ਪੰਜਾਬ ਦੇ ਮਹਾਰਾਜੇ ਦੀ ਫੌਜ-ਏ-ਖ਼ਾਸ ਆਪਣੀ ਪੂਰੀ ਸ਼ਾਨੋ-ਸ਼ੌਕਤ ਨਾਲ ਲਾਹੌਰ ਦੇ ਬਜ਼ਾਰਾਂ ਵਿਚੋਂ ਦੀ ਨਿਕਲੀ ਤਾਂ ਲੋਕ ਘਰਾਂ ਦੀਆ ਛੱਤਾਂ ਉੱਪਰ ਅਤੇ ਰਸਤਿਆਂ ਦੇ ਦੋਹੀਂ ਪਾਸੀਂ ਖੜ੍ਹੇ ਅਚੰਭਤ ਹੋਏ ਦੇਖਣ ਲੱਗੇ। ਸਿਪਾਹੀਆਂ ਦੀਆਂ ਵਰਦੀਆਂ। ਸਿਰਾਂ ਉੱਪਰ ਪਗੜੀਆਂ, ਘੋੜਿਆਂ ਦੀਆਂ ਕਾਠੀਆਂ। ਮਹਾਰਾਜੇ ਦਾ ਸ਼ਿੰਗਾਰਿਆ ਹੋਇਆ ਹਾਥੀ।... ਪਿੱਛੇ ਤੋਪਾਂ, ਰਾਸ਼ਨ ਨਾਲ ਲੱਦੇ ਹੋਏ ਊਠ, ਗੱਡੇ। ਰਣਜੀਤ ਸਿੰਘ ਜਦ ਮੌਜ ਵਿਚ ਆਉਂਦਾ ਤਾਂ ਆਪਣੀ ਪਰਜਾ ਉੱਪਰ ਰੁਪਈਆਂ ਦੀਆਂ ਮੁੱਠਾਂ ਭਰ ਭਰ ਸੁੱਟਦਾ ਸੀ।
-ਮਹਾਰਾਜਾ ਦੀ ਜੇ, ਮਹਾਰਾਜਾ ਦੀ ਜੇ ।' ਦੀਆਂ ਆਵਾਜ਼ਾਂ ਸੁਣਦਿਆਂ ਰਣਜੀਤ ਸਿੰਘ ਦਾ ਚਿਹਰਾ ਖੁਸ਼ੀ ਵਿਚ ਦਮਕਣ ਲੱਗਾ।
ਸਤਲੁਜ ਪਾਰ ਦੇ ਇਲਾਕੇ ਵਿਚ ਮਾਲਵਾ ਦੇ ਛੋਟੇ ਛੋਟੇ ਰਾਜਿਆਂ ਲਈ ਫਿਰ ਬਿਪਤਾ ਆ ਗਈ। ਉਹਨਾਂ ਨੂੰ ਤੋਹਫੇ ਲੈ ਕੇ ਜਾਂ ਮਾਇਕ ਸਹਾਇਤਾ ਲੈ ਕੇ ਸਵਾਗਤ ਵਿਚ ਖੜ੍ਹਨਾ ਪਿਆ। ਵਫ਼ਾਦਾਰੀ ਦਾ ਭਰੋਸਾ ਫਿਰ ਦੇਣਾ ਪਿਆ। ਮਹਾਰਾਜੇ ਦੇ ਹਾਥੀਆਂ, ਊਠਾਂ, ਘੋੜਿਆਂ ਲਈ ਚਾਰਾ ਅਤੇ ਹੋਰ ਖ਼ੁਰਾਕ ਦਾ ਪ੍ਰਬੰਧ ਕਰਨਾ ਪਿਆ।
ਖਾਲਸਾ ਸੈਨਾ, ਪੜਾਅ ਕਰਦੀ ਕਰਦੀ ਆਖ਼ਰ ਪਟਿਆਲੇ ਦੇ ਖੇਤਰ ਵਿਚ ਪ੍ਰਵੇਸ਼ ਕਰ ਗਈ। ਰਾਣੀ ਆਸ ਕੌਰ ਨੇ ਸੀਮਾ ਉੱਪਰ ਜਾ ਕੇ ਰਣਜੀਤ ਸਿੰਘ ਦਾ ਸ਼ਾਹੀ ਸਵਾਗਤ ਕੀਤਾ। ਮਹਾਰਾਜੇ ਦੇ ਠਹਿਰਨ ਲਈ ਸੁੱਖ ਸਹੂਲਤਾਂ ਨਾਲ ਭਰਪੂਰ ਤੰਬੂ ਲਗਾਇਆ ਗਿਆ।
ਪੂਰੀ ਟਹਿਲ ਸੇਵਾ ਅਤੇ ਆਰਾਮ ਫਰਮਾਉਣ ਤੋਂ ਬਾਅਦ, ਰਾਣੀ ਆਸ ਕੌਰ ਆਪਣੇ ਪੁੱਤਰ ਕਰਮ ਸਿੰਘ ਨੂੰ ਲੈ ਕੇ ਰਣਜੀਤ ਸਿੰਘ ਪਾਸ ਆਈ। ਰਣਜੀਤ ਸਿੰਘ ਕੁਝ ਪਲ ਰਾਣੀ ਆਸ ਕੌਰ ਦੇ ਉਦਾਸ ਲੱਗ ਰਹੇ ਸੁਹੱਪਣ ਨੂੰ ਨਿਹਾਰਦਾ ਰਿਹਾ। ਆਸ ਕੌਰ ਨੇ ਵੀ ਮਹਾਰਾਜੇ ਦੇ ਚਿਹਰੇ ਵੱਲ ਤੱਕਣ ਦਾ ਹੌਸਲਾ ਕੀਤਾ, ਪਰ ਸੂਰਜ ਵਰਗੀ ਅੱਖ ਵੱਲ ਬਹੁਤਾ ਚਿਰ ਵੇਖਣ ਦਾ ਸਾਹਸ ਨਾ ਹੋਇਆ। ਨੀਵੀਂ ਪਾ ਕੇ ਬੋਲੀ :
-ਅਸੀਂ ਬੜੀ ਉਲਝਣ ਵਿਚ ਹਾਂ ਸਿੰਘ ਸਾਹਥ।
—ਤੁਸਾਂ ਦੀ ਉਲਝਣ ਨੂੰ ਸੁਲਝਾਉਣ ਲਈ ਹੀ ਖਾਲਸਾ ਸਰਕਾਰ ਲਾਹੌਰ ਤੋਂ ਆਈ ਏ।'
-ਮੈਂ ਸਰਕਾਰ ਦੀ ਸ਼ੁਕਰਗੁਜ਼ਾਰ ਹਾਂ। ਰਾਣੀ ਬੋਲੀ।
-ਮੈਨੂੰ ਜਾਪਣ ਡਿਹਾ ਜੇ, ਰਾਣੀ ਕਿਸੇ ਦੁਚਿੱਤੀ ਵਿਚ ਏ।' ਰਣਜੀਤ ਸਿੰਘ ਦੀ ਅੱਖ ਉਸ ਦੇ ਚਿਹਰੇ ਉੱਪਰ ਟਿਕੀ ਹੋਈ ਸੀ ਤੇ ਰਾਣੀ ਘਬਰਾਹਟ ਮਹਿਸੂਸ ਕਰ ਰਹੀ ਸੀ।
-ਅਜੇਹੀ ਕੋਈ ਗੱਲ ਨਹੀਂ ਹੈ, ਸਰਕਾਰ। ਆਸ ਕੌਰ ਹੈਰਾਨੀ ਨਾਲ ਰਣਜੀਤ ਸਿੰਘ ਦੇ ਚਿਹਰੇ ਵੱਲ ਝਾਕੀ।
-ਰਾਣੀ ਦੇ ਚਿਹਰੇ ਉੱਪਰ ਝਿਜਕ ਹੈ। ਰਣਜੀਤ ਸਿੰਘ ਮੁਸਕਰਾਇਆ।
-ਝਿਜਕ ਨਹੀਂ ਹੈ ਮਹਾਰਾਜ, ਡਰ ਹੈ।
-ਕਾਹਦਾ ਡਰ, ਜਦ ਅਸੀਂ ਏਥੇ ਪੁੱਜ ਹੀ ਗਏ ਹਾਂ। ਰਣਜੀਤ ਸਿੰਘ ਦੇ ਬੋਲਾਂ ਵਿਚ ਤਾਕਤ ਦਾ ਨਸ਼ਾ ਸੀ।
-ਮੇਰੀ ਇਸ ਮੰਗ ਨੂੰ ਤੁਸੀਂ ਕਿਸ ਰੂਪ ਵਿਚ ਸਮਝੋਗੇ। ਰਾਜਾ ਸਾਹਿਬ ਸਿੰਘ ਨਾਲ ਹਰ ਸਮੇਂ ਕਲੇਸ਼ ਰਹਿੰਦਾ ਹੈ। ਰਾਜ ਪ੍ਰਬੰਧ ਠੀਕ ਢੰਗ ਨਾਲ ਬਿਲਕੁਲ ਨਹੀਂ ਚੱਲ ਰਿਹਾ। ਅਹਿਲਕਾਰ ਮਨਮਾਨੀਆਂ ਕਰਨ ਲੱਗੇ ਹਨ। ਤੁਸੀਂ ਯੁਵਰਾਜ ਕਰਮ ਸਿੰਘ ਨੂੰ ਰਾਜਾ ਦੀ ਥਾਂ, ਗੱਦੀ ਉੱਪਰ ਬਿਠਾਉਣ ਦੀ ਮਦਦ ਕਰੋ।
-ਪਿਤਾ ਦੇ ਜੀਵਦਿਆਂ ਪੁੱਤਰ ਤਖਤ ਉੱਪਰ ਬੈਠੇ, ਇਹ ਅਨਿਆਂ ਹੈ ਰਾਣੀ ਜੀ / ਰਣਜੀਤ ਸਿੰਘ ਨੇ ਸਪੱਸ਼ਟ ਕੀਤਾ।
-ਫਿਰ ਕਲੇਸ਼ ਖ਼ਤਮ ਕਿਵੇਂ ਹੋਵੇ ? ਸਾਨੂੰ ਪੜੋਸੀ ਰਾਜਿਆਂ ਵੱਲੋਂ ਵੀ ਖ਼ਤਰਾ ਹੈ ਤੇ ਅੰਗਰੇਜ਼ਾਂ ਵੱਲੋਂ ਵੀ। ਰਾਣੀ ਨੇ ਆਪਣੇ ਡਰ ਦੱਸੇ।
-ਪੜੋਸੀਆਂ ਵੱਲੋਂ ਬੇਫਿਕਰ ਰਹੇ। ਉਹਨਾਂ ਵੱਲ ਮੈਂ ਜਿੰਮਾਂ ਲੈਂਦਾ ਹਾਂ। ਅੰਗਰੇਜ਼ਾਂ ਬਾਰੇ ਮੈਂ ਕੁਝ ਨਹੀਂ ਆਖ ਸਕਦਾ। ਮੈਂ ਤਾਂ ਏਹ ਵੀ ਸੁਣਿਆ ਹੈ, ਏਧਰਲੇ ਸਾਰੇ ਰਾਜੇ ਅੰਗਰੇਜ਼ਾਂ ਦੀ ਪਨਾਹ ਵਿਚ ਜਾਣ ਲਈ ਤਿਆਰ ਬੈਠੇ ਨੇ '
ਰਾਣੀ ਆਸ ਕੌਰ ਨੂੰ ਕੋਈ ਗੱਲ ਨਾ ਸੁੱਝੀ। ਉਸ ਨੇ ਨਿਰਾਸ਼ਾ ਭਰੇ ਬੋਲਾਂ ਵਿਚ ਕਿਹਾ
-ਸਮੱਸਿਆ ਤਾਂ ਫਿਰ ਉਵੇਂ ਦੀ ਉਵੇਂ ਰਹੇਗੀ, ਸਰਕਾਰ।'
-ਸਮੱਸਿਆ ਦਾ ਹੱਲ ਹੈ ਰਾਣੀ ਸਾਹਬਾਂ/ ਰਣਜੀਤ ਸਿੰਘ ਦੇ ਬੋਲਾਂ ਵਿਚ ਵਿਸ਼ਵਾਸ
ती।
ਰਾਣੀ ਇਕ ਆਸ ਜਿਹੀ ਨਾਲ ਰਣਜੀਤ ਸਿੰਘ ਵੱਲ ਝਾਕੀ।
--ਰਾਜਾ ਸਾਹਿਬ ਸਿੰਘ ਨੂੰ ਰਾਜਾ ਪ੍ਰਵਾਨ ਕਰਨਾ ਹੋਵੇਗਾ। ਕਰਮ ਸਿੰਘ ਨੂੰ ਗੁਜਾਰੇ ਲਈ 50,000 ਰੁਪਏ ਸਲਾਨਾ ਦੀ ਜਾਗੀਰ ਦਵਾ ਦਿੱਤੀ ਜਾਏਗੀ। ਰਾਣੀ ਚਾਹੇ ਪੁੱਤਰ ਪਾਸ ਰਹੇ, ਚਾਹੇ ਆਪਣੇ ਖਾਵੰਦ ਕੋਲ, ਇਹ ਰਾਣੀ ਦੀ ਮਰਜ਼ੀ ਹੋਵੇਗੀ।
ਸੁਣ ਕੇ ਆਸ ਕੌਰ ਸੋਚੀਂ ਪੈ ਗਈ। ਆਪਣੇ ਪੁੱਤਰ ਕਰਮ ਸਿੰਘ ਵੱਲ ਝਾਕੀ। ਰਣਜੀਤ ਸਿੰਘ, ਮਾਂ ਪੁੱਤਰ ਦੇ ਚਿਹਰਿਆਂ ਵੱਲ ਤਾੜਦਾ ਰਿਹਾ। ਉਹਨਾਂ ਦੇ ਮਨਾਂ ਅੰਦਰ ਹੋ ਰਹੀ ਉੱਥਲ-ਪੁੱਥਲ ਨੂੰ ਕਿਆਸਦਾ ਰਿਹਾ। ਜਦ ਕਾਫ਼ੀ ਦੇਰ ਰਾਣੀ ਕੁਝ ਨਾ ਬੋਲੀ ਤਾਂ ਰਣਜੀਤ ਸਿੰਘ ਨੇ ਕਿਹਾ, 'ਏਨਾ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੋ ਰਾਣੀ ਸਾਹਬਾਂ। ਜਲਦੀ ਵਿਚ ਕੋਈ ਫੈਸਲਾ ਨਹੀਂ ਲੈਣਾ। ਠੰਢੇ ਮਨ ਨਾਲ, ਧੀਰਜ ਨਾਲ ਸੋਚ ਕੇ ਨਿਰਣਾ ਲੈਣਾ ਹੈ।
-ਰਾਜਾ ਸਾਹਬ, ਇਹ ਤਜਵੀਜ ਮੰਨ ਲੈਣਗੇ ?' ਰਾਣੀ ਨੇ ਪੁੱਛਿਆ।
-ਪਹਿਲਾਂ ਆਪਣਾ ਫੈਸਲਾ ਦੱਸੋ, ਰਾਜਾ ਕਿਵੇਂ ਮੰਨਦਾ ਹੈ, ਇਹ ਮੇਰੇ ਉੱਪਰ ਛੱਡ ਦਿਓ।
-ਰਾਜਾ ਸਾਹਬ ਨੂੰ ਪੁੱਛ ਲਓ, ਜੇ ਉਹ ਏਸ ਫੈਸਲੇ 'ਤੇ ਰਾਜ਼ੀ ਹੁੰਦੇ ਨੇ...।'
-ਰਾਜਾ ਸਾਹਬ ਨੂੰ ਪੁੱਛਣਾ ਨਹੀਂ ਰਾਣੀ ਸਾਹਬਾਂ, ਉਸ ਨੂੰ ਹੁਕਮ ਦੇਣਾ ਹੈ, ਬੱਸ।
ਪੰਜਾਬ ਦੀ ਸਭ ਤੋਂ ਵੱਡੀ ਅਦਾਲਤ ਨੇ ਫੈਸਲਾ ਸੁਣਾ ਦਿੱਤਾ। ਰਾਣੀ ਆਸ ਕੌਰ ਰਣਜੀਤ ਸਿੰਘ ਦੇ ਚਿਹਰੇ ਉੱਪਰ ਆਏ ਜਲੋਅ ਤੋਂ ਬੜੀ ਪ੍ਰਭਾਵਿਤ ਹੋਈ। ਉਸ ਨੇ ਝੱਟ ਹਾਮੀ ਭਰਦਿਆਂ ਕਿਹਾ-ਅਸੀਂ ਰਾਜ਼ੀ ਹਾਂ।
ਰਣਜੀਤ ਸਿੰਘ ਦੀ ਅੱਖ ਦੇ ਨਾਲ-ਨਾਲ ਮੁੱਛਾਂ ਵੀ ਮੁਸਕਰਾ ਪਈਆਂ।
ਅਗਲੇ ਦਿਨ ਆਰਜ਼ੀ ਦਰਬਾਰ ਸਜਾਇਆ ਗਿਆ। ਰਣਜੀਤ ਸਿੰਘ ਦੇ ਸੱਜੇ ਖੱਬੇ ਦੋਵੇਂ ਧਿਰਾਂ ਬੈਠੀਆਂ। ਇਸ ਦੌਰਾਨ ਰਣਜੀਤ ਸਿੰਘ ਨੇ ਪਿੰਡਾਂ ਦੇ ਵੇਰਵੇ ਇਕੱਠੇ ਕਰ ਲਏ ਸਨ। ਰਣਜੀਤ ਸਿੰਘ ਨੇ ਫੈਸਲਾ ਸੁਣਾਉਂਦਿਆਂ ਕਿਹਾ।
-ਬਨੂੜ, ਮਨੀ ਮਾਜਰਾ, ਸਨੇਰ, ਬਿਸੋਲੀ ਦੇ ਪਿੰਡ ਰਾਣੀ ਆਸ ਕੌਰ ਅਤੇ ਉਸ ਦੇ ਪੁੱਤਰ ਕਰਮ ਸਿੰਘ ਨੂੰ ਗੁਜ਼ਾਰੇ ਲਈ ਦਿੱਤੇ ਜਾਂਦੇ ਹਨ।'
ਕਿਸੇ ਵੀ ਧਿਰ ਨੇ ਵਿਰੋਧ ਨਾ ਕੀਤਾ। ਸਾਹਿਬ ਸਿੰਘ ਤਾਂ ਪਹਿਲਾਂ ਹੀ ਰਣਜੀਤ ਸਿੰਘ ਤੋਂ ਭੈਅ ਖਾਂਦਾ ਸੀ। ਲਾਹੌਰ ਤੋਂ ਪਟਿਆਲੇ ਫੌਜ ਲੈ ਕੇ ਆਉਣ ਦੇ ਇਵਜ਼ਾਨੇ ਵਜੋਂ, ਰਾਜਾ ਸਾਹਿਬ ਸਿੰਘ ਨੇ ਰਣਜੀਤ ਸਿੰਘ ਨੂੰ 70,000 ਰੁਪਏ ਅਤੇ ਹੋਰ ਗਹਿਣੇ, ਹੀਰੇ ਭੇਟ ਕੀਤੇ। ਰਾਣੀ ਆਸ ਕੌਰ ਨੇ ਵੀ ਮਹਾਰਾਜੇ ਦਾ ਧੰਨਵਾਦ ਕਰਦਿਆਂ, ਪਿੱਤਲ ਦੀ ਤੋਪ ਭੇਂਟ ਕੀਤੀ।
ਦਰਬਾਰ ਵਿਚ, ਕੈਥਲ, ਸ਼ਾਹਬਾਦ, ਸ਼ਾਹਪੁਰ, ਅੰਬਾਲਾ ਦੇ ਰਾਜੇ ਵੀ ਕੀਮਤੀ ਤੋਹਫੇ ਲੈ ਕੇ ਰਣਜੀਤ ਸਿੰਘ ਨੂੰ ਪ੍ਰਣਾਮ ਕਰਨ ਆਏ ਹੋਏ ਸਨ।
ਫੈਸਲੇ ਮਗਰੋਂ ਸ਼ਾਹੀ ਦਾਅਵਤ ਦਾ ਪ੍ਰਬੰਧ ਕੀਤਾ ਗਿਆ। ਦਾਅਵਤ ਵਿਚ, ਰਾਜੇ, ਸਰਦਾਰ ਅਤੇ ਦਰਬਾਰੀ ਵੀ ਸ਼ਾਮਲ ਹੋਏ। ਸ਼ਾਹੀ ਮਹਿਮਾਨਾਂ ਦੇ ਮਨੋਰੰਜਨ ਲਈ ਲਜ਼ੀਜ ਖਾਣਿਆ ਅਤੇ ਵਧੀਆ ਸ਼ਰਾਬ ਦੇ ਨਾਲ ਨਾਲ ਸੁੰਦਰ ਨਾਚੀਆਂ ਦਾ ਪ੍ਰਬੰਧ ਵੀ ਕੀਤਾ ਗਿਆ।
ਬੀਮਾਰੀ ਤੋਂ ਬਾਅਦ ਰਣਜੀਤ ਸਿੰਘ ਨੇ ਅੱਜ ਵੈਦ ਦੀ ਸਲਾਹ ਨੂੰ ਨਕਾਰ ਦਿੱਤਾ। ਤੇ ਨਬੱਈ ਹੋ ਗਿਆ। ਉਸ ਨੇ ਆਪਣੇ ਸੈਨਾਪਤੀ, ਫਤੇਹ ਸਿੰਘ ਕਾਲਿਆਂ ਵਾਲਾ ਨੂੰ ਪੁੱਛਿਆ-'ਨਰਾਇਣਗੜ੍ਹ ਦਾ ਹਾਕਮ ਦਰਬਾਰ ਵਿਚ ਕਿਉਂ ਨਹੀਂ ਆਇਆ ?'
-ਸਰਕਾਰ, ਸਿਰਮੋਰ ਦਾ ਰਾਜਾ ਲਾਹੌਰ ਦਰਬਾਰ ਦੀ ਅਧੀਨਗੀ ਮੰਨਣ ਤੋਂ ਆਕੀ ਹੈ। ਨਰਾਇਣਗੜ੍ਹ ਉਸ ਦੇ ਅਧੀਨ ਹੈ। ਏਸ ਲਈ...।'
ਰਣਜੀਤ ਸਿੰਘ ਨੇ ਹੱਥ ਦੇ ਇਸ਼ਾਰੇ ਨਾਲ ਫਤਹ ਸਿੰਘ ਨੂੰ ਰੋਕ ਕੇ ਪੁੱਛਿਆ:
-ਅਗਰ ਨਰਾਇਣਗੜ੍ਹ ਨੂੰ ਘੇਰਨਾ ਪਵੇ, ਤੇਰੇ ਪਾਸ ਸੈਨਾ ਕਾਫੀ ਹੈ ?'
-ਇਹ ਮੇਰੇ ਉੱਪਰ ਛੱਡੇ ਸਰਕਾਰ, ਹੁਕਮ ਕਰੋ। ਫਤੇਹ ਸਿੰਘ ਨੇ ਵਫ਼ਾਦਾਰੀ ਦਿਖਾਉਂਦਿਆਂ ਕਿਹਾ।
-ਵਾਪਸੀ 'ਤੇ ਨਰਾਇਣਗੜ੍ਹ ਨੂੰ ਘੇਰ ਲਓ... ।
-ਵਾਪਸੀ ਵੇਲੇ ਕਿਉਂ ਸਰਦਾਰ, ਅਸੀਂ ਇਸੇ ਵਕਤ ਕੂਚ ਕਰਦੇ ਹਾਂ। ਅੱਧੀ ਰਾਤ ਨੂੰ ਨਰਾਇਣਗੜ੍ਹ ਘੇਰਿਆ ਹੋਵੇਗਾ। ਸਰਕਾਰ, ਇਸ ਵਾਰ ਦੀ ਪਟਿਆਲਾ ਫੇਰੀ ਸਮੇਂ ਨਰਾਇਣਗੜ੍ਹ ਦਾ ਤੋਹਫਾ, ਹਜੂਰ ਦੀ ਭੇਟਾ ਕਰਨ ਦਾ ਮਾਣ ਹਾਸਲ ਕਰਾਂਗਾ। ਫਤੇਹ ਸਿੰਘ ਨੇ ਆਪਣੇ ਜੰਗੀ ਤਜੁਰਬਿਆਂ ਦੇ ਗਰਵ ਨਾਲ ਕਿਹਾ।
ਲੋਪਾਂ ਦੀ ਰੋਸ਼ਨੀ ਵਿਚ ਹੋ ਰਹੀ ਗੁਫਤਗੂ ਸਮੇਂ ਰਣਜੀਤ ਸਿੰਘ ਦਾ ਚਿਹਰਾ, ਕੁਝ ਨਸ਼ੇ ਕਾਰਨ ਤੇ ਕੁਝ ਫਤੇਹ ਸਿੰਘ ਕਾਲਿਆਂਵਾਲੇ ਦਾ ਹੌਸਲਾ ਵੇਖ ਕੇ ਚਮਕਣ ਲੱਗਾ। ਮਹਾਰਾਜੇ ਅਤੇ ਜਰਨੈਲ ਦੀ ਧੀਮੀ ਸੁਰ 'ਚ ਹੁੰਦੀ ਗੱਲਬਾਤ, ਰਾਜਿਆਂ ਲਈ ਇਕ ਅਚੰਭਾ ਸੀ। ਉਹ ਅੰਦਰ-ਅੰਦਰ ਭੇਅ ਮਹਿਸੂਸ ਕਰਨ ਲੱਗ, ਕੀ ਪਤਾ ਮਹਾਰਾਜਾ ਅਤੇ ਸੈਨਾਪਤੀ ਸਾਡੇ ਇਲਾਕਿਆ ਉੱਪਰ ਕਬਜ਼ਾ ਕਰਨ ਦੀਆਂ ਗੇਂਦਾਂ ਗੁੰਦਦੇ ਪਏ ਹੋਵਣ
ਤੇ ਉਸੇ ਰਾਤ, ਲਾਹੌਰ ਛੇਤੀ ਮੁੜਨ ਦੇ ਬਹਾਨੇ ਦੀ ਆੜ ਵਿਚ, ਫਤੇਹ ਸਿੰਘ ਨੇ ਨਰਾਇਣਗੜ੍ਹ ਨੂੰ ਘੇਰਾ ਪਾਉਣ ਲਈ ਫੌਜ ਨੂੰ ਹੁਕਮ ਚਾੜ੍ਹ ਦਿੱਤਾ। ਪਲਾਂ-ਛਿਣਾਂ ਵਿਚ ਹੀ ਤੰਬੂ ਉਖਾੜੇ ਜਾਣ ਲੱਗੇ।
...
ਫਤੇਹ ਸਿੰਘ ਕਾਲਿਆਂਵਾਲਾ ਵੱਲ ਕੋਈ ਖੁਸ਼ਖ਼ਬਰੀ ਸੁਣਨ ਦੀ ਲਾਲਸਾ ਕਾਰਨ, ਰਣਜੀਤ ਸਿੰਘ ਨੇ ਪਟਿਆਲਾ ਦੀ ਸੀਮਾ ਤੋਂ ਕਾਫੀ ਦੂਰ ਜਾ ਕੇ ਖੇਮੇ ਗੱਡਣ ਦਾ ਹੁਕਮ ਦਿੱਤਾ-'ਏਥੇ ਕੁਝ ਸਮਾਂ ਅਸੀਂ ਰੁਕਾਂਗੇ। ਵੇਖਦੇ ਵੇਖਦੇ ਇਕ ਨਗਰ ਵਸ ਗਿਆ। ਕਾਂਗਰੀਆਂ ਨੇ ਆਰਜੀ ਭੱਠੀਆਂ ਤਿਆਰ ਕਰਕੇ, ਅੱਗ ਥਾਲ ਲਈ ਤੇ ਸਿਪਾਹੀਆਂ ਦੇ ਭੋਜਨ ਲਈ ਦੇਰੀ ਚਾੜ੍ਹ ਦਿੱਤੇ।
ਸ਼ਾਮ ਬੜੀ ਸੁਹਾਵਣੀ ਸੀ। ਪਹਾੜ ਵੱਲੋਂ ਆ ਰਹੀ ਹਵਾ ਤਨ ਮਨ ਨੂੰ ਚੰਗੀ ਲੱਗ ਨਹੀ ਸੀ। ਰਣਜੀਤ ਸਿੰਘ ਇਸ ਮੌਸਮ ਨੂੰ ਹੋਰ ਵੀ ਰੰਗੀਨ ਕਰਨ ਬਾਰੇ ਸੋਚ ਹੀ ਰਿਹਾ। ਜੇ, ਫਤੇਹ ਸਿੰਘ ਦਾ ਸਹਾਇਕ, ਉਸ ਦੇ ਤੰਬੂ ਲਾਗੇ ਆਇਆ। ਘੋੜੇ ਤੋਂ ਉਤਰਿਆ ਤੇ ਪਹਿਰੇਦਾਰ ਨੂੰ ਕਿਹਾ-'ਮਹਾਰਾਜਾ ਸਾਹਥ ਨਾਲ ਮੁਲਾਕਾਤ ਕਰਨੀ ਜ਼ਰੂਰੀ ਏ। ਪਹਿਰੇਦਾਰ ਅੰਦਰ ਗਿਆ। ਅਗਲੇ ਪਲ ਰਣਜੀਤ ਸਿੰਘ ਆਪ ਹੀ ਤੰਬੂ ਤੋਂ ਵਾਹਰ ਆਣ ਖੜ੍ਹਾ। ਸਹਾਇਕ ਸੈਨਾਪਤੀ ਨੇ ਫਤੇਹ ਬੁਲਾਈ ਤੇ ਉਦਾਸ ਜਿਹੇ ਬੋਲਾਂ ਦੇ ਕਿਹਾ-ਨਰਾਇਣਗੜ੍ਹ ਉੱਪਰ ਫਤੇਹ ਪਾ ਲਈ ਗਈ ਹੈ, ਸਰਕਾਰ।'
-ਵਾਰ। ਫਤੇਹ ਸਿੰਘ ਤੋਂ ਏਹੀ ਉਮੀਦ ਸੀ। ਉਸ ਨੂੰ ਫੋਰਨ ਸੇ ਜਲਦੀ ਮਿਲਣ ਨਈ ਕਰੋ। ਬਾਗੋਬਾਗ ਹੋਏ ਰਣਜੀਤ ਸਿੰਘ ਦੇ ਬੋਲਾਂ ਵਿਚ ਕਰਾਰ ਸੀ।
-ਮਹਾਰਾਜ, ਫਤੇਹ ਸਿੰਘ ਹੁਣ ਤੁਹਾਨੂੰ ਨਹੀਂ ਮਿਲ ਸਕਦੇ। ਸਹਾਇਕ ਦੇ ਬੋਲ ਪਹਿਲਾਂ ਨਾਲੋਂ ਵੀ ਉਦਾਸ ਸਨ।
-ਕੀ ਮਤਲਬ ਹੋ ਤੇਰਾ ?' ਰਣਜੀਤ ਸਿੰਘ ਦੇ ਤੇਵਰ ਬਦਲ ਗਏ। ਮੱਥੇ ਵਿਚ ਤਿਉੜੀਆਂ ਉੱਭਰ ਆਈਆਂ।
-ਫਤੇਹ ਸਿੰਘ ਇਸ ਸੰਸਾਰ ਵਿਚ ਨਹੀਂ ਰਹੇ ਮਹਾਰਾਜ। ਸਾਡੀ ਫੌਜ ਦਾ ਬਹੁਤ ਨੁਕਸਾਨ ਹੋਇਆ ਹੈ। ਸਾਨੂੰ ਉਮੀਦ ਨਹੀਂ ਸੀ, ਸਿਰਮੁਰ ਦਾ ਰਾਜਾ ਏਨੀ ਭਿਆਨਕ ਟੱਕਰ ਦੇਵੇਗਾ।' ਆਖ ਕੇ ਫਤੇਹ ਸਿੰਘ ਦੇ ਸਹਾਇਕ ਨੇ ਨੀਵੀਂ ਪਾ ਲਈ।
ਰਣਜੀਤ ਸਿੰਘ ਹਤਾਸ਼ ਰਹਿ ਗਿਆ। ਮੁੱਛਾ ਫਰਕਣ ਲੱਗੀਆਂ ਤੇ ਉਹ ਹੱਥ ਵਿਚ ਫੜੇ ਰੁਮਾਲ ਨਾਲ ਚਿਹਰੇ ਨੂੰ ਹਵਾ ਝੱਲਣ ਲੱਗਾ। ਅੱਖ ਵਿਚ ਲਹੂ ਉੱਤਰ ਆਇਆ।
-ਘੋੜਾ ਲੈ ਕੇ ਆਓ.. । ਹੁਕਮ ਸੁਣਦਿਆਂ ਹੀ, ਅਹਿਲਕਾਰਾਂ, ਨੌਕਰਾਂ ਤੇ ਅੰਗ ਰੱਖਿਅਕਾਂ ਨੂੰ ਭਾਜੜਾਂ ਪੈ ਗਈਆਂ।
ਹਨੇਰਾ ਹੋਣ ਤੱਕ, ਬਿਨਾ ਮਕਸਦ ਦੇ ਰਣਜੀਤ ਸਿੰਘ ਕਦੇ ਜੰਗਲ ਵੱਲ, ਕਦੇ ਨਦੀ ਵੱਲ, ਘੋੜਾ ਦੜਾਉਂਦਾ ਰਿਹਾ। ਘੋੜੇ ਦੀ ਰਫਤਾਰ ਦੇ ਨਾਲ ਨਾਲ ਉਸ ਦੇ ਅੰਦਰ ਆਪਣੇ ਚਹੇਤੇ ਸੈਨਾਪਤੀ ਬਾਰੇ ਵਿਚਾਰ ਵੀ ਦੌੜਦੇ ਰਹੇ। ਫਤਹ ਸਿੰਘ ਕਾਲਿਆ ਵਾਲਾ ਦੇ ਏਨੇ ਬਹਾਦਰ ਦਾਦੇ ਜੈਮਲ ਸਿੰਘ ਨੇ, ਭਾਈ ਮਨੀ ਸਿੰਘ ਪਾਸੋਂ ਅੰਮ੍ਰਿਤ। ਛਕਿਆ ਸੀ। ਜਦ ਮੇਰੇ ਪਾਸ ਭਰਤੀ ਹੋਣ ਆਇਆ ਸੀ ਫਤੇਹ ਸਿੰਘ, ਕਿਵੇਂ ਉਸ ਦਾ ਅੱਗ ਅੰਗ ਫਰਕਦਾ ਸੀ। ਹਰੀ ਸਿੰਘ ਨਲਵੇ ਵਾਂਗ ਹਰ ਮੁਹਿੰਮ ਵਿਚ, ਉਹ ਮੇਰੀਆਂ ਬਾਹਾ ਬਣਿਆ ਰਿਹਾ। ਚੱਠਿਆਂ ਨੂੰ ਹਰਾਉਣ ਵੇਲੇ ਤਾਂ ਉਸ ਦੀ ਬਹਾਦਰੀ ਵੇਖਣ ਵਾਲੀ ਸੀ। ਭੰਗੀਆਂ ਨਾਲ ਟੱਕਰ ਵੇਲੇ ਵੀ ਉਹ ਸਭ ਤੋਂ ਅੱਗੇ ਸੀ। ਸਿੱਧੀ ਟੱਕਰ ਵਿਚ ਤਾਂ ਕਦੇ ਉਸ ਨੇ ਮਾਤ ਨਹੀਂ ਸੀ ਖਾਧੀ। ਜ਼ਰੂਰ ਕਿਸੇ ਨੇ ਧੋਖੇ ਨਾਲ ਵਾਰ ਕੀਤਾ ਹੋਏਗਾ। ਬਹੁਤ ਮਹਿੰਗੇ ਮੁੱਲ ਪਈ ਹੈ ਨਰਾਇਣਗੜ੍ਹ ਦੀ ਛਤੇਹ ਇਸ ਮੌਤ ਦਾ ਬਦਲਾ ਲੈਣਾ ਪਏਗਾ ਜਿਵੇਂ ਜਿਵੇਂ ਘੋੜਾ ਝੰਗੇ-ਝੰਗ ਹੋਇਆ ਦੌੜਦਾ ਰਿਹਾ ਰਣਜੀਤ ਸਿੰਘ ਦੇ ਮਨਸੂਬਿਆਂ ਦੇ ਘੋੜੇ ਵੀ ਦੌੜਦੇ ਰਹੇ। ਉਹ ਕਦੇ ਹਰਖਦਾ, ਕਦੇ ਖਿੱਝਦਾ, ਕਦੇ ਦੁੱਖੀ ਹੁੰਦਾ, ਆਖ਼ਰ ਆਪਣੇ ਤੰਬੂ ਵੱਲ ਮੁੜਿਆ। ਉਸ ਨੇ ਫੈਸਲਾ ਕਰ ਲਿਆ, ਆਪਣਾ ਬਹਾਦਰ ਸੈਨਾਪਤੀ ਅਤੇ ਅਨੇਕਾਂ ਸੈਨਿਕ ਮਰਵਾ ਕੇ ਉਹ ਹੁਣ ਸਿੱਧਾ ਲਾਹੌਰ ਨਹੀਂ ਮੁੜੇਗਾ। ਨੰਸਿਹਰਾ, ਮੁਰਿੰਡਾ, ਬਹਿਲੋਲਪੁਰ ਰਾਹੇ ਭਰਤਗੜ੍ਹ ਨੂੰ ਵੀ ਦੱਸਣਾ ਪਏਗਾ, ਲਾਹੋਰ ਦਰਬਾਰ ਦੀ ਅਧੀਨਗੀ ਮੰਨਣ ਤੋਂ ਇਨਕਾਰੀ ਹੋਣ ਤੇ ਖਾਲਸਾ ਫੌਜ ਕੀ ਕਰ ਸਕਦੀ ਹੈ। ਘੋੜੇ ਉੱਪਰ ਉੱਤਰਦਿਆਂ ਹੀ, ਉਸ ਨੇ ਆਪਣੇ
ਜਰਨੈਲਾਂ ਨੂੰ ਕਿਹਾ-ਤਿਆਰ ਰਹੇ. ਅਸੀਂ ਦਿਨ ਚੜ੍ਹਦਿਆਂ ਹੀ ਕੂਚ ਕਰਾਂਗੇ।' ਕਿਸੇ ਸੈਨਿਕ ਜਾਂ ਹੋਰ ਅਧਿਕਾਰੀ ਦੀ ਜੁਅਰਤ ਨਹੀਂ ਸੀ, ਇਹ ਪੁੱਛੇ-ਮਹਾਰਾਜ ਕਿਸ ਪਾਸੇ ਕੂਚ ਕਰਨਾ ਹੈ ?
ਥੋੜ੍ਹੀ ਦੇਰ ਬਾਅਦ ਨਰਾਇਣਗੜ੍ਹ ਤੋਂ ਮੁੜਿਆ ਇਕ ਸੂਬੇਦਾਰ, ਰਣਜੀਤ ਸਿੰਘ ਨੂੰ ਜੰਗ ਦਾ ਅੱਖੀਂ ਵੇਖਿਆ ਵਰਨਣ ਕਰਨ ਲੱਗਾ-'ਸਰਕਾਰ, ਪਹਿਲੇ ਦਿਨ ਨਰਾਇਣ- ਗੜ੍ਹੀਆਂ ਨੇ ਸਾਡੀ ਸੈਨਾ ਦਾ ਬਹੁਤ ਨੁਕਸਾਨ ਕੀਤਾ। ਜਰਨੈਲ ਗੁੱਸੇ ਵਿਚ ਆ ਗਿਆ। ਉਸ ਨੇ ਰਾਤ ਵੇਲੇ ਹੀ ਜ਼ੋਰਦਾਰ ਹਮਲਾ ਫਿਰ ਕੀਤਾ। ਸੁੱਤੇ ਪਏ ਨਰਾਇਣਗੜ੍ਹੀਆਂ ਨੂੰ ਭਾਜੜਾਂ ਪੈ ਗਈਆਂ। ਕਿਲ੍ਹਾ ਸਾਡੇ ਕਬਜ਼ੇ ਵਿਚ ਆ ਗਿਆ। ਅਗਲੇ ਦਿਨ ਫਿਰ ਕੁਝ ਝੜਪਾਂ ਹੋਈਆਂ। ਸਾਡੀ ਫੌਜ ਜਿੱਤ ਦਾ ਜਸ਼ਨ ਮਨਾਉਣ ਲੱਗੀ। ਅਚਾਨਕ ਇਕ ਬੁਰਜ ਵਿਚ ਗੋਲੀਆਂ ਦੀ ਵਾਛੜ ਆਈ, ਜਰਨੈਲ ਜ਼ਖ਼ਮੀ ਹੋ ਗਿਆ। ਨਿਸ਼ਾਨਾ ਹੀ ਜਰਨੈਲ ਨੂੰ ਬਣਾਇਆ ਗਿਆ ਸੀ। ਅਸੀਂ ਬੁਰਜ ਵਿਚ ਛੁਪੇ ਸਿਪਾਹੀ ਧੂ ਲਿਆਂਦੇ, ਬੰਦੀ ਬਣਾ ਲਏ,.. ਉਦੋਂ ਤੱਕ ਤਾਂ ਸਰਦਾਰ ਫਤੇਹ ਸਿੰਘ ਸ਼ਹੀਦੀ ਪਾ ਗਏ ਸਨ।
ਰਣਜੀਤ ਸਿੰਘ ਨੇ ਅੱਖ ਮੀਚ ਲਈ ਤੇ ਮਨ ਵਿਚ ਹੀ ਫਤੇਹ ਸਿੰਘ ਕਾਲਿਆਂਵਾਲਾ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਲੱਗਾ।
ਛੋਟੇ ਰਾਜਾਂ ਤੋਂ ਤੋਹਫੇ ਅਤੇ ਨਜਰਾਨੇ ਕਬੂਲਦਾ ਰਣਜੀਤ ਸਿੰਘ ਲਗਭਗ ਇਕ ਮਹੀਨੇ ਬਾਅਦ ਲਾਹੌਰ ਪੁੱਜਾ। ਇਸ ਮੁਹਿੰਮ ਦੀ ਸਫਲਤਾ ਦੇ ਜਸ਼ਨ ਫਤੇਹ ਸਿੰਘ ਵਾਲਿਆਂਵਾਲਾ ਦੀ ਮੌਤ ਕਾਰਨ ਗ੍ਰਹਿਣੇ ਗਏ। ਇਸ ਵਾਰ ਲਾਹੌਰੀਆਂ ਨੂੰ ਤੋਪਾਂ ਦੇ ਭਲੇ ਵੀ ਸੁਣਾਈ ਨਹੀਂ ਦਿੱਤੀ। ਸਾਰੇ ਦਰਬਾਰੀਆਂ ਨੇ ਫਤੇਹ ਸਿੰਘ ਦੀ ਮੌਤ ਦਾ ਦੁੱਖ ਮਨਾਇਆ। ਕੁਝ ਦਿਨ ਦਰਬਾਰ ਦਾ ਮਾਹੌਲ ਸੋਗੀ ਰਿਹਾ। ਪਰ ਹੋਲੀ ਹੋਲੀ ਸਭ ਕੁਝ ਸਹਿਜ ਹੁੰਦਾ ਚਲਿਆ ਗਿਆ।
ਇਕ ਦਿਨ ਫ਼ਕੀਰ ਅਜ਼ੀਜਉਦਦੀਨ ਨੇ ਕਿਹਾ- ਸਿੰਘ ਸਾਹਬ, ਖਾਲਸਾ ਰਾਜ ਉੱਪਰ ਅਲਾਹ ਮੇਹਰਬਾਨ ਹੈ, ਪਰ ਸਤਲੁਜ ਪਾਰ ਦੇ ਮਾਲਵਾ ਖੇਤਰ ਉੱਪਰ ਹਜੂਰ ਦੀ ਦਾਅਵੇਦਾਰੀ ਉੱਪਰ ਵਿਰੰਗੀਆਂ ਦਾ ਪਰਛਾਵਾਂ ਪੈਣ ਦਾ ਖ਼ਤਰਾ ਬਣ ਗਿਆ ਹੈ।
- ਖੁੱਲ ਕੇ ਕਹੋ ਫ਼ਕੀਰ ਸਾਹਬ...|'
--ਸਰਕਾਰ ਨੂੰ ਯਾਦ ਹੋਵੇਗਾ, ਮਰਹੱਟੇ ਹੋਲਕਰ ਔਰ ਵਿਰੰਗੀ ਲੋਕ ਵਿਚਕਾਰ ਸੋਧੀ ਕਰਵਾਉਣ ਸਮੇਂ, ਹਜੂਰ ਨੇ ਫਿਰੰਗੀਆਂ ਔਰ ਖਾਲਸਾ ਸਰਕਾਰ ਵਿਚਕਾਰ ਸਤਲੁਜ ਨੂੰ ਹੱਦ ਪ੍ਰਵਾਨ ਕਰਨ ਦਾ ਮਸ਼ਵਰਾ ਦਿੱਤਾ ਸੀ। ਓਸ ਸਮੇਂ ਅੰਗਰੇਜ਼ਾਂ ਦਾ ਇਕੋ ਇਕ ਮਕਸਦ ਮਰਹੱਟਿਆਂ ਨੂੰ ਤਬਾਹ ਕਰਨ ਦਾ ਸੀ। ਇਸ ਕਾਰਨ ਅੰਗਰੇਜ਼ ਗਵਰਨਰ ਜਨਰਲ ਔਰ ਲੋਕ ਨੇ ਇਸ ਸੁਝਾ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ। ਉਂਜ ਵੀ ਮਰਹੱਟਿਆਂ ਨਾਲ ਲਗਾਤਾਰ ਜੰਗਾਂ ਲੜਨ ਕਾਰਨ ਈਸਟ ਇੰਡੀਆ ਕੰਪਨੀ ਦਾ ਜਵਾਲਾ ਨਿਕਲ ਚੁੱਕਿਆ ਸੀ । ਫਿਰੰਗੀ ਜਰਨੈਲਾਂ ਨੂੰ ਸਖ਼ਤ ਹਦਾਇਤ ਸੀ, 'ਮਾਲਵਾ ਖੇਤਰ ਦੇ ਕਿਸੇ ਵੀ ਸਿੱਖ ਰਾਜੇ ਨਾਲ ਜੰਗ ਨਾ ਛੇੜੀ ਜਾਵੇ ਤੇ ਜਮਨਾ ਦਰਿਆ ਨੂੰ ਰਤਾਨੀਆ ਹਕੂਮਤ ਦੀ ਪੱਛਮੀ ਸੀਮਾ ਸਮਝਿਆ ਜਾਵੇ।
-ਤਾਂ ਫਿਰ ? ਫ਼ਕੀਰ ਤੋਂ ਘਟਨਾਵਾਂ ਦੀ ਤਫਸੀਲ ਸੁਣ ਕੇ, ਰਣਜੀਤ ਸਿੰਘ ਨੂੰ ਸਮਝ ਨਾ ਆਈ, ਇਹ ਸਭ ਇਸ ਵਕਤ ਕਿਉਂ ਦੱਸਿਆ ਜਾ ਰਿਹਾ ਹੈ।
-ਹੁਣ ਇਹ ਹਾਲਾਤ ਬਦਲ ਗਏ ਨੇ ਸਰਕਾਰ। ਈਸਟ ਇੰਡੀਆ ਕੰਪਨੀ ਨੇ ਖਜ਼ਾਨੇ ਭਰ ਲਏ ਨੇ ਤੇ ਉਹ ਕਿਸੇ ਵੀ ਯੁੱਧ ਲਈ ਤਿਆਰ ਹੈ। ਮਾਲਵੇ ਦੇ ਰਾਜੇ ਦੋਗਲੀ ਨੀਤੀ ਉੱਪਰ ਚੱਲ ਰਹੇ ਨੇ। ਉਹ ਖਾਲਸਾ ਸਰਕਾਰ ਨਾਲ ਵਫ਼ਾਦਾਰੀ ਦਾ ਢੰਗ ਵੀ ਕਰਦੇ ਨੇ ਤੇ ਦੂਜੇ ਪਾਸੇ ਅੰਗਰੇਜ਼ੀ ਸਰਕਾਰ ਦੀ ਚਾਪਲੂਸੀ ਵਿਚ ਵੀ ਕੋਈ ਕਸਰ ਨਹੀਂ ਛੱਡਦੇ। ਤਾਜ਼ੀ ਖ਼ਬਰ ਇਹ ਹੈ ਸਰਕਾਰ, ਵਿਰੰਗੀ ਗਵਰਨਰ ਜਨਰਲ ਨੇ ਮਾਲਵੇ ਦੇ ਸਰਦਾਰਾਂ ਦੀ ਹਿਫ਼ਾਜ਼ਤ ਦਾ ਭਰੋਸਾ ਦੇਣ ਲਈ ਦਿੱਲੀ ਦੇ ਹਾਕਮਾਂ ਨੂੰ ਗੁਪਤ ਹਦਾਇਤਾਂ ਭੇਜ ਦਿੱਤੀਆਂ ਹਨ। ਅਸਾਂ ਨੂੰ ਹੁਣ ਮਾਲਵੇ ਵੱਲੋਂ ਖ਼ਬਰਦਾਰ ਰਹਿਣਾ ਪਏਗਾ।
ਰਣਜੀਤ ਸਿੰਘ, ਪਹਿਲਾਂ ਤੋਂ ਹੀ ਵਕੀਰ ਅਜੀਜ਼ਉਦਦੀਨ ਦੀ ਦੂਰ-ਅੰਦੇਸ਼ੀ. ਸਿਆਣਪ ਤੇ ਬਾਹਰੀ ਰਾਜਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਰੱਖਣ ਦੀ ਸੂਹੀਆ ਬਿਰਤੀ ਦਾ ਕਾਇਲ ਸੀ। ਸੁਣ ਕੇ ਉਹ ਚਿੰਤਤ ਤਾਂ ਹੋਇਆ। ਮਾਲਵੇ ਦੀਆਂ ਦੇ ਫੋਰੀਆ ਵਿਚ ਉਸ ਨੂੰ ਅਜਿਹੇ ਸੰਕੇਤ ਤਾਂ ਮਿਲੇ ਸਨ, ਜਦ ਗੱਲਬਾਤ ਕਰਦਿਆਂ ਕਦੇ ਅੰਗਰੇਜ਼ੀ ਸਰਕਾਰ ਦੀ ਵਡਿਆਈ ਉਹਨਾਂ ਦੇ ਮੂੰਹੋਂ ਸੁਣਦਾ ਸੀ। ਪਰ ਉਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ। ਪਰ ਉਹਨਾਂ ਗੱਲਾਂ ਨੂੰ ਯਾਦ ਕਰਕੇ, ਉਸ ਦਾ ਸ਼ੱਕ ਯਕੀਨ ਵਿਚ ਬਦਲਣ ਲੱਗਾ। ਉਸ ਨੇ ਕਿਹਾ, 'ਕੀਰ ਸਾਹਬ ਜੇ ਅਸੀਂ ਸੈਨਾ ਨੂੰ ਹਰ ਸਮਾਂ ਜੰਗ ਲਈ ਤਿਆਰ ਰਹਿਣ ਲਈ ਕਰਾਂਗੇ। ਇਸ ਤਰ੍ਹਾਂ ਸੈਨਿਕਾ ਵਿਚ ਘਬਰਾਹਟ ਪੈਦਾ ਹੋਵੇਗੀ।
—ਇਸ ਦਾ ਹੱਲ ਹੋ ਸਰਕਾਰ। ਵਕੀਰ ਨੇ ਕਿਹਾ, 'ਹਜੂਰ, ਫੌਜ ਨੂੰ ਕਵਾਇਦ ਕਰਦੇ ਰਹਿਣਾ ਪਵੇਗਾ ਔਰ ਹਜੂਰ ਨੂੰ ਮੁਆਇਨਾ ਕਰਦੇ ਰਹਿਣਾ ਹੋਵੇਗਾ। ਸੈਨਿਕ ਸੁਸਤ ਨਹੀਂ ਪੈਣਗੇ। ਘਰਾਂ ਨੂੰ ਨਹੀਂ ਜਾਣਗੇ ਔਰ ਕਦ ਵੀ, ਅਗਰ ਲੋੜ ਪੈਂਦੀ ਹੈ ਤਾਂ ਯੁੱਧ ਲਈ ਤਿਆਰ ਰਹਿਣਗੇ।
ਫ਼ਕੀਰ ਨੇ ਵੇਖਿਆ, ਰਣਜੀਤ ਸਿੰਘ ਦੇ ਚਿਹਰੇ ਉੱਪਰ ਕਦੇ ਵੀ ਏਸ ਤਰ੍ਹਾਂ ਦੀ ਚਿੰਤਾ ਵਿਖਾਈ ਨਹੀਂ ਸੀ ਦਿੱਤੀ। ਆਪਣੇ ਅੰਦਰਲੇ ਫਿਕਰਾਂ ਨੂੰ ਛਪਾਉਣ ਲਈ ਰਣਜੀਤ ਸਿੰਘ ਕੁਝ ਵਧੇਰੇ ਹੀ ਮਾਹਰ ਸੀ। ਮਹਾਰਾਜਾ ਡੂੰਘੀ ਸੋਚ ਵਿਚ ਸੀ ਤੇ ਵਕੀਰ ਨੂੰ ਪਤਾ ਸੀ, ਅਜਿਹੀ ਸੋਚ ਵਿਚ ਹੀ ਮਹਾਰਾਜਾ ਭਵਿੱਖ ਦੀ ਰਣਨੀਤੀ ਘੜਦਾ ਸੀ। ਠੀਕ ਇਸ ਸਮੇਂ ਪਹਿਰੇਦਾਰ ਨੇ ਆ ਕੇ ਕਿਹਾ, 'ਹਜੂਰ, ਸਤਲੁਜ ਪਾਰ ਤੋਂ ਇਕ ਸਿੰਘ ਮੁਲਾਕਾਤ ਦੀ ਆਗਿਆ ਮੰਗਦਾ ਹੈ।'
ਇਹ ਲਾਹੌਰ ਦਰਬਾਰ ਦਾ ਸੂਹੀਆ ਸੀ. ਉਸ ਨੇ ਦੱਸਿਆ, 'ਮਹਾਰਾਜ, ਸਤਲੁਜ ਪਾਰ ਦੇ ਸਾਰੇ ਸਿੱਖ ਰਾਜੇ, ਅੰਗਰੇਜ਼ ਹਾਕਮ ਨੂੰ ਮਿਲਣ ਗਏ ਨੇ..' ਰਣਜੀਤ ਸਿੰਘ ਦੀ ਚਿੰਤਾ ਹੋਰ ਵੱਧ ਗਈ।