ਜਦੋਂ ਤੋਂ ਮਨੁੱਖ ਅੰਦਰ, ਮੇਰਾ ਤੇਰਾ ਦੀ ਭਾਵਨਾ ਉਤਪੰਨ ਹੋਈ ਹੈ, ਉਦੋਂ ਤੋਂ ਹੀ ਆਪਣੇ ਤੋਂ ਕਮਜ਼ੋਰ ਨੂੰ ਦਬਾਉਣ ਦੀ ਜਾਂਗਲੀ ਪ੍ਰਵਿਰਤੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਆਦਿ-ਮਾਨਵ ਤੋਂ ਮਾਨਵ ਵਿਚ ਮਨੁੱਖ ਵਿਕਾਸ ਤਾਂ ਕਰਦਾ ਗਿਆ। ਪਰ ਉਹ 'ਬੰਦਾ' ਨਹੀਂ ਬਣਿਆ। 'ਬੰਦਾ' ਬਣਦਾ ਹੈ ਬੰਦਗੀ ਨਾਲ, ਦੂਸਰੇ ਲਈ ਜੀਣ ਦੀ ਭਾਵਨਾ ਨਾਲ ਤੇ ਆਪਾ ਕੁਰਬਾਨ ਕਰ ਸਕਣ ਦੀ ਦਲੇਰੀ ਨਾਲ।
ਚਾਹੇ ਤਾਕਤਵਰ ਜਾਨਵਰਾਂ ਦੇ ਝੁੰਡ ਹੋਣ 'ਤੇ ਚਾਹੇ ਕਸ਼ੀਲੇ ਹੋਣ, ਆਪਣੇ ਤੋਂ ਕਮਜ਼ੋਰ ਕਬੀਲੇ ਦੇ ਵਸੀਲਿਆਂ ਉੱਪਰ ਕਬਜ਼ਾ ਕਰਨਾ, ਉਹਨਾਂ ਦੀਆਂ ਔਰਤਾਂ ਨੂੰ ਅਗਵਾ ਕਰਕੇ, ਆਪਣੀ ਹਵਸ ਦਾ ਸ਼ਿਕਾਰ ਬਨਾਉਣਾ, ਉਹਨਾਂ ਦੇ ਇਲਾਕਿਆਂ ਉੱਪਰ ਕਬਜ਼ਾ ਕਰਨਾ, ਆਦਿ ਤੋਂ ਹੀ ਮਨੁੱਖ ਦੀ ਲਾਲਸਾ ਰਹੀ ਹੈ। ਇਸ ਲਾਲਸਾ- ਵੱਸ ਨਾ ਉਹਨਾਂ ਦਾ ਕੋਈ ਬਾਪ ਹੁੰਦਾ ਹੈ, ਨਾ ਭਰਾ, ਨਾ ਪੁੱਤਰ, ਨਾ ਰਿਸ਼ਤੇਦਾਰ। ਦਿੱਸਦੀ ਹੈ ਤਾਂ ਸਿਰਫ਼ ਕਬੀਲੇ ਦੀ ਸਰਦਾਰੀ ਜਾਂ ਸਮਾਂ ਪਾ ਕੇ ਖੇਤਰ ਜਾਂ ਮੁਲਕ ਦੀ ਹਕੂਮਤ।
ਇਸ ਨਾਵਲ ਰਾਹੀਂ ਮੈਂ, ਖਾਲਸਾ ਰਾਜ ਦਾ ਅਸਲੀ ਚਿਹਰਾ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਜਦ ਮੈਂ ਉਸ ਸਮੇਂ ਵਿਚ ਉੱਤਰਿਆ ਤਾਂ ਉਸ ਵੇਲੇ ਦੇ ਪੰਜਾਬ ਅਤੇ ਹਿੰਦੁਸਤਾਨ ਨੂੰ ਵੇਖਿਆ। ਉਸ ਵੇਲੇ ਦੇ ਲੋਕ, ਆਮ ਲੋਕ, ਸਰਦਾਰ, ਜਗੀਰਦਾਰ, ਹਾਕਮ, ਰਾਜੇ, ਮਹਾਰਾਜੇ ਸਦੀਆਂ ਤੋਂ ਵਕਤ ਦੀ ਧੂੜ ਅਤੇ ਮਿੱਟੀ ਹੇਠਾਂ ਦੱਬੇ ਪਏ ਸਨ। ਮੈਨੂੰ ਉਹਨਾਂ ਲੋਕਾਂ ਵਿਚ, ਦੁੱਖ-ਸੁੱਖ, ਪ੍ਰੇਮ, ਘ੍ਰਿਣਾ, ਈਰਖਾ, ਸਾੜਾ, ਹੰਕਾਰ, ਘੁਮੰਡ, ਬੇਬਸੀ, ਲਾਚਾਰੀ ਸਭ ਕੁਝ ਨਜ਼ਰ ਆਉਣ ਲੱਗਾ। ਮਹਾਰਾਜਾ ਰਣਜੀਤ ਸਿੰਘ ਨੂੰ, ਮੈਂ ਆਪਣੀ ਸਮਰੱਥਾ ਅਨੁਸਾਰ ਸਮਝਿਆ ਹੈ। ਹੋਰਾਂ ਵਿਦਵਾਨਾਂ ਦਾ, ਇਤਿਹਾਸਕਾਰਾਂ ਦਾ, ਪਾਠਕਾਂ ਦਾ ਮਹਾਰਾਜਾ ਰਣਜੀਤ ਸਿੰਘ, ਹੋ ਸਕਦਾ ਹੈ, ਹੋਰ ਤਰ੍ਹਾਂ ਦਾ ਹੋਵੇ।
ਆਉ! ਤੁਹਾਨੂੰ ਪੰਜਾਬ ਦੀ ਹੋਣੀ ਦੇ ਇਤਿਹਾਸ ਦੀਆਂ ਜੜ੍ਹਾਂ ਵੱਲ ਲੈ ਚੱਲਾਂ...।