ਹਿੰਦੁਸਤਾਨ ਤੇ ਖ਼ਾਸ ਕਰਕੇ ਪੰਜਾਬ ਦੀ ਧਰਤੀ ਹੋਣੀਆਂ ਭਰਪੂਰ ਰਹੀ ਹੈ। ਪੰਜਾਬ ਦੀ ਸਰ-ਜ਼ਮੀਨ, ਨਦੀਆਂ, ਪਹਾੜ ਅਤੇ ਚਰਾਗਾਹਾਂ ਨੇ ਧਾੜਵੀਆਂ ਨੂੰ ਏਧਰ ਆਉਣ ਲਈ ਪ੍ਰੇਰਿਆ। ਕਦੇ ਏਥੇ ਸੱਤ ਦਰਿਆ ਵਗਦੇ ਸਨ। ਸਿੰਧ, ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ ਤੇ ਸਰਸਵਤੀ। ਪੰਜਾਬ ਦਾ ਨਾਮ ਵੀ 'ਸਪਤ- ਸਿੱਧੂ' ਸੀ। ਸਮੇਂ ਦੇ ਨਾਲ ਸਿੰਧ ਦਰਿਆ ਹੌਲੀ-ਹੌਲੀ ਖਿਸਕਦਾ, ਇਸ ਖਿੱਤੇ ਵਿਚੋਂ ਪਰ੍ਹੇ ਹੁੰਦਾ ਗਿਆ ਤੇ ਸਰਸਵਤੀ ਨਦੀ ਵੀ ਸੁੱਕਦੀ ਸੁੱਕਦੀ ਸੁੱਕ ਗਈ। ਸਿਰਫ ਪੰਜ ਦਰਿਆ ਰਹਿ ਜਾਣ ਕਾਰਨ ਪਹਿਲਾਂ ਇਸ ਨੂੰ 'ਪੰਜ-ਨਦ'ਕਹਿਣ ਲੱਗ ਪਏ। ਅਰਥਾਂ ਦੇ ਹਾਵੀ ਹੋਣ ਨਾਲ ਇਸ ਨੂੰ 'ਪੰਜ-ਆਬ' ਕਿਹਾ ਜਾਣ ਲੱਗਾ ਤੇ ਫਿਰ ਇਸ ਦਾ ਨਾਮ 'ਪੰਜਾਬ' ਪੰਜਾਬੀ ਲੋਕਾਂ ਦੀ ਜ਼ਬਾਨ 'ਤੇ ਚੜ੍ਹ ਗਿਆ।
ਕਹਿੰਦੇ ਨੇ ਆਦਿ-ਕਾਲ ਤੋਂ ਹੀ ਲੋਕ ਇਥੇ ਵਸਦੇ ਸਨ। ਪੰਜਾਬ ਦੇ ਦਰਿਆਵਾਂ ਕਿਨਾਰੇ, ਸਭਿਆਤਾਵਾਂ ਪਰਵਾਨ ਚੜ੍ਹਦੀਆਂ ਵੀ ਰਹੀਆਂ ਤੇ ਬਰਬਾਦ ਹੁੰਦੀਆਂ ਵੀ ਰਹੀਆਂ। ਪਿਛਲੇ ਕਦਮ ਉੱਪਰ ਦਬਾ ਪਾਕੇ ਹੀ ਅਸੀਂ ਅਗਾਂਹ ਕਦਮ ਪੁੱਟ ਸਕਦੇ ਹਾਂ। ਇਸ ਤਰ੍ਹਾਂ ਆਪਣੀਆਂ ਜੜ੍ਹਾਂ ਜਾਂ ਆਪਣੇ ਇਤਿਹਾਸ ਨੂੰ ਜਾਣ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਇਤਿਹਾਸ ਦੱਸਦਾ ਹੈ, ਮੱਧ-ਏਸ਼ੀਆ ਵੱਲੋਂ ਕਿਸੇ ਹੋਰ ਤਾਕਤਵਰ ਕਬੀਲੇ ਦੇ ਭਜਾਏ ਲੋਕ, ਭੁੱਖੇ ਮਰਦੇ ਆਪਣੀ ਰੋਟੀ ਦੀ ਭਾਲ ਵਿਚ ਏਧਰ ਆਏ। ਉਹ ਆਰੀਆ ਲੋਕ ਸਨ। ਉਹਨਾਂ ਦਾ ਪਹਿਲਾ ਟਿਕਾਣਾ ਪੰਜਾਬ ਜਾਂ ਸਪਤ ਸਿੱਧੂ ਹੀ ਸੀ। ਆਰੀਆ ਲੋਕ, ਭਾਵੇਂ ਆਪਣੀਆਂ ਜਾਨਾਂ ਬਚਾ ਕੇ ਸੁਰੱਖਿਅਤ ਇਲਾਕੇ ਵਿਚ ਆਏ ਸਨ, ਪਰ ਬੜੇ ਸ਼ਾਤਰ ਸਨ। ਉਹਨਾਂ ਨੇ ਇਥੋਂ ਦੇ ਸਿੱਧੇ ਸਾਦੇ ਸਾਊ ਲੋਕਾਂ ਨੂੰ ਭਜਾ ਦਿੱਤਾ। ਰਿੱਗ ਵੇਦ ਵਿਚ ਇਸ ਦੇ ਪ੍ਰਮਾਣ ਮਿਲਦੇ ਹਨ ਕਿ 'ਆਰੀਆ ਲੋਕਾਂ ਨੇ ਕਾਲੀ ਚਮੜੀ ਵਾਲਿਆਂ ਨੂੰ ਤਾਰ ਤਾਰ ਕਰ ਦਿੱਤਾ। ਆਰੀਆ ਲੋਕਾਂ ਦੇ ਦੋ ਵੱਡੇ ਵੰਸ਼ ਸਨ, ਸੂਰਜ ਬੰਸੀ ਅਤੇ ਚੰਦਰ ਬੰਸੀ। ਸੂਰਜ ਬੰਸੀਆਂ ਵਿਚੋਂ ਰਾਜਾ ਦਸਰਥ ਤੇ ਅੱਗੇ ਉਸ ਦੇ ਪੁੱਤਰ ਰਾਮ ਚੰਦਰ ਵਗੈਰਾ ਸਨ। ਚੰਦਰ ਬੰਸੀਆਂ ਵਿਚੋਂ ਕ੍ਰਿਸ਼ਨ। ਕ੍ਰਿਸ਼ਨ ਦਾ ਜਨਮ ਅੱਜ ਤੋਂ ਲਗਭਗ 5570 ਸਾਲ ਪਹਿਲਾਂ ਦਾ ਮੰਨਿਆ ਜਾਂਦਾ ਹੈ। ਉਸ ਨੇ ਰਾਜਾ ਭੀਮਸਕ ਦੀ ਪੁੱਤਰੀ ਰੁਕਮਣੀ ਨਾਲ ਸਵੰਬਰ ਦੀ ਰਸਮ ਨਾਲ ਵਿਆਹ ਕੀਤਾ ਤੇ ਰਾਧਾ ਨਾਲ ਇਸ਼ਕ ਵਰਮਾਇਆ। ਇਕ ਮਿੱਥ ਅਨੁਸਾਰ: ਵਿਆਹ ਸਮੇਂ ਇੰਦਰ ਦੇਵਤਾ ਨੇ ਸਵਾਗਤ ਵਿਚ ਕ੍ਰਿਸ਼ਨ ਨੂੰ ਹੋਰ ਉਪਹਾਰਾਂ ਦੇ ਨਾਲ ਮੇਘਾ ਡਬਰ ਦਾ ਛੱਤਰ ਭੇਜਿਆ। ਇਹ ਵੀ ਕਿਹਾ, ਜਦ ਤੱਕ ਮੇਘਾ ਡਬਰ ਦਾ ਛੱਤਰ ਯਾਦਵਾਂ ਪਾਸ ਰਹੇਗਾ, ਉਹ ਰਾਜ ਕਰਦੇ ਰਹਿਣਗੇ।
ਪੁਰਾਣੇ ਗ੍ਰੰਥਾਂ ਅਨੁਸਾਰ ਮਹਾਂਭਾਰਤ ਯੁੱਧ ਵੇਲੇ ਯਾਦਵਾਂ ਦੀ ਗਿਣਤੀ 56 ਕਰੋੜ ਸੀ। ਯੁੱਧ ਸਮੇਂ ਯਾਦਵਵੰਸੀਆਂ ਵਿਚ ਫੁੱਟ ਪੈ ਗਈ। ਰਾਜਾ ਜਰਾਸਿੰਧ ਦੀ ਔਲਾਦ ਵਿਚੋਂ ਰਾਜਾ ਨੰਦੀ ਨੇ ਮਥਰਾ 'ਤੇ ਹਮਲਾ ਕਰ ਦਿੱਤਾ । ਕ੍ਰਿਸ਼ਨ ਦੀ ਔਲਾਦ ਨੂੰ ਹਾਰ ਹੋਈ ਤੇ ਉਸ ਨੂੰ ਮਥਰਾ ਅਤੇ ਦਵਾਰਕਾ ਵਿਚੋਂ ਕੱਢ ਦਿੱਤਾ। ਉਹਨਾਂ ਵਿਚੋਂ ਇਕ ਹਿੱਸਾ ਦੱਖਣ ਵੱਲ ਚਲਿਆ ਗਿਆ। ਉਹਨਾਂ ਨੇ ਮੈਸੂਰ ਅਤੇ ਦੇਵਗਿਰੀ ਰਿਆਸਤਾਂ ਕਾਇਮ ਕੀਤੀਆਂ। ਦੂਜੇ ਹਿੱਸੇ ਵਾਲੇ ਅਫਗਾਨਿਸਤਾਨ ਵੱਲ ਚਲੇ ਗਏ। ਇਹਨਾਂ ਵਿਚੋਂ ਗੰਧਾਰ ਦੇਵ ਨੇ ਅਫਗਾਨੀਆਂ ਨੂੰ ਹਰਾ ਕੇ ਭਜਾ ਦਿੱਤਾ ਤੇ ਗੰਧਾਰ ਨਗਰ ਵਸਾ ਲਿਆ। ਫਿਰ ਪੇਸ਼ਾਵਰ 'ਤੇ ਵੀ ਕਬਜ਼ਾ ਕਰ ਲਿਆ। ਗੰਧਾਰ ਦੇਵ ਦੇ ਪੁੱਤਰ ਰਾਜਦੇਵ ਨੇ ਗਜ਼ਨੀ ਸ਼ਹਿਰ ਵਸਾਇਆ। ਰਾਜਦੇਵ ਨੇ ਫਿਰ ਕਸ਼ਮੀਰ ਉੱਪਰ ਚੜ੍ਹਾਈ ਕੀਤੀ। ਉਥੋਂ ਦੇ ਰਾਜੇ ਗੋਕਲ ਨੇ ਆਪਣੀ ਲੜਕੀ ਦਾ ਵਿਆਹ ਗਜਦੇਵ ਨਾਲ ਕਰਕੇ ਸੁਲਾਹ ਕਰ ਲਈ। ਇਸ ਲੜਕੀ ਦੇ ਪੇਟ ਸਲਵਾਨ ਪੈਦਾ ਹੋਇਆ।
ਕੁਝ ਸਾਲਾਂ ਮਗਰੋਂ ਖੁਰਾਸਾਨ ਦੇ ਬਾਦਸ਼ਾਹ ਨੇ ਗਜ਼ਨੀ ਉੱਪਰ ਹਮਲਾ ਕਰ ਦਿੱਤਾ। ਗਜਦੇਵ ਅਤੇ ਉਸ ਦਾ ਭਰਾ ਮਾਰੇ ਗਏ। ਸਲਵਾਨ ਗਜ਼ਨੀ ਤੋਂ ਨਿਕਲ ਕੇ ਪੇਸ਼ਾਵਰ ਆ ਗਿਆ। ਇਥੇ ਉਸ ਨੇ ਸਲਵਾਨਪੁਰ ਨਗਰ ਵਸਾਇਆ। ਇਹ ਆਸ਼ਕ ਮਿਜ਼ਾਜ਼ ਅਤੇ ਅਯਾਸ਼ ਸੀ, ਇਸ ਦੀਆਂ ਬਹੁਤ ਰਾਣੀਆਂ ਅਤੇ ਰਖੇਲਾਂ ਸਨ। ਉਸਨੇ ਬੁਢਾਪੇ ਵਿਚ ਇਕ ਛੋਟੀ ਉਮਰ ਦੀ ਲੜਕੀ ਲੂਣਾਂ ਨਾਲ ਵੀ ਵਿਆਹ ਕੀਤਾ। ਕੁਝ ਸਮੇਂ ਬਾਅਦ ਸਲਵਾਨ ਨੇ ਫਿਰ ਗਜ਼ਨੀ ਜਿੱਤ ਲਿਆ ਤੇ ਆਪਣੇ ਨਾਮ ਦਾ ਸਿੱਕਾ ਚਲਾਇਆ। ਸਲਵਾਨ ਦੇ 16 ਪੁੱਤਰ ਸਨ। ਉਹਨਾਂ ਵਿਚੋਂ ਇਕ ਪੁੱਤਰ ਪੂਰਨ ਸੀ ਜਿਸ ਉੱਪਰ ਲੂਣਾਂ ਨੇ ਮਾਂ ਦੇ ਰਿਸ਼ਤੇ ਨੂੰ ਦੂਸ਼ਿਤ ਕਰਨ ਦਾ ਦੋਸ਼ ਮੜ੍ਹਿਆ। ਸਲਵਾਨ ਨੇ ਪੂਰਨ ਨੂੰ ਕਤਲ ਕਰਨ ਦਾ ਹੁਕਮ ਦਿੱਤਾ। ਜੱਲਾਦਾਂ ਨੂੰ ਬੇਕਸੂਰ ਪੂਰਨ ਉੱਪਰ ਤਰਸ ਆ ਗਿਆ। ਉਹ ਜੋਗੀਆਂ ਦੇ ਟਿੱਲੇ 'ਤੇ ਚਲਿਆ ਗਿਆ ਤੇ ਗੋਰਖ ਨਾਥ ਜੋਗੀ ਦਾ ਚੇਲਾ ਬਣ ਗਿਆ। ਸਲਵਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਰਸਾਲੂ ਗੱਦੀ ਉੱਪਰ ਬੈਠਿਆ। ਇਸ ਨੇ ਵੀ ਆਪਣੇ ਬਾਪ ਵਾਂਗ ਬਹੁਤ ਵਿਆਹ ਕੀਤੇ। ਰਾਜਾ ਸਿਰਕਮ ਦੀ ਲੜਕੀ ਕੋਕਲਾਂ ਨੂੰ 'ਚੌਪੜ ਦੇ ਪਾਸੇ' ਵਿਚ ਹਰਾ ਕੇ ਉਸ ਨੂੰ ਜਿੱਤਿਆ। ਰਸਾਲੂ ਦੇ ਕੋਈ ਔਲਾਦ ਨਾ ਹੋਈ। ਉਸ ਦੀ ਮੌਤ ਤੋਂ ਬਾਅਦ ਸਲਵਾਨ ਦਾ ਤੀਸਰਾ ਪੁੱਤਰ ਬੁਲੰਦ ਰਾਓ ਗੱਦੀ ਉੱਪਰ ਬੈਠਾ।
ਬਹੁਤ ਸਮੇਂ ਤੱਕ ਗਜ਼ਨੀ, ਅਫਗਾਨਿਸਤਾਨ ਅਤੇ ਬੁਖਾਰਾ ਉੱਪਰ ਯਾਦਵਾਂ ਦਾ ਰਾਜ ਰਿਹਾ। ਉਸ ਸਮੇਂ ਬੁੱਧ ਧਰਮ ਦਾ ਬਹੁਤ ਜ਼ੋਰ ਸੀ। ਚਗਤੂ ਦੀ ਔਲਾਦ 'ਚੁਗਤਾਈ' ਕਹਿਲਾਈ। ਇਹ ਯਾਦਵ-ਵੰਸੀਆਂ ਵਿਚੋਂ ਹੀ ਹਨ। ਚੰਗੇਜ਼ ਖਾਨ ਅਤੇ ਤੈਮੂਰ ਵੀ 'ਚੁਗਤਾਈ' ਹਨ।
ਇਤਿਹਾਸ ਗਵਾਹ ਹੈ, ਮਹਾਂਭਾਰਤ ਯੁੱਧ ਪੰਜਾਬ ਦੀ ਧਰਤੀ ਉੱਪਰ ਹੀ ਲੜਿਆ ਗਿਆ। ਇਸ ਯੁੱਧ ਪਿਛੋਂ ਏਨੀ ਤਬਾਹੀ ਹੋਈ, ਪੰਜਾਬ ਵਿਚ ਬੇ-ਵਿਸਾਹੀ ਵਾਲਾ ਮਾਹੌਲ ਬਣ ਗਿਆ। ਰਾਜਿਆਂ ਦੀ ਥਾਂ ਜਨ-ਪਦ ਬਣ ਗਏ। ਪੰਜਾਬ ਦੇ ਇਕ ਜਨਪਦ ਦਾ ਨਾਮ ਕੁਰੂ ਜਨ-ਪਦ ਸੀ। ਜਿਸ ਦਾ ਖੇਤਰ ਕੁਰਕਸ਼ੇਤਰ ਜਾਂ ਸਰਸਵਤੀ ਦਾ ਇਲਾਕਾ ਸੀ। ਦੂਸਰਾ ਜਨ-ਪਦ 'ਮਦਰ ਜਨ-ਪਦ' ਸੀ। ਇਸ ਕੋਲ ਰਾਵੀ, ਚਨਾਬ ਤੇ ਸਤਲੁਜ ਦੇ ਇਲਾਕੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਬਚਿਤ੍ਰ ਨਾਟਕ ਵਿਚ ਅਨੰਦਪੁਰ ਨੂੰ 'ਮਦਰ ਦੇਸ' ਦੇ ਖੇਤਰ ਵਿਚ ਲਿਖਿਆ ਹੈ :
'ਮਦਰ ਦੇਸ ਹਮ ਕੋ ਲੇ ਆਏ
ਪੰਜਾਬ ਵਿਚ ਬੁੱਧ ਦਾ ਜਨਮ ਈਸਾ ਤੋਂ 622 ਵਰ੍ਹੇ ਪਹਿਲਾਂ ਦਾ ਕਿਹਾ ਜਾਂਦਾ ਹੈ । ਸਿਕੰਦਰ ਦੇ ਹਮਲੇ ਤੋਂ ਪਹਿਲਾਂ, ਪੰਜਾਬ ਉੱਪਰ ਛੋਟੇ ਵੱਡੇ ਅਨੇਕਾਂ ਹਮਲੇ ਹੁੰਦੇ ਰਹੇ। ਈਰਾਨੀ ਆਏ, ਤਾਤਾਰੀ ਆਏ। ਮਿਸਰ ਦੇ ਸ਼ਾਹ ਨੇ ਵੀ ਹਮਲਾ ਕੀਤਾ। ਪਰ ਸਭ ਤੋਂ ਪ੍ਰਸਿੱਧ ਅਤੇ ਚਰਚਿਤ ਹਮਲਾ ਮਕਦੂਨੀਆਂ ਦੇ ਬਾਦਸ਼ਾਹ ਸਿਕੰਦਰ ਦਾ ਸੀ। ਜਿਸ ਦੇ ਹਮਲੇ ਪਿਛੋਂ, ਕੇਕਈ ਦੇਸ ਦੇ ਰਾਜਾ ਪੋਰਸ ਅਤੇ ਸਿਕੰਦਰ ਬਾਰੇ ਅਨੇਕਾਂ ਕਹਾਣੀਆਂ ਅਤੇ ਅਤਿ-ਕਥਨੀਆਂ ਸੁਣਨ ਨੂੰ ਮਿਲਦੀਆਂ ਹਨ। ਸਿਕੰਦਰ ਦਾ ਹਿੰਦੁਸਤਾਨ ਵਿਚ ਆਪਣਾ ਰਾਜ ਸਥਾਪਿਤ ਕਰਨ ਦਾ ਸੁਪਨਾ ਪੰਜਾਬੀਆਂ ਨੇ ਲੀਰੋ-ਲੀਰ ਕਰ ਦਿੱਤਾ। ਨਿਰਾਸ਼ ਹੋ ਕੇ ਉਹ ਪੰਜਾਬ ਵਿਚੋਂ ਹੀ ਵਾਪਸ ਮੁੜ ਗਿਆ। ਫਿਰ ਚੰਦਰ ਗੁਪਤ ਮੋਰੀਆ, ਉਸ ਦਾ ਪੁੱਤਰ ਬਿੰਦੂਸਾਰ ਤੇ ਅੱਗੋਂ ਬਿੰਦੂਸਾਰ ਦੇ ਪੋਤਰੇ ਅਸ਼ੋਕ ਨੇ ਹਿੰਦ ਅਤੇ ਪੰਜਾਬ ਦੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਸ਼ੱਕ ਅਤੇ ਕੁਸ਼ਨ ਜਾਤੀ ਨੂੰ ਵੀ ਪੰਜਾਬ ਦੀ ਸਰ-ਜ਼ਮੀਨ ਨੇ ਆਪਣੇ ਵੱਲ ਖਿੱਚਿਆ। ਕੁਸ਼ਨਾਂ ਵਿਚੋਂ ਕਨਿਸ਼ਕ ਨੇ ਤੀਹ ਸਾਲ ਏਥੇ ਰਾਜ ਕੀਤਾ ਤੇ ਪੇਸ਼ਾਵਰ ਨੂੰ ਆਪਣੀ ਰਾਜਧਾਨੀ ਬਣਾਇਆ।
ਇਸ ਵੇਲੇ ਪੰਜਾਬ ਵਿਚ ਬਹੁਤ ਕਬੀਲੇ ਬਾਗੀ ਹੋ ਗਏ ਤੇ ਉਹਨਾਂ ਨੇ ਆਪਣੇ ਆਪਣੇ ਜਨ-ਪਦ (ਲੋਕ ਰਾਜ ਸਥਾਪਤ ਕਰ ਲਏ। ਪਰ ਚੰਦਰ ਗੁਪਤ ਬਿਕ੍ਰਮਾਦਿਤਿਆ ਨੇ ਸਮੁੱਚੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ। ਇਹਨਾਂ ਤੋਂ ਬਾਅਦ ਮੁਸਲਮਾਨਾਂ ਨੇ ਪੰਜਾਬ ਅਤੇ ਹਿੰਦੁਸਤਾਨ ਦੀ ਤਕਦੀਰ ਲਿਖੀ। ਇਤਿਹਾਸਕਾਰਾਂ ਅਨੁਸਾਰ ਬਾਬਰ ਦੀ ਜਿੱਤ ਤੱਕ ਪੰਜਾਬ ਉੱਪਰ 61-62 ਵਾਰ ਹਮਲੇ ਹੋਏ। ਕਦੇ ਸਬਕੱਤਗੀਤ, ਉਸ ਦਾ ਪੁੱਤਰ ਮਹਿਮੂਦ ਗਜ਼ਨਵੀ, ਕਦੇ ਮੁਹੰਮਦ ਗੌਰੀ, ਕਦੇ ਮੰਗੋਲ। ਖ਼ੁਦ ਬਾਬਰ ਨੇ ਹਿੰਦ ਉੱਪਰ ਕਾਬਜ ਹੋਣ ਤੋਂ ਪਹਿਲਾਂ ਪੰਜ ਹਮਲੇ ਕੀਤੇ ਸਨ।
ਪੰਜਾਬ ਦਾ ਅਤੇ ਪੰਜਾਬ ਵਾਸੀਆਂ ਦਾ ਹਾਲ ਇਸ ਤਰ੍ਹਾਂ ਦਾ ਸੀ ਜਿਵੇਂ ਹਰ ਰੋਜ਼ ਝੱਖੜ ਝੁਲਦੇ ਝੁੱਗੀ-ਝੋਪੜੀ ਵਿਚ ਰਹਿਣ ਵਾਲਿਆਂ ਦਾ ਹੁੰਦਾ ਹੈ। ਕਦੇ ਧਾੜਵੀ ਉਜੜ ਜਾਂਦੇ ਸਨ, ਕਦੇ ਆਪਣੇ ਵੀ ਜਰਵਾਣੇ ਲੁੱਟ-ਖੋਹ ਕਰਦੇ ਸਨ। ਇਹ ਅਖਾਣ ਤਾਂ ਹੀ ਬਣਿਆ ਹੈ, "ਪੰਜਾਬ ਜਾਏ ਨਿੱਤ ਮੁਹਿੰਮਾਂ।"
ਤੇਰ੍ਹਵੀਂ ਸਦੀ ਦੇ ਅੰਤ ਵਿਚ, ਮੰਗੋਲਾਂ ਦੇ ਸਿਪਾਹਸਾਲਾਰ ਚੰਗੇਜ਼ ਖਾਂ ਨੇ ਪੰਜਾਬ ਅਤੇ ਹਿੰਦ ਦੀ ਅਮੀਰੀ ਅਤੇ ਸਭਿਆਚਾਰ ਨੂੰ ਤਹਿਸ-ਨਹਿਸ ਕਰ ਦਿੱਤਾ। ਲਗਭਗ ਢਾਈ ਸੌ ਸਾਲ ਤੱਕ ਪੰਜਾਬ ਮੰਗੋਲ ਧਾੜਵੀਆਂ ਹੇਠ ਵੀਰਾਨ ਹੁੰਦਾ ਅਤੇ ਉਜੜਦਾ ਰਿਹਾ। ਤੁਗਲਕ ਤੈਮੂਰ, ਲੋਧੀ ਤੱਕ ਇਸ ਧਰਤੀ ਉੱਪਰ ਰਾਜ ਕਰਨ ਦਾ ਸੁਪਨਾ ਲੈ ਕੇ ਆਉਂਦੇ ਰਹੋ।
ਗੁਰੂ ਨਾਨਕ ਦੇਵ ਦਾ ਜਨਮ 1469 ਈਸਵੀ ਵਿਚ ਹੋਇਆ। ਉਸ ਸਮੇਂ ਪੰਜਾਬ ਅੰਦਰ ਹਾਕਮ ਘੋਰ ਅਤਿਆਚਾਰ ਕਰ ਰਹੇ ਸਨ। ਕਮਜ਼ੋਰ ਅਤੇ ਗਰੀਬ ਹਰ ਪਾਸਿਓਂ ਨਪੀੜਿਆ ਜਾ ਰਿਹਾ ਸੀ। ਧੋਖਾ, ਠੱਗੀ, ਚਲਾਕੀ, ਜ਼ੁਲਮ ਦਾ ਬੋਲ- ਥਾਲਾ ਸੀ। ਮੁਸਲਮਾਨਾਂ ਦੇ ਜ਼ੁਲਮ ਤੋਂ ਡਰਦੇ ਹਿੰਦੂ ਆਪਣਾ ਧਰਮ ਬਦਲਣ ਲੱਗ ਪਏ ਸਨ। ਹਿੰਦੂਆਂ ਦੀਆਂ ਨੌਜਵਾਨ ਲੜਕੀਆਂ ਧਾੜਵੀ ਜਬਰਨ ਚੁੱਕ ਕੇ ਲੈ ਜਾਂਦੇ ਸਨ। ਇਸ ਤੋਂ ਲੜਕੀ ਨੂੰ ਜੰਮਦਿਆਂ ਹੀ ਮਾਰਨ ਦਾ ਰਿਵਾਜ਼ ਪੈ ਗਿਆ। ਸੁੰਦਰ ਲੜਕੀਆਂ ਨੂੰ ਪਾਟੇ-ਪੁਰਾਣੇ ਤੇ ਮੇਲੇ ਕੱਪੜੇ ਪਹਿਨਾ ਕੇ ਉਸ ਦੀ ਸੁੰਦਰਤਾ ਨੂੰ ਕਰੂਪ ਬਣਾਇਆ ਜਾਂਦਾ। ਉਸ ਸਮੇਂ ਇਕ ਹੋਰ ਅਖਾਣ ਪ੍ਰਚਲਤ ਹੋਇਆ, 'ਬਾਬਲ ਘਰ ਬੇਟੀ, ਗੁੱਦੜ ਲਪੇਟੀ'।
ਇਸ ਸਮੇਂ ਲੋਧੀ ਵੰਸ਼ ਪੰਜਾਬ ਉੱਪਰ ਰਾਜ ਕਰ ਰਿਹਾ ਸੀ। ਬਹਿਲੋਲ ਲੋਧੀ ਦਿੱਲੀ ਦਾ ਬਾਦਸ਼ਾਹ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸਿਕੰਦਰ ਲੋਧੀ ਤਖ਼ਤ 'ਤੇ ਬੈਠਾ। ਸਿਕੰਦਰ ਕੱਟੜ ਮੁਸਲਮਾਨ ਸੀ, ਹਿੰਦੂ ਮੰਦਰ ਢਾਹ ਦਿੱਤੇ ਗਏ। ਪੰਜਾਬ ਦੇ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਏ। ਬਾਬਰ ਅਤੇ ਇਬਰਾਹੀਮ ਲੋਧੀ ਦੀ ਟੱਕਰ ਵੇਲੇ ਤਾਂ ਅਤਿਆਚਾਰਾਂ ਦੀ ਇਤਹਾ ਹੋ ਗਈ। ਉਸ ਸਮੇਂ ਦੀ ਸਹੀ ਤਸਵੀਰ ਗੁਰੂ ਨਾਨਕ ਨੇ ਆਪਣੀ ਬਾਣੀ ਰਾਹੀਂ ਪ੍ਰਗਟ ਕੀਤੀ। ਕਲ ਕਾਤੀ ਰਾਜੇ ਕਾਸਾਈ ਧਰਮ ਪੱਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ।
ਜਾਂ
ਧਰਮੁ ਸਰਮੁ ਦੁਇ ਛਪਿ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ
ਜਾਂ
ਕਾਦੀ ਕੂੜੁ ਬੋਲਿ ਮਲੁ ਖਾਇ ਬ੍ਰਾਹਮਣ ਨਾਵੇ ਜੀਆ ਘਾਇ ਜੋਗੀ ਜੁਗਤਿ ਨਾ ਜਾਣੈ ਅੰਧੁ ਤੀਨੇ ਉਜਾੜੇ ਕਾ ਬੰਧੁ ਅਜਿਹੀ ਰਾਜਸੀ ਹਾਲਤ, ਸਮਾਜਕ ਦਸ਼ਾ ਅਤੇ ਧਾਰਮਿਕ ਅੰਧਕਾਰ ਵਿਚ, 1470 ਈਸਵੀ ਦੇ ਲਾਗੇ ਚਾਗੇ ਵੜੈਚ ਗੋਤ ਕਾਲੂ ਨਾਂ ਦਾ ਇਕ ਜੱਟ ਅੰਮ੍ਰਿਤਸਰ ਤੋਂ ਚਾਰ ਕੋਹ ਦੂਰ ਪੱਛਮ ਵੱਲ ਸਾਹਸੀ ਨਾਉਂ ਦੇ ਪਿੰਡ ਵਿਚ ਆਣ ਵਸਿਆ। ਉਹ ਕਿਧਰੋਂ ਆਇਆ ? ਧਾੜਵੀਆਂ ਨੇ ਭਜਾਇਆ ਜਾਂ ਰਾਹਮਾਰਾਂ ਤੋਂ ਆਪਣੇ ਟੱਬਰ ਦੇ ਬਚਾ ਲਈ ਏਧਰ ਆਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ।
ਇਕ ਪਾਸੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਚੱਲਦੀ ਰਹੀ। ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮ ਦਾਸ ਅੱਗੇ ਹੋਰ ਅੱਗੇ । ਦੂਸਰੇ ਪਾਸੇ ਮੁਗਲ ਰਾਜੇ, ਇਕ ਤੋਂ ਬਾਅਦ ਦੂਸਰੇ। ਪਿਉ, ਪੁੱਤਰ, ਭਰਾ ਤਖ਼ਤ ਉੱਪਰ ਕਾਬਜ਼ ਹੁੰਦੇ ਰਹੇ।
ਤੀਸਰੇ ਪਾਸੇ ਇਕ ਹੋਰ ਵੰਸ਼ ਜਿਸ ਨੇ ਪੰਜਾਬ ਦੀ ਸਰਜ਼ਮੀਨ 'ਤੇ ਆਪਣੀਆਂ ਪੈੜਾਂ ਦੇ ਡੂੰਘੇ ਨਿਸ਼ਾਨ ਛੱਡਣੇ ਸਨ, ਕਾਲੂ ਜੱਟ ਵੜੈਚ ਦਾ ਵੰਸ਼, ਜਿਨ੍ਹਾਂ ਦਾ ਕਿੱਤਾ, ਲੁੱਟਾਂ ਖੋਹਾਂ ਕਰਨੀਆਂ ਤੇ ਡਾਕੇ ਮਾਰਨਾ ਹੀ ਸੀ, ਉਹ ਵੀ ਪੀੜ੍ਹੀ-ਦਰ-ਪੀੜ੍ਹੀ ਅੱਗੇ ਹੋਰ ਅੱਗੇ ਵਧਦਾ ਗਿਆ।
ਇਸੇ ਵੰਸ਼ ਵਿਚੋਂ ਅੱਗੇ ਜਾ ਕੇ ਚੜ੍ਹਤ ਸਿੰਘ ਤੇ ਉਸ ਦੇ ਪੁੱਤਰ ਮਹਾਂ ਸਿੰਘ ਤੇ ਫਿਰ ਰਣਜੀਤ ਸਿੰਘ ਨੇ ਪੈਦਾ ਹੋਣਾ ਸੀ... ਜਿਸ ਨੇ ਮਹਾਂਬਲੀ ਰਣਜੀਤ ਸਿੰਘ ਵਜੋਂ ਪੂਰੇ ਵਿਸ਼ਵ ਵਿਚ ਆਪਣੀ ਧਾਂਕ ਜਮਾਉਣੀ ਸੀ ...
ਪਰ ਅਜੇ ਤਾਂ ਜੱਟ ਕਾਲੂ ਵੜੈਚ ਆਪਣੇ ਸਿਰ ਜੋਗੀ ਛੱਤ ਲੱਭਦਾ ਭਟਕਦਾ ਫਿਰ ਰਿਹਾ ਸੀ...। ਨਥਾਵਾਂ, ਨਿਆਸਰਾ, ਸਾਧਨਹੀਣ...।
ਪਿਆਰੇ ਪਾਠਕੋ!... ਆਓ, ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਪੁਰਖਿਆਂ ਨੂੰ ਮਿਲੀਏ........!