਦਾ ਦੁੱਖ ਸੁਣ ਕੇ ਮੈਨੂੰ ਬੜੀ ਤਕਲੀਫ਼ ਪੁੱਜੀ ਏ। ਸਾਡਾ ਭਰੋਸੇਮੰਦ ਬੰਦਾ ਅਬਦੁਰ- ਰਹਿਮਾਨ ਤੁਸਾਂ ਨਾਲ ਜਾ ਕੇ ਸ਼ਹਿਰ ਦੇ ਹਾਲਾਤਾਂ ਦਾ ਅੰਦਾਜ਼ਾ ਲਵੇਗਾ। ਅਸੀਂ ਜ਼ਰੂਰ ਮਦਦ ਕਰਾਂਗੇ।
ਸਾਰੇ ਖੁਸ਼ ਹੋ ਗਏ। ਰਣਜੀਤ ਸਿੰਘ ਦਾ ਸ਼ੁਕਰੀਆ ਅਦਾ ਕੀਤਾ।
ਰਣਜੀਤ ਸਿੰਘ ਨੇ ਵੱਖ ਕਰਕੇ ਅਬਦੁਰ-ਰਹਿਮਾਨ ਨੂੰ ਖ਼ਬਰਦਾਰ ਕੀਤਾ-ਹਰ ਪੱਖੋਂ ਜਾਣਕਾਰੀ ਹਾਸਲ ਕਰਨੀ ਹੈ। ਇਸ ਵਿਚ ਕੋਈ ਸਾਜ਼ਸ਼ ਤਾਂ ਨਹੀਂ ਹੈ। ਜਮਾਨ ਸ਼ਾਹ ਵੱਲੋਂ, ਜਾਂ ਕਿਲ੍ਹੇ ਦੇ ਸਰਦਾਰਾਂ ਵੱਲੋਂ ਜਾਂ ਮਿਸਲਾ ਦੇ ਸਰਦਾਰਾ ਵੱਲੋਂ। ਕੁਤਾਹੀ ਨਹੀਂ ਹੋਣੀ ਚਾਹੀਦੀ।
...
ਕਸੂਰ ਦੇ ਨਵਾਬ ਨਿਜ਼ਾਮਉਦਦੀਨ ਨੂੰ ਵੀ ਲਾਹੌਰ ਦੀ ਵਿਗੜੀ ਹਾਲਤ ਦਾ ਪਤਾ ਲੱਗ ਗਿਆ। ਉਸ ਨੇ ਫੋਰਨ ਆਪਣੇ ਏਲਚੀ, ਲਾਹੌਰ ਦੇ ਮੁਸਲਮਾਨ ਮੁਹਤਬਰਾਂ ਕੋਲ ਭੇਜੇ-ਅਗਰ ਕਸੂਰ ਦੇ ਨਵਾਬ ਨੂੰ ਲਾਹੌਰ ਉੱਪਰ ਹਮਲਾ ਕਰਨ ਲਈ ਬੁਲਾ ਲਿਆ ਜਾਵੇ ਤਾਂ ਉਹ ਕਾਫਰਾਂ ਤੋਂ ਕਿਲ੍ਹਾ ਖਾਲੀ ਕਰਵਾ ਲਏਗਾ।
ਲਾਹੌਰ ਦੇ ਪਤਵੰਤਿਆਂ ਨੇ ਕਸੂਰ ਦੇ ਨਿਜ਼ਾਮ ਦੀ ਪੇਸ਼ਕਸ਼ ਠੁਕਰਾ ਦਿੱਤੀ।
ਇਸ ਦੌਰਾਨ ਰਣਜੀਤ ਸਿੰਘ ਆਪਣੀ ਸੱਸ ਸਦਾ ਕੌਰ ਨਾਲ ਲਾਹੌਰ ਉੱਪਰ ਹਮਲਾ ਕਰਨ ਬਾਰੇ ਸਲਾਹ ਕਰਨ ਲਈ ਬਟਾਲੇ ਚਲਿਆ ਗਿਆ। ਜਦ ਉਹ ਹਵੇਲੀ ਦੀ ਚਾਰ ਦੀਵਾਰੀ ਕੋਲ ਪੁੱਜਾ, ਉਦੋਂ ਉਸ ਨੂੰ ਨੇੜੇ ਦੀ ਮਸਜਿਦ ਵਿਚੋਂ ਮਗਰਿਬ * ਵਲੋਂ ਦੀ ਨਮਾਜ਼ ਲਈ ਮੁੱਲਾਂ ਦੀ ਬਾਂਗ ਸੁਣਾਈ ਦਿੱਤੀ।
ਰਣਜੀਤ ਸਿੰਘ ਦਾ ਸਵਾਗਤ ਕਰਨ ਲਈ ਸਦਾ ਕੌਰ ਆਪ ਬਾਹਰ ਆਈ। ਮਹਿਤਾਬ ਇਹਨਾਂ ਦਿਨਾਂ ਵਿਚ ਬਟਾਲੇ ਹੀ ਸੀ। ਰਣਜੀਤ ਸਿੰਘ ਦੀ ਦੂਸਰੀ ਬਾਦੀ ਕਾਰਨ ਦੋਵੇਂ ਮਾਵਾਂ ਧੀਆਂ ਉਸ ਨਾਲ ਖ਼ਫ਼ਾ ਸਨ। ਪਰ ਹੁਣ ਘਰ ਆਇਆ ਸੀ ਤੇ ਹਵੇਲੀ ਦਾ ਜਵਾਈ ਵੀ ਸੀ। ਨੌਕਰ-ਚਾਕਰ ਉਸ ਦੀ ਸੇਵਾ ਵਿਚ ਲੱਗ ਗਏ।
ਜਦ ਰਣਜੀਤ ਸਿੰਘ ਨੇ ਆਪਣੇ ਅਚਾਨਕ ਆਉਣ ਦਾ ਕਾਰਨ ਦੱਸਿਆ ਤਾਂ ਸਦਾ ਕੌਰ ਸਾਰੇ ਗਿਲੇ ਸ਼ਿਕਵੇ ਭੁੱਲ ਗਈ। ਉਸ ਦੀਆਂ ਅੱਖਾਂ ਚਮਕ ਉੱਠੀਆਂ। ਮੇਰਾ ਜਵਾਈ ਪੰਜਾਬ ਦਾ ਰਾਜਾ ਬਣ ਸਕਦਾ ਹੈ, ਤੇ ਮਹਿਤਾਬ ਕੌਰ ਰਾਣੀ। ਉਸ ਨੇ ਤੁਰੰਤ ਫਤਿਹਗੜ੍ਹ ਦੇ ਸਰਦਾਰ ਜੈਮਲ ਸਿੰਘ ਨੂੰ ਸੱਦਾ ਭੇਜਿਆ। ਸਲਾਹ ਮਸ਼ਵਰੇ ਲਈ ਆਪਣੇ ਦੀਵਾਨ ਧਨਪਤ ਰਾਇ ਨੂੰ ਬੁਲਾਇਆ।
ਜਦ ਇਕੱਠੇ ਹੋਏ ਤਾਂ ਲਾਹੌਰ ਉੱਪਰ ਹਮਲਾ ਕਰਨ ਦੀਆਂ ਵਿਉਂਤਾਂ ਘੜੀਆਂ ਜਣ ਲੱਗੀਆਂ। ਸਾਰਿਆਂ ਦੀ ਸਾਂਝੀ ਰਾਇ ਬਣ ਗਈ। ਰਣਜੀਤ ਸਿੰਘ ਦਿੱਲੀ ਜਵਾਜੇ ਰਾਹੀਂ ਸ਼ਹਿਰ ਵਿਚ ਦਾਖ਼ਲ ਹੋਵੇਗਾ। ਰਾਣੀ ਸਦਾ ਕੌਰ ਆਪਣੀ ਫੌਜ ਲੈ ਕੇ ਨਾਹੋਗੇ ਦਰਵਾਜ਼ੇ ਰਾਹੀਂ ਅੱਗੇ ਵਧੇਗੀ।
ਠੀਕ ਇਸ ਸਮੇਂ ਰਣਜੀਤ ਸਿੰਘ ਦਾ ਖ਼ਾਸ ਵਫ਼ਾਦਾਰ ਅਬਦੁਰ ਰਹਿਮਾਨ ਵੀ ਲਾਹੌਰ ਤੋਂ ਸਾਰੀ ਸੁਹ ਲੈ ਕੇ ਬਟਾਲੇ ਆ ਪੁੱਜਾ। ਉਸ ਨੇ ਦੱਸਿਆ, 'ਸਿੰਘ ਸਾਹਬ ਲਾਹੌਰ ਵਾਲਿਆਂ ਦਾ ਸੱਦਾ ਹਕੀਕੀ ਏ। ਲਾਹੌਰ ਵਾਸੀ ਤਰਾਹ ਤਰਾਹ ਕਰ ਰਹੇ ਨੇਂ। ਏਸ ਵੇਲੇ ਸਾਹਬ ਸਿੰਘ ਲਹੌਰ ਬਾਹਰ ਈ। ਚੇਤ ਸਿੰਘ ਤੇ ਮੇਹਰ ਸਿੰਘ ਤਾਂ ਪਤਾ ਈ ਜੇ ਸ਼ਰਾਬੀ-ਕਬਾਬੀ ਹੋਣ। ਮੀਆਂ ਮੋਹਕਮ ਦੀਨ ਨੇ ਭਰੋਸਾ ਦਿੱਤਾ ਏ, ਜਿਵੇਂ ਹੀ ਸਿੰਘ ਸਾਹਬ ਦੀ ਫੌਜ ਸ਼ਹਿਰ ਵਿਚ ਦਾਖ਼ਲ ਹੋਵੇਗੀ, ਅਸੀਂ ਨਗਾਰੇ ਦੀ ਚੋਟ 'ਤੇ ਐਲਾਨ ਕਰਾਂਗੇ-ਸ਼ਹਿਰ ਸਾਡੇ ਕਬਜ਼ੇ ਹੇਠ ਏ ਔਰ ਅਸੀਂ ਸ਼ਾਲਾਮਾਰ ਬਾਗ ਲਾਗੋ ਸਿੰਘ ਸਾਹਬ ਨੂੰ ਮਿਲਾਂਗੇ। ਸ਼ਾਹ ਆਲਮੀ ਔਰ ਲਾਹੌਰੀ ਗੇਟ ਫੌਜ ਦੇ ਦਾਖ਼ਲੇ ਲਈ ਖੋਹਲ ਦਿਆਂਗੇ। ਪਹਿਰੇਦਾਰ ਖਰੀਦ ਲਏ ਹੋਣ ।
ਸੁਣਦਿਆਂ ਹੀ ਰਣਜੀਤ ਸਿੰਘ ਦੀ ਮੋਟੀ ਅੱਖ ਸੱਜ ਖੱਬੇ ਘੁੰਮਦੀ ਚਮਕ ਉੱਠੀ ਤੇ ਚਿਹਰੇ ਉੱਪਰਲੇ ਮਾਤਾ ਦੇ ਦਾਗ ਮਘ ਕੇ ਡਾਂਬੇ ਰੰਗੇ ਹੋ ਗਏ।
-ਅਕਾਲ ਪੁਰਖ ਸਹਾਏ'-ਜੇਸ਼ ਵਿਚ ਆਈ ਸਦਾ ਕੌਰ ਨੇ ਉੱਠ ਕੇ ਬੁਲੰਦ ਆਵਾਜ਼ ਵਿਚ ਕਿਹਾ।
ਫਿਰ ਬਿਨਾਂ ਦੇਰੀ ਤੋਂ ਹਮਲਾ ਕਰਨ ਦਾ ਫੈਸਲਾ ਕੀਤਾ। ਸਦਾ ਕੌਰ ਨੇ ਆਪਣੇ ਸੈਨਾਪਤੀ ਨੂੰ ਤਲਬ ਕਰ ਲਿਆ। ਰਣਜੀਤ ਸਿੰਘ ਫੌਜ ਨੂੰ ਤਿਆਰ ਕਰਨ ਲਈ ਗੁੱਜਰਾਂ ਵਾਲੇ ਨੂੰ ਚਲਿਆ ਗਿਆ।
ਅਗਲੇ ਦਿਨ ਸੈਨਾ ਟੁਕੜੀਆ ਹਰਕਤ ਵਿਚ ਆ ਗਈਆਂ। ਘੋੜਿਆਂ ਉੱਪਰ ਕਾਠੀਆਂ ਕੱਸੀਆਂ ਗਈਆਂ। ਬਾਰੂਦ ਸਿੱਕਾ ਕੰਡਾਰਾਂ ਵਿਚੋਂ ਬਾਹਰ ਆ ਗਿਆ। ਲਾਗਰੀਆਂ ਆਪਣਾ ਰਾਸ਼ਨ, ਬਾਲਣ ਤੇ ਹੋਰ ਨਿੱਕ-ਸੁੱਕ ਇਕੱਠਾ ਕਰ ਲਿਆ। ਲੁਹਾਰਾਂ ਆਪਣੇ ਸੰਦ ਸਾਂਭ ਲਏ।
ਮੌਸਮ ਬੜਾ ਹੁੰਮਸ ਭਰਿਆ ਸੀ। ਗਰਮੀ ਝੁਲਸਵੀ ਤੇ ਸਾੜ ਪਾਉਣ ਵਾਲੀ ਸੀ। ਕੂਚ ਕਰਦੀ ਫੌਜ ਵੇਖ ਕੇ ਪਿੰਡਾ ਵਾਲੇ ਲੋਕ ਡਰ ਗਏ ਤੇ ਆਪਣੀਆਂ ਭੇਡਾਂ, ਬੱਕਰੀਆਂ ਤੇ ਮੁਰਗੀਆਂ ਨੂੰ ਛੁਪਾਉਣ ਲੱਗੇ।
ਜਦੋਂ ਦੋਵੇਂ ਵਜਾਂ ਇਕੱਠੀਆਂ ਹੋਈਆਂ ਤਾਂ ਰਣਜੀਤ ਸਿੰਘ ਨੇ ਕਿਹਾ-'ਅੱਜ ਮੁਹੱਰਮ ਦਾ ਆਖ਼ਰੀ ਦਿਨ ਜੇ । ਸ਼ਹਿਰ ਦੇ ਲੋਕ ਦਿਨ ਭਰ ਦੇ ਵਿਖਾਵਿਆਂ ਔਰ ਜਲੂਸਾਂ ਤੋਂ ਥੱਕੇ ਹੋਵਣਗੇ। ਤਾਜੀਏ ਕੱਢਦੇ, ਪਿੱਟਦੇ ਰਾਤ ਪੈਣ ਤੋਂ ਪਹਿਲਾਂ ਹੀ ਟਿੱਕ ਜਾਣਗੇ। ਪੂਰਾ ਲਾਹੌਰ ਕਬਰਾਂ ਵਾਂਗ ਚੁੱਪ ਹੋਵੇਗਾ ਤੇ ਅਸੀ ਉਹਨਾਂ ਦੇ ਸੁੱਤਿਆਂ ਸੁੱਤਿਆ ਲਾਹਰੇ ਦੀ ਤਕਦੀਰ ਬਦਲ ਦੇਆਂਗੇ।' ਤੇ ਜੈਕਾਰਿਆਂ ਦੀ ਗੂੰਜ ਵਿਚ ਫੌਜ ਨੇ ਲਾਹੌਰ ਵੱਲ ਕੂਚ ਕਰ ਦਿੱਤਾ।