ਅੰਗਰੇਜ਼ੀ ਹਕੂਮਤ ਨਾਲ ਕੀਤੀ ਮਿੱਤਰਤਾ ਦੀ ਇਕ ਤਰਫਾ ਸੰਧੀ ਕਾਰਨ ਚੜ੍ਹੇ ਗੁੱਸੇ ਨੂੰ ਸ਼ਾਂਤ ਕਰਨ ਲਈ, ਰਣਜੀਤ ਸਿੰਘ ਨੇ ਆਪਣੀ ਪੂਰੀ ਸੈਨਿਕ ਸ਼ਕਤੀ ਵੱਖ- ਵੱਖ ਇਲਾਕਿਆਂ ਵਿਚ ਝੋਕ ਦਿੱਤੀ ਸੀ। ਉਹ ਖੁਦ ਵੀ ਮੁਹਿੰਮ ਲੈ ਕੇ ਚੜਿਆ ਹੋਇਆ ਸੀ। ਹਰ ਪਾਸਿਉ ਖ਼ਾਲਸਾ ਫੌਜ ਦੀ ਫਤੇਹ ਦੀਆਂ ਖ਼ਬਰਾਂ ਉਸ ਤੱਕ ਪੁੱਜਣ ਲੱਗੀਆਂ। ਨਮੋਸ਼ੀ, ਖਿੱਝ ਅਤੇ ਕ੍ਰੋਧ ਦੀ ਅਵਸਥਾ ਵਿਚੋਂ ਉਹ ਸਹਿਜ ਹੁੰਦਾ ਜਾ ਰਿਹਾ ਸੀ। ਉਸ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ, ਜੇ ਸਤਲੁਜ ਪਾਰ ਦਾ ਰਸਤਾ ਉਸ ਲਈ ਬੰਦ ਹੋ ਗਿਆ ਤਾਂ ਹੋਰ ਕਈ ਰਸਤੇ ਆਪਣੇ-ਆਪ ਹੀ ਖੁੱਲ੍ਹ ਗਏ।
ਉਸ ਨੇ ਜਲਾਲਪੁਰ, ਸਾਹੋਵਾਲ ਅਤੇ ਕਸਕ ਦੇ ਇਲਾਕੇ ਉੱਪਰ ਕਬਜ਼ਾ ਕਰਕੇ ਆਪਣੇ ਥਾਣੇ ਸਥਾਪਤ ਕਰ ਦਿੱਤੇ। ਅਜੇ ਉਸ ਨੇ ਅੱਗੇ ਵਧਣ ਦਾ ਇਰਾਦਾ ਬਣਾਇਆ ਹੀ ਸੀ, ਲਾਹੌਰ ਤੋਂ ਆਏ ਇਕ ਘੋੜ ਸਵਾਰ ਨੇ, ਸ਼ਾਹ ਸ਼ੁਜਾਹ ਦੇ ਆਉਣ ਦੀ ਖ਼ਬਰ ਦਿੱਤੀ। ਰਣਜੀਤ ਸਿੰਘ ਨੇ ਸਾਰੀ ਸਥਿਤੀ ਨੂੰ ਸਮਝਿਆ। ਵਕੀਰ ਅਜ਼ੀਜ਼ਉਦਦੀਨ ਇਸ ਸਮੇਂ ਗੁਜਰਾਤ ਵਿਚ ਸੀ। ਉਸ ਨੇ ਲਾਹੌਰ ਤੋਂ ਆਏ ਘੋੜ ਸਵਾਰ ਨੂੰ ਹੁਕਮ ਦਿੱਤਾ, 'ਕੁਝ ਸਮਾਂ' ਆਰਾਮ ਕਰੋ। ਫਿਰ ਤਾਜ਼ਾ ਦਮ ਹੋ ਕੇ, ਫੋਰਨ ਸੇ ਜਲਦੀ ਗੁਜਰਾਤ ਪਹੁੰਚ ਕੇ ਵਕੀਰ ਸਾਹਬ ਨੂੰ ਇਤਲਾਹ ਕਰੋ ਉਹ ਲਾਹੌਰ ਲਈ ਝੱਟ ਰਵਾਨਾ ਹੋ ਜਾਏ ਔਰ ਮੇਰੇ ਲਾਹੌਰ ਪੁੱਜਣ ਤੱਕ ਸ਼ਾਹ ਸੁਜਾਹ ਨੂੰ ਰੋਕ ਕੇ ਰੱਖੋ।
-ਮੈਂ ਆਰਾਮ ਕਰ ਲਿਆ ਹੈ ਮਹਾਰਾਜ। ਜਾਨਵਰ ਵੀ ਘਾਹ ਪੱਠਾ ਖਾ ਕੇ ਤਿਆਰ ਹੈ। ਘੋੜ ਸਵਾਰ ਨੇ ਸਿਰ ਝੁਕਾਇਆ।
-ਫਿਰ ਖੜ੍ਹਾ ਕਿਉਂ ਹੈ ?' ਰਣਜੀਤ ਸਿੰਘ ਹੇਰਾਨ ਹੋਇਆ ਘੁਰਕਿਆ। ਘੋੜ ਸਵਾਰ ਨੇ ਓਹਨੀਂ ਪੈਰੀਂ ਘੋੜੇ ਦਾ ਮੂੰਹ ਘੁੰਮਾ ਕੇ ਵਾਗਾਂ ਤੁਣਕੀਆਂ ਤੇ ਗੁਜਰਾਤ ਵੱਲ ਹਵਾ ਬਣ ਗਿਆ।
ਰਣਜੀਤ ਸਿੰਘ ਸੋਚੀਂ ਪੈ ਗਿਆ. ਇਹਨਾਂ ਅਬਦਾਲੀਆਂ, ਦੁਰਾਨੀਆਂ ਦਾ ਸਿਰਫ਼ ਤਖ਼ਤ ਹੀ ਦੀਨ-ਈਮਾਨ ਹੈ। ਇਸ ਨੂੰ ਹਾਸਲ ਕਰਨ ਲਈ, ਇਹ ਕੋਈ ਪਿਉ- ਪੁੱਤਰ ਜਾਂ ਭਰਾ ਨਹੀਂ ਵੇਖਦੇ। ਤੈਮੂਰ ਦੇ ਤਿੰਨੇਂ ਪੁੱਤਰ ਇਕ ਦੂਸਰੇ ਦੇ ਜਾਨੀ ਦੁਸ਼ਮਣ ਬਣੇ ਹੋਏ ਨੇ।... ਬਾਹ ਜਮਾਨ ਨੇ ਕਿੰਨੇ ਹਮਲੇ ਕੀਤੇ ਪੰਜਾਬ ਉੱਪਰ। ਪੰਜਾਬ ਵਾਸੀਆਂ ਦੀ ਨੀਂਦ ਹਰਾਮ ਕਰੀ ਰੱਖੀ। ਮਹਿਮੂਦ ਨੇ ਸ਼ਾਹ ਜਮਾਨ ਨੂੰ ਅੰਨ੍ਹਾ ਕਰਵਾ ਦਿੱਤਾ। ਕਾਰਕਜ਼ਈਆਂ ਨੇ ਏਸੇ ਸ਼ਾਹ ਜਮਾਨ ਦਾ ਤਖ਼ਤਾ ਪਲਟ ਕੇ ਉਸ ਦੇ ਭਰਾ ਮਹਿਮੂਦ ਨੂੰ ਤਖ਼ਤ 'ਤੇ ਬਿਠਾ ਦਿੱਤਾ ਸੀ। ਤੀਜੇ ਭਰਾ ਸ਼ਾਹ ਸੁਜਾਹ ਨੇ ਮਹਿਮੂਦ ਗੱਦੀਓਂ ਨਾਹ ਦਿੱਤਾ ਸੀ ਤੇ ਕੀ ਪਤਾ ਏ, ਹੁਣ ਮਹਿਮੂਦ ਨੇ ਸ਼ਾਹ ਸੁਜਾਹ ਨੂੰ ਨਠਾ ਦਿੱਤਾ ਹੋਵੇ ਤੇ ਉਹ ਖਾਲਸਾ ਸਰਕਾਰ ਤੋਂ ਪਨਾਹ ਲੈਣ ਆਇਆ ਹੋਵੇ। ਰਣਜੀਤ ਸਿੰਘ ਦੇ ਚਿਹਰੇ ਉੱਪਰ ਵਿਅੰਗਮਈ ਮੁਸਕਾਣ ਆ ਗਈ... ਜਿਹੜੇ ਭਰਾ ਆਪਣੇ ਹੀ ਖੂਨ ਦੇ ਪਿਆਸੇ ਹੋਣ, ਉਹ ਕਿਸੇ ਹੋਰ ਦੇ ਮਿੱਤਰ ਕਿਵੇਂ ਬਣ ਸਕਦੇ ਨੇ ? ਮੈਨੂੰ ਜਲਦੀ ਜਲਦੀ ਲਾਹੌਰ ਮੁੜਨਾ ਚਾਹੀਦਾ ਹੈ। ਫ਼ਕੀਰ ਸਾਹਬ, ਨਰਮ ਦਿਲ ਨੇ ਤੇ ਮਦਦ ਕਰਨ ਲਈ ਝੱਟ ਰਾਜ਼ੀ ਹੋ ਜਾਂਦੇ ਨੇ...।
ਮੁਹਿੰਮ ਦੀ ਜ਼ਿੰਮੇਵਾਰੀ ਫਤੇਹ ਸਿੰਘ ਦੇ ਹਵਾਲੇ ਕਰਕੇ, ਰਣਜੀਤ ਸਿੰਘ ਨੇ ਲਾਹੌਰ ਨੂੰ ਮੋੜਾ ਪਾ ਲਿਆ। ਪਿੰਡਾਂ ਦੇ ਲੋਕਾਂ ਨੇ ਫਿਰ ਰਾਹਾਂ 'ਤੇ ਉੱਡਦੀ ਧੂੜ ਦੇ ਬੱਦਲ ਵੇਖੇ। ਸੈਨਾ ਦੇ ਊਠਾਂ, ਘੋੜਿਆਂ ਵੱਲੋਂ ਰਾਹ ਵਿਚ ਖੜ੍ਹੀਆਂ ਫਸਲਾਂ ਦੀ ਕੀਤੀ ਬਰਬਾਦੀ ਵੇਖ ਕੇ ਰਣਜੀਤ ਸਿੰਘ ਨੇ ਸੋਚਿਆ, ਇਹਨਾਂ ਕਿਸਾਨਾਂ ਦਾ ਲਗਾਨ ਇਸ ਵਾਰ ਘੱਟ ਕਰਨਾ ਪਏਗਾ। ਪਿੰਡਾਂ ਵਿਚ ਇਕੱਠੇ ਹੋ ਕੇ ਕਿਸਾਨਾਂ ਨੇ, ਰਣਜੀਤ ਸਿੰਘ ਕੋਲ ਫਰਿਆਦ ਕਰਨੀ ਚਾਹੀ। ਪਰ ਮਹਾਰਾਜਾ ਏਨੀ ਕਾਹਲ ਵਿਚ ਸੀ, ਉਸ ਨੇ ਕਿਸੇ ਇਕੱਠ ਦੀ ਪਰਵਾਹ ਨਾ ਕੀਤੀ।
ਉਸ ਦੀ ਖ਼ਾਸ ਸੈਨਾ ਟੁਕੜੀ ਲਾਹੌਰ ਜਾ ਕੇ ਹੀ ਰੁਕੀ।
ਸ਼ਾਹ ਸੁਜਾਹ ਨਾਲ ਰਣਜੀਤ ਸਿੰਘ ਦੀ ਮੁਲਾਕਾਤ ਹੋਣ ਤੋਂ ਪਹਿਲਾਂ, ਫ਼ਕੀਰ
ਅਜ਼ੀਜ਼ਉਦਦੀਨ ਨੇ ਸ਼ਾਹ ਸੁਜਾਹ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਲਈ ਸੀ।
ਰਣਜੀਤ ਸਿੰਘ ਦੇ ਲਾਹੌਰ ਪੁੱਜਦਿਆਂ ਹੀ ਵਕੀਰ ਨੇ ਉਸ ਨੂੰ ਮਿਲਣ ਦੀ ਆਗਿਆ
ਮੰਗੀ। ਮਹਾਰਾਜੇ ਨੂੰ ਮਿਲਦਿਆਂ ਹੀ ਛਕੀਰ ਨੇ ਦੱਸਿਆ, 'ਸਰਕਾਰ, ਅਗਰ ਹਜੂਰ ਨੂੰ
ਅਫ਼ਗਾਨਿਸਤਾਨ ਦੇ ਸ਼ਾਹ ਨਾਲ ਕੋਈ ਵਾਅਦਾ ਕਰਨਾ ਪਿਆ ਤਾਂ ਮੌਜੂਦਾ ਹਾਲਾਤਾਂ
ਦਾ ਖ਼ਿਆਲ ਜ਼ਰੂਰ ਰੱਖਿਆ ਜਾਵੇ।
-ਕੀ ਆਖਦੇ ਨੇ ਮੌਜੂਦਾ ਹਾਲਾਤ ?' ਰਣਜੀਤ ਸਿੰਘ ਦੇ ਚਿਹਰੇ ਉੱਪਰ ਲੰਮੇ महत र घवेदा मी।
-ਸਰਕਾਰ, ਉਥੋਂ ਦੇ ਹਾਕਮ ਅੰਦਰੂਨੀ-ਯੁੱਧ ਵਿਚ ਫਸੇ ਹੋਏ ਨੇ। ਸ਼ਾਹ ਸੁਜਾਹ, ਸ਼ਾਹ ਜ਼ਮਾਨ ਔਰ ਮਹਿਮੂਦ ਤਿੰਨਾਂ ਭਰਾਵਾਂ ਉੱਪਰ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਮਹਿਮੂਦ ਨੇ ਸ਼ਾਹ ਜ਼ਮਾਨ ਦੀਆਂ ਅੱਖਾਂ ਕੱਢ ਛੱਡੀਐ। ਸ਼ਾਹ ਬੁਜਾਹ ਨੂੰ ਆਪਣੇ ਮੁਲਕ 'ਚੋਂ ਨਠਾ ਦਿੱਤਾ ਈ ਤੇ ਹੁਣ ਉਹ ਮੁਲਤਾਨ ਔਰ ਕਸ਼ਮੀਰ, ਫਿਰ ਹਾਸਲ ਕਰਨ ਲਈ ਜਹਾਦੀ ਕੱਠੇ ਕਰਦਾ ਪਿਆ ਈ।
ਰਣਜੀਤ ਸਿੰਘ ਸੋਚੀ ਪੈ ਗਿਆ। ਮੁਲਤਾਨ ਨੂੰ ਮੈਂ ਪੰਜਾਬ ਤੋਂ ਬਾਹਰ ਨਹੀਂ ਸਮਝਿਆ। ਮੈਂ ਤਾਂ ਹੁਣ ਉਥੇ ਹੁੰਦੀਆਂ ਬਾਰ ਬਾਰ ਬਗਾਵਤਾਂ ਨੂੰ ਕੁਚਲ ਦੇਣ ਦੀਆਂ ਵਿਉਂਤਾਂ ਘੜੀ ਬੈਠਾਂ। ਸਤਲੁਜ ਪਾਰ ਜਾਣ ਦੀ ਹੁਣ ਇਕ ਤਰ੍ਹਾਂ ਨਾਲ ਤਾਂ ਰੋਕ ਲੱਗੀ ਹੋਈ ਏ।... ਚਲੋ...। ਉਸ ਨੇ ਫਕੀਰ ਨੂੰ ਕਿਹਾ, 'ਕੱਲ੍ਹ ਸ਼ਾਹ ਨਾਲ ਦਰਬਾਰ ਵਿਚ ਮੁਲਾਕਾਤ ਹੋਵੇਗੀ। ਖ਼ਾਲਸਾ ਸਰਕਾਰ ਵੱਲੋਂ ਉਸ ਦਾ ਸਵਾਗਤ ਇਕ ਸ਼ਾਹ ਵਜੋਂ ਹੀ ਹੋਣਾ ਚਾਹੀਦਾ ਏ...-ਇਸ ਤਰ੍ਹਾਂ ਹੀ ਹੋਵੇਗਾ ਸਰਕਾਰ ।' ਛਕੀਰ ਅਜ਼ੀਜ਼ਉਦਦੀਨ ਨੇ ਸਿਰ ਝੁਕਾਇਆ।
ਦਰਬਾਰ ਵਿਚ ਸਵਾਗਤ ਤੋਂ ਸ਼ਾਹ ਬੁਜਾਹ ਪੂਰਾ ਖੁਸ਼ ਹੋ ਗਿਆ। ਆਪਣੀ ਆਦਤ ਅਨੁਸਾਰ ਰਣਜੀਤ ਸਿੰਘ ਨੇ ਸ਼ਾਹ ਉੱਪਰ ਸਵਾਲ ਦਾਗਣੇ ਸ਼ੁਰੂ ਕਰ ਦਿੱਤੇ :
-ਖਾਲਸਾ ਫੌਜ ਅਗਰ ਤੈਨੂੰ ਖੁੱਸਿਆ ਰਾਜ ਵਾਪਸ ਦਵਾ ਦੇਵੇਗੀ ਤਾਂ ਕੀ ਭਰੋਸਾ ਹੈ, ਤੇਰੇ ਭਰਾ ਫਿਰ ਬਗਾਵਤ ਨਹੀਂ ਕਰਨਗੇ ?'
-ਮੈਂ ਲਾਹੌਰ ਦਰਬਾਰ ਤੋਂ ਇਮਦਾਦ ਦੀ ਉਮੀਦ ਲੈ ਕੇ ਆਇਆਂ। ਸ਼ਾਹ ਸੁਜਾਹ ਦੇ ਬੋਲਾਂ ਵਿਚ ਤਰਲੇ ਵਰਗੇ ਭਾਵ ਸਨ।
-ਤੇਰਾ ਭਰਾ ਸ਼ਾਹ ਜਮਾਨ ਪਹਿਲਾਂ ਹੀ ਰਾਵਲਪਿੰਡੀ ਵਿਚ ਖ਼ਾਲਸਾ ਸਰਕਾਰ ਦੀ ਪਨਾਹ ਵਿਚ ਹੈ।
ਸ਼ਾਹ ਸੁਜਾਹ ਕੁਝ ਨਹੀਂ ਬੋਲਿਆ।
-ਤੇਰੇ ਪਾਸ ਇਸ ਸਮੇਂ ਕਿੰਨੀ ਫੌਜ ਹੈ ?' ਰਣਜੀਤ ਸਿੰਘ ਨੇ ਪੁੱਛਿਆ।
-ਤਕਰੀਬਨ ਮੇਰੇ ਪਾਸ ਦੇ ਹਜ਼ਾਰ ਚੰਗੇ ਸੈਨਿਕ ਹਨ।
-ਮਹਿਮੂਦ ਔਰ ਉਸ ਦੇ ਸਹਿਯੋਗੀਆਂ ਪਾਸ ਕਿੰਨੀ ਫੌਜ ਹੋ ? ਰਣਜੀਤ ਸਿੰਘ ਨੇ ਪੁੱਛਿਆ।
ਸ਼ਾਹ ਸੁਜਾਹ ਕੁਝ ਦੇਰ ਸੋਚਦਾ ਰਿਹਾ, ਫਿਰ ਢਿੱਲੀ ਜਿਹੀ ਆਵਾਜ਼ ਵਿਚ ਬੋਲਿਆ, 'ਉਹਨਾਂ ਕੋਲ ਫਿਲਹਾਲ ਤਾਂ ਸੱਤ-ਅੱਠ ਹਜ਼ਾਰ ਦੀ ਗਿਣਤੀ ਹੋਏਗੀ।
-ਖਾਲਸਾ ਸੈਨਾ ਏਨੀ ਦੂਰ ਜਾ ਕੇ ਜ਼ਖਮ ਉਠਾਏਗੀ, ਉਸ ਦਾ ਇਵਜ਼ਾਨਾ ਝੱਲਣ ਦੀ ਹੈਸੀਅਤ ਹੈ ?' ਰਣਜੀਤ ਸਿੰਘ ਦੀ ਅੱਖ ਉਸਦੇ ਚਿਹਰੇ ਉੱਪਰ ਟਿਕ ਗਈ।
-ਇਵਜਾਨੇ ਵਜੋਂ ਮੈਂ ਮੁਲਤਾਨ ਤੇ ਪੇਸ਼ਾਵਰ, ਮਹਾਰਾਜੇ ਦੇ ਹਵਾਲੇ ਕਰ ਦਿਆਂਗਾ। ਸ਼ਾਹ ਸੁਜਾਹ ਨੇ ਕਿਹਾ ਤਾਂ ਰਣਜੀਤ ਸਿੰਘ ਦੀਆਂ ਮੁੱਛਾਂ ਫੈਲ ਗਈਆਂ- 'ਉਹ ਇਲਾਕੇ ਤਾਂ ਪਹਿਲਾਂ ਹੀ ਪੰਜਾਬ ਦਾ ਹਿੱਸਾ ਨੇ । ਕਾਬਲ ਹਵਾਲੇ ਕਰ ਸਕਦਾ ਏਂ
ਸ਼ਾਹ ਸੁਜਾਹ ਨੂੰ ਕੋਈ ਜਵਾਬ ਨਾ ਔੜਿਆ।
ਰਣਜੀਤ ਸਿੰਘ ਨੇ ਉਸ ਨੂੰ ਸੋਚ ਕੇ ਫ਼ੈਸਲਾ ਕਰਨ ਦਾ ਵਕਤ ਦਿੱਤਾ। ਪਰ ਸ਼ਾਹ ਬੁਜਾਹ ਰਣਜੀਤ ਸਿੰਘ ਦੀ ਨੀਯਤ ਤਾੜ ਗਿਆ ਤੇ ਵਿਦਾ ਲੈ ਕੇ ਕਾਹਲੀ ਨਾਲ ਪੇਸ਼ਾਵਰ ਵੱਲ ਚਲਿਆ ਗਿਆ।
ਇਸ ਤੋਂ ਪਹਿਲਾਂ ਸ਼ਾਹ ਸੁਜਾਹ ਕੋਈ ਹੋਰ ਕਦਮ ਪੁੱਟਦਾ, ਰਣਜੀਤ ਸਿੰਘ ਨੇ ਆਪਣੀ ਸੈਨਾ ਇਕੱਠੀ ਕੀਤੀ ਤੇ ਮੁਲਤਾਨ ਉੱਪਰ ਚੜ੍ਹਾਈ ਕਰਨ ਦਾ ਹੁਕਮ ਦੇ ਦਿੱਤਾ।
ਜਦ ਮੋਰਾਂ, ਰਾਣੀ ਦਾਤਾਰ ਕੌਰ ਅਤੇ ਦੂਸਰੀਆਂ ਰਖੇਲਾ ਨੂੰ ਪਤਾ ਲੱਗਾ, ਮਹਾਰਾਜਾ ਫਿਰ ਜੰਗ ਲਈ ਤੁਰਨ ਵਾਲਾ ਹੈ ਤਾਂ ਮਹਿਲਾਂ ਅੰਦਰ ਫੈਲੀਆਂ ਸੁਗੰਧੀਆਂ, ਖ਼ੁਸ਼ਬੂਆਂ ਤੇ ਚਹਿਲ ਪਹਿਲ ਦੇ ਬਾਵਜੂਦ ਰਾਜੇ ਦੀਆਂ ਰਾਣੀਆਂ ਅਤੇ ਨਾਚੀਆਂ ਦੇ ਚਿਹਰਿਆਂ ਉੱਪਰ ਉਦਾਸੀ ਛਾ ਗਈ। ਮੇਰਾਂ ਤਾਂ, ਮਹਾਰਾਜੇ ਦੀ ਲਾਹੌਰ ਵਾਪਸੀ ਬਾਰੇ ਸੁਣਦਿਆਂ ਹੀ ਆਪਣੇ ਕੋਮਲ ਜਿਸਮ ਨੂੰ ਮੁਲਤਾਨੀ ਮਿੱਟੀ ਅਤੇ ਸੁਗੰਧਿਤ ਤੇਲਾਂ ਨਾਲ ਹੋਰ ਵੀ ਮਹਿਕਦਾ ਬਨਾਉਣ ਲੱਗੀ ਹੋਈ ਸੀ। ਉਸ ਨੇ ਡਿਉਢੀਦਾਰ ਰਾਹੀਂ ਮਹਾਰਾਜੇ ਤੱਕ ਸੁਨੇਹਾ ਵੀ ਪਹੁੰਚਾਇਆ-ਮੋਰਾਂ ਦੀ ਤਬੀਅਤ ਨਾ-ਸਾਜ਼ ਹੈ।' ਰਣਜੀਤ ਸਿੰਘ ਨੇ ਪਰਵਾਹ ਨਹੀਂ ਕੀਤੀ ਤੇ ਮੁਲਤਾਨ ਵੱਲ ਚਾਲੇ ਪਾ ਦਿੱਤੇ।
ਖਾਲਸਾ ਫੌਜ ਅਜੇ ਲਾਹੌਰ ਦੀ ਜੂਹ ਨਹੀਂ ਸੀ ਲੰਘੀ, ਮੁਲਤਾਨ ਦੇ ਸੂਬੇਦਾਰ ਮੁਜੱਫਰ ਖ਼ਾਨ ਨੂੰ ਸੂਹੀਆ ਜਾ ਦੱਸਿਆ-'ਕਾਣਾ ਦਿਓ ਫਿਰ ਆ ਰਿਹੈ।
ਮੁਜੱਫਰਖ਼ਾਨ ਨੇ ਫੋਰਨ ਆਪਣਾ ਦੂਤ ਅੰਗਰੇਜ਼ਾਂ ਪਾਸੋਂ ਇਮਦਾਦ ਹਾਸਲ ਕਰਨ ਲਈ ਭੇਜਿਆ। ਕੁਝ ਦਿਨਾਂ 'ਚ ਦੂਤ ਨਿਰਾਸ ਮੁੜ ਆਇਆ। ਉਸ ਨੇ ਦੱਸਿਆ, 'ਖ਼ਾਲਸਾ ਸਰਕਾਰ ਨਾਲ ਅੰਗਰੇਜ਼ ਦੋਸਤੀ ਦੀ ਸੰਧੀ ਕਾਰਨ ਮਦਦ ਨਹੀਂ ਕਰਨਗੇ। ਉਹਨਾਂ ਸਾਫ਼ ਇਨਕਾਰ ਕਰ ਦਿੱਤਾ ਐ।
ਮੁਜੱਫਰ ਖ਼ਾਨ ਨੇ ਆਪਣੇ ਬਲਬੂਤੇ 'ਤੇ ਰਣਜੀਤ ਸਿੰਘ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਉਸ ਨੇ ਪਿੰਡਾਂ 'ਚ ਫੋਰਨ ਐਲਾਨ ਕਰਨ ਲਈ ਕਿਹਾ, 'ਅਠਾਰਾ ਸਾਲਾਂ ਦਾ ਹਰ ਗੱਭਰੂ ਜਹਾਦ ਲਈ ਆਵੇ। ਕਾਫਰਾਂ ਮੁਲਤਾਨ ਉੱਪਰ ਹੱਲਾ ਬੋਲ ਦਿੱਤੇ।'
ਗਰਾਂ ਗਰਾਂ ਢੋਲ ਵੱਜਣ ਲੱਗੇ... 'ਸੁਣੇ ਸ਼ਾਹੀ ਫੁਰਮਾਨ, ਲਾਮ ਰੋਜ਼ ਰੋਜ਼ ਨਹੀਂ ਲੱਗਦੀ। ਤਕਦੀਰਾਂ ਰੋਜ਼ ਰੋਜ਼ ਨਹੀਂ ਖੁੱਲ੍ਹਦੀਆਂ, ਕਾਫ਼ਰਾਂ ਨੂੰ ਮਾਰੋ ਤੇ ਸੁਰਗਾਂ ਵਿਚ ਹੁਰਾਂ ਨੂੰ ਪਾਓ। ਅਠਾਰਾਂ ਸਾਲ ਦਾ ਹਰ ਗੱਭਰੂ ਮੈਦਾਨ ਵਿਚ ਪੁੱਜੇ। ਸਰਕਾਰ ਤੁਹਾਡੇ ਟੱਬਰਾਂ ਦੀ ਸਲਾਮਤੀ ਦਾ ਪੂਰਾ ਖਿਆਲ ਰੱਖੇਗੀ।'
ਪਿੰਡਾਂ ਦੇ ਚੌਰਸਤਿਆਂ ਵਿਚ, ਗੁਆੜਾਂ ਵਿਚ, ਘਰਾਂ ਵਿਚ, ਵੱਡੀਆਂ ਪੁਰਾਣੀਆਂ ਹਵੇਲੀਆਂ ਵਿਚ ਘਰਾਂ ਦੀਆਂ ਤੀਵੀਆਂ ਜਿੱਥੇ ਇਕੱਠੀਆਂ ਹੁੰਦੀਆਂ, ਜੰਗਾਂ ਦੀਆਂ ਗੱਲਾਂ ਛਿੜ ਪੈਂਦੀਆਂ।
ਮਾਵਾਂ, ਭੈਣਾਂ, ਦਾਦੀਆਂ ਦੇ ਚਿਹਰਿਆਂ ਉੱਪਰ ਦਹਿਸ਼ਤ ਛਾ ਗਈ। ਪਤਾ ਨਹੀਂ ਉਹਨਾਂ ਦੇ ਲਾਲ ਜੰਗ ਨੂੰ ਗਏ ਮੁੜਨ ਕਿ ਨਾਂ। ਪਿੰਡਾਂ ਦੇ ਚੌਧਰੀ, ਹਰ ਘਰ ਵਿਚੋਂ ਅਠਾਰਾਂ ਸਾਲਾਂ ਦੇ ਗੱਭਰੂਆਂ ਦੇ ਨਾਵਾਂ ਦੀ ਸੂਚੀ ਤਿਆਰ ਕਰਨ ਲੱਗੇ। ਸਖਤ ਤਾੜਨਾਂ ਕੀਤੀ ਗਈ, 'ਸਰਕਾਰੀ ਹੁਕਮ ਏ, ਕੋਈ ਵੀ ਆਪਣੇ ਗੱਭਰੂ ਦਾ ਨਾਮ ਲੁਕਾਉਣ ਦੀ ਕੋਸ਼ਿਸ਼ ਨਾ ਕਰੋ।'
ਇਕ ਹਵੇਲੀ ਵਿਚ ਤੀਹ-ਪੈਂਤੀ ਘਰ ਸਨ। ਉੱਥੇ ਤੀਵੀਆਂ ਆਪਸ ਵਿਚ ਖਹਿਬੜਨ ਲੱਗੀਆਂ। ਇਕ ਬੋਲੀ, 'ਤੂੰ ਮੈਨੂੰ ਕੀ ਆਖਨੀ ਏਂ ਨੀ, ਮੈਂ ਤਾਂ ਦੇ ਪੁੱਤਰ ਪਹਿਲਾਂ ਦਿੱਤੇ ਈ ਫੌਜ ਨੂੰ, ਹੁਣ ਅੱਲਾਹ ਦੀ ਮੇਹਰ ਨਾਲ ਦੇ ਹੋਰਾਂ ਦਾ ਨਾਮ ਲਿਖ ਕੇ ਲੈ ਗਏ ਨੀ। ਤੂੰ ਕੀ ਜਾਣੇ ਲਾਮ ਨੂੰ ਗਏ ਪੁੱਤਰਾਂ ਦੀਆਂ ਮਾਵਾਂ ਦਾ ਦਰਦ ? ਕਲੇਜਾ ਚੀਰਿਆ ਜਾਂਦਾ ਏ ਭੈਣਾਂ। ਤੂੰ ਕੋਈ ਪੁੱਤਰ ਜਣਿਆ ਹੁੰਦਾ ਤਾਂ ਦੁੱਖ ਜਾਣਦੀ ਨਾ...। ਸਾਡਾ ਤਾਂ ਟੱਬਰ ਈ ਫੌਜੀਆਂ ਦਾ ਟੱਬਰ ਵੱਜਦਾ ਏ।
--ਮੈਂ ਕੀ ਆਖਾਂ, ਭੈਣਾਂ। ਅੱਲਾਹ ਦੀ ਰਜ਼ਾ ਤੋਂ ਬਾਹਰ ਕੁਝ ਨਹੀਂ ਹੁੰਦਾ। ਹੁਣ ਕੁੜੀਆਂ ਨੂੰ ਤਾਂ ਲਾਮ 'ਤੇ ਨਹੀਓਂ ਤੋਰ ਸਕਦੀ ਨਾ । ਦੂਜੀ ਨੇ ਦੁੱਖੀ ਹੁੰਦਿਆਂ ਕਿਹਾ। 'ਪਰ ਹਿੱਸਾ ਤਾਂ ਅਸੀਂ ਵੀ ਪਾਨੇ ਆਂ, ਟੱਕਰ ਪਕਾ ਪਕਾ ਟੋਕਰਿਆਂ ਦੇ ਟੋਕਰੇ ਭੇਜਨੇ ਆਂ ਲੜਦੇ ਫੌਜੀਆਂ ਨੂੰ...
ਕੁਝ ਜਨਾਨੀਆਂ ਏਸ ਗੱਲੋਂ ਆਪਸ ਵਿਚ ਲੜ ਰਹੀਆਂ ਸਨ ਕਿ ਉਸ ਨੇ ਆਪਣੇ ਫਰਜੰਦ ਦਾ ਨਾਮ ਲੁਕਾ ਛੱਡਿਆ ਏ। ਕੋਈ ਦੂਸਰੀ ਆਖ ਰਹੀ ਸੀ, ਇਕ ਨੇ ਤਾਂ ਆਪਣਾ ਪੁੱਤਰ ਪਹਾੜੀ ਚੜ੍ਹਾ ਦਿੱਤਾ ਈ। ਕਿਸੇ ਹੋਰ ਦਾ ਘਰੋਂ ਕਿਧਰ ਨੱਠ ਗਿਆ, ਖ਼ਬਰ ਕੋਈ ਨਹੀਂ।
ਇਸ ਸਮੇਂ ਸਭਨਾਂ ਨੂੰ ਤੋਪ ਦੇ ਗੋਲੇ ਦੀ ਭਿਆਨਕ ਆਵਾਜ਼ ਸੁਣੀ ਤਾਂ ਇਕ ਬੁੱਢੀ ਬੋਲੀ, 'ਲੈ ਆ ਗਈ ਏ ਕਾਫਰਾਂ ਦੀ ਫੌਜ ।'
ਤੇ ਉਹ ਆਪਣੇ ਛੋਟੇ ਬਾਲਾਂ ਨੂੰ ਅੰਦਰ ਛਪਾਉਣ ਲਈ ਦੌੜੀਆਂ।
ਰਣਜੀਤ ਸਿੰਘ ਇਸ ਵਾਰ ਮੁਲਤਾਨ ਦੇ ਕਿਲ੍ਹੇ ਉੱਪਰ ਖਾਲਸਾ ਸਰਕਾਰ ਦਾ ਝੰਡਾ ਲਹਿਰਾਉਣ ਲਈ ਨਿਕਲਿਆ ਸੀ। ਆਪਣੇ ਤੋਪਖ਼ਾਨੇ ਵਿਚ ਉਸ ਨੇ ਜਮਜ਼ਮਾ ਤੋਪ ਨੂੰ ਵੀ ਸ਼ਾਮਲ ਕੀਤਾ ਹੋਇਆ ਸੀ। ਧੂੜ ਉਡਾਉਂਦੀਆਂ ਤੇ ਜੈਕਾਰੇ ਛੱਡਦੀਆਂ ਫੌਜੀ ਟੁਕੜੀਆਂ, ਪਿੰਡਾਂ ਦੇ ਸਧਾਰਨ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਕਰਦੀਆਂ ਮੁਲਤਾਨ ਲਾਗੇ ਆ ਰੁਕੀਆਂ ਸਨ ਤੇ ਆਉਂਦਿਆਂ ਹੀ ਤੋਪ ਦਾ ਗੋਲਾ ਦਾਗ ਕੇ ਰਣਜੀਤ ਸਿੰਘ ਨੇ ਆਪਣੀ ਆਮਦ ਦਾ ਸੰਦੇਸ਼ ਮੁਜੱਫਰ ਖ਼ਾਨ ਨੂੰ ਪਹੁੰਚਾ ਦਿੱਤਾ।
ਮੁਲਤਾਨੀ ਸ਼ਹਿਰੀਆਂ ਦੀ ਲੁੱਟ ਦੇ ਲਾਲਚ ਨੇ ਸੈਨਿਕਾਂ ਦੀ ਬਕਾਵਟ ਭੁਲਾ ਦਿੱਤੀ। ਫੌਜੀ ਲਾਂਗਰੀਆਂ ਨੇ ਭੱਠੀਆਂ ਪੁੱਟ ਕੇ ਤਿਆਰ ਕੀਤੀਆਂ। ਕੁਝ ਹੀ ਸਮੇਂ ਵਿਚ ਵੱਡੇ ਦੇਗਚਿਆਂ ਹੇਠ ਅੱਗ ਬਲਣ ਲੱਗੀ। ਉਠਾ, ਘੋੜਿਆਂ ਅਤੇ ਬੈਲਾਂ ਦੇ ਚਾਰੇ ਅਤੇ ਦਾਣੇ ਲਈ ਫੌਜੀ ਖੇਤਾਂ ਵਿਚ ਫੈਲ ਗਏ।
ਅਗਲੇ ਦਿਨ ਪੁਰਬ ਨੇ ਅਜੇ ਲਾਲੀ ਨਹੀਂ ਸੀ ਫੜੀ, ਯੁੱਧ ਦਾ ਬਿਗਲ ਵੱਜ ਗਿਆ। ਖਾਲਸਾ ਸੈਨਾ ਵੱਲੋਂ ਸਮੂਹਿਕ ਜੈਕਾਰਾ ਛੱਡਿਆ ਗਿਆ। ਮੁਜੱਵਰ ਖਾਨ ਦੀ ਸੈਨਾ ਵਿਚ ਵਧੇਰੇ ਨਵੇਂ ਭਰਤੀ ਕੀਤੇ ਸਿਪਾਹੀ ਸਨ, ਜਿਹਨਾਂ ਨੂੰ ਅਜੇ ਹਥਿਆਰ ਪਕੜਨ ਦੀ ਜਾਚ ਵੀ ਨਹੀਂ ਸੀ। ਖਾਲਸਾ ਫੌਜ ਨੇ ਉਹਨਾਂ 'ਚ ਭਾਜੜਾਂ ਪਾ ਦਿੱਤੀਆਂ। ਡਰਦੇ ਮੁਲਤਾਨੀ ਸੈਨਿਕ ਦਾਅ ਲਗਾ ਕੇ ਕਿਲ੍ਹੇ ਅੰਦਰ ਜਾ ਛਪੇ।
ਕਿਲ੍ਹੇ ਅੰਦਰੋਂ ਵਰ੍ਹਦੇ ਗੋਲਿਆਂ ਨਾਲ ਖ਼ਾਲਸਾ ਫੌਜ ਦਾ ਜਾਨੀ ਨੁਕਸਾਨ ਹੋਣ ਲੱਗਾ। ਜ਼ਮਜ਼ਮਾ ਤੋਪ ਵੀ ਕੋਈ ਚਮਤਕਾਰ ਨਹੀਂ ਸੀ ਵਖਾ ਰਹੀ। ਰਣਜੀਤ ਸਿੰਘ ਹੈਰਾਨ ਹੋਇਆ, 80 ਪੌਂਡ ਦਾ ਗੋਲਾ ਵੀ ਕਿਲ੍ਹੇ ਦੀ ਕੰਧ ਤੋੜਨ ਵਿਚ ਸਫ਼ਲ ਨਾ ਹੋਇਆ। ਘੇਰਾ ਲੰਮਾ ਹੁੰਦਾ ਗਿਆ। ਜਦੋਂ ਮੁਜ਼ੱਫ਼ਰ ਖ਼ਾਨ ਨੂੰ ਪਤਾ ਲੱਗਿਆ, ਉਸ ਦੇ ਬਹੁਤੇ ਸੈਨਿਕ ਕਿਲ੍ਹੇ ਤੋਂ ਬਾਹਰ ਮਾਰੇ ਗਏ ਹਨ। ਕਿਲ੍ਹੇ ਅੰਦਰ ਰਾਸ਼ਨ ਵੀ ਵਧੇਰੇ ਦਿਨਾਂ ਦਾ ਨਹੀਂ ਹੈ। ਸ਼ਹਿਰ ਵੱਲੋਂ ਰਸਦ ਆਉਣ ਤੋਂ ਰੋਕਣ ਲਈ ਖਾਲਸਾ ਫੌਜ ਨੇ ਨਾਕਾਬੰਦੀ ਕਰ ਲਈ ਹੈ ਤਾਂ ਮੁਜੱਫਰ ਖ਼ਾਨ ਨੇ ਆਪਣਾ ਸਾਲਾ ਅੱਬੂ ਬੱਕਰ ਖ਼ਾਨ, ਰਣਜੀਤ ਸਿੰਘ ਕੋਲ ਦੂਤ ਬਣਾ ਕੇ ਭੇਜਿਆ, 'ਮੁਜੱਫਰ ਖ਼ਾਨ, ਲਾਹੌਰ ਦਰਬਾਰ ਨੂੰ ਸਲਾਨਾ ਖਰਾਜ ਦੇਣ ਲਈ ਰਾਜ਼ੀ ਹੈ। ਅਗਰ ਲਾਹੌਰ ਦਰਬਾਰ ਉਸ ਨੂੰ ਮੁਲਤਾਨ ਦੇ ਨਵਾਬ ਦੀ ਪ੍ਰਵਾਨਗੀ ਦਿੰਦਾ ਹੈ।
ਰਣਜੀਤ ਸਿੰਘ ਸੋਚੀਂ ਪੈ ਗਿਆ। ਉਸ ਨੇ ਮੁਜੱਫਰ ਖ਼ਾਨ ਨਾਲ ਕਰੜੇ ਹੱਥੀਂ ਸਿੱਝਣ ਲਈ ਲੋਹ, ਭੱਖਰ, ਕਾਚੀ ਤੇ ਬਹਾਵਲਪੁਰ ਦੇ ਨਵਾਬਾਂ ਨੂੰ ਵੀ ਆਪਣੀਆਂ ਫੌਜਾਂ ਲੈ ਕੇ ਖਾਲਸਾ ਫੌਜ ਵਿਚ ਸ਼ਾਮਲ ਹੋਣ ਲਈ ਸੰਮਨ ਕੀਤਾ ਹੋਇਆ ਸੀ। ਦੇ ਮਹੀਨੇ ਮੁਲਤਾਨ ਨੂੰ ਘੇਰਾ ਪਾਇਆ ਹੋ ਚੁੱਕੇ ਸਨ। ਖਾਲਸਾ ਸੈਨਾ ਵਿਚ ਘਬਰਾਹਟ ਫੇਲ ਰਹੀ ਸੀ। ਅਪ੍ਰੈਲ ਦਾ ਮਹੀਨਾ ਸੀ। ਗਰਮੀ ਕਾਰਨ ਸੈਨਿਕਾਂ ਦਾ ਬੁਰਾ ਹਾਲ ਸੀ। ਹਰ ਸਮੇਂ ਸਰੀਰ ਮੁੜਕੇ ਨਾਲ ਭਿੱਜੇ ਰਹਿੰਦੇ ਸਨ। ਉੱਪਰੋਂ ਹਨੇਰੀਆਂ ਚੱਲਦੀਆਂ। ਅੱਖਾਂ, ਕੰਨ, ਨੱਕ ਰੇਤੇ ਨਾਲ ਭਰ ਜਾਂਦੇ। ਏਨਾ ਹਨੇਰਾ ਛਾ ਜਾਂਦਾ, ਕੁਝ ਵੀ ਨਜ਼ਰ ਨਾ ਆਉਂਦਾ| ਛੋਟੀਆਂ ਕੰਡਿਆਲੀਆਂ ਝਾੜੀਆਂ ਜੜ੍ਹ ਉੱਖੜੀਆਂ ਤੇਜ਼ ਹਨੇਰੀ ਕਾਰਨ ਸੈਨਿਕਾਂ ਦੇ ਸਰੀਰਾਂ ਨਾਲ ਟਕਰਾਉਂਦੀਆਂ ਤਾਂ ਇਉਂ ਲੱਗਦਾ ਜਿਵੇਂ ਸੂਲਾਂ ਦੇ ਤੀਰ ਵੱਜਦੇ ਹੋਣ।
ਮੁਲਤਾਨੀ ਸੈਨਿਕ ਵੀ ਆਪਣੀਆਂ ਤਪਾਂ ਛੱਡ ਕੇ ਪਤਾ ਨਹੀਂ ਕਿਧਰ ਅਲੋਪ ਹੋ ਗਏ ਸਨ। ਜਿਹੜੇ ਕਿਲ੍ਹੇ ਅੰਦਰ ਸਨ, ਉਹ ਆਪਣੀ ਹੋਂਦ ਜਤਾਉਣ ਲਈ ਰੁੱਕ ਰੁੱਕ ਕੇ ਗੋਲੀਆਂ ਚਲਾਉਂਦੇ ਸਨ। ਸਾਰੇ ਹੀ ਲੜਾਈ ਦੇ ਇਸ ਸਮੇਂ ਨੂੰ ਕੋਸਣ ਲੱਗੇ ਹੋਏ ਸਨ। ਰਣਜੀਤ ਸਿੰਘ ਸਭ ਸਮਝਦਾ ਸੀ। ਉਸ ਨੇ ਸੈਨਿਕਾਂ ਦਾ ਮਨੋਬਲ ਰੱਖਣ ਲਈ ਤੋਹਫੇ ਅਤੇ ਤਨਖਾਹਾਂ ਵਿਚ ਵਾਧਾ ਕਰਨ ਦਾ ਐਲਾਨ ਕਰ ਰੱਖਿਆ ਸੀ। ਉਸ ਨੇ ਇਹ ਵੀ ਕਿਹਾ ਸੀ, 'ਗੁਰੂ ਕੀ ਫੌਜ ਕਦੇ ਤਾਂਜ ਨਹੀਂ ਖਾਂਦੀ। ਅਸੀਂ ਅਫ਼ਗਾਨੀਆਂ ਨੂੰ ਧੂਲ ਚਟਾ ਦਿਆਂਗੇ।'
ਪਰ ਉਹ ਵੇਖ ਰਿਹਾ ਸੀ, ਇਸ ਵੇਲੇ ਤਾਂ ਗੁਰੂ ਦੀ ਫੌਜ ਆਪ ਹੀ ਧੂਲ ਫੱਕਣ ਲਈ ਮਜਬੂਰ ਸੀ। ਅਜੇਹੇ ਵੇਲੇ ਅੱਬੂ-ਬੱਕਰ ਦਾ ਆਉਣਾ ਉਸ ਲਈ ਵਰਦਾਨ ਸਾਬਤ ਹੋਇਆ| ਰਣਜੀਤ ਸਿੰਘ ਪਿੱਛੇ ਹਟਣ ਲਈ ਖੁਦ ਕੋਈ ਇਜ਼ਤਦਾਰ ਬਹਾਨਾ ਲੱਭਦਾ ਸੀ। ਉਸ ਨੇ ਮੁਜ਼ੱਫਰ ਖ਼ਾਨ ਦੀ ਪੇਸ਼ਕਸ਼ ਝੱਟ ਪ੍ਰਵਾਨ ਕਰ ਲਈ। ਮੁਜ਼ੱਫਰ ਖ਼ਾਨ 2,50,000/- ਰੁਪਏ ਸਲਾਨਾ ਅਤੇ 20 ਘੋੜੇ ਦੇਣ ਲਈ ਸਹਿਮਤ ਹੋ ਗਿਆ।
-ਇਸ ਸਮੇਂ ਕਿੰਨੀ ਰਕਮ ਦਿੱਤੀ ਜਾਵੇਗੀ ?' ਰਣਜੀਤ ਸਿੰਘ ਨੇ ਪੈਰ ਰੱਖੇ।
-ਇਸ ਵਕਤ ਸਿਰਫ 30,000/- ਰੁਪਏ ਹਾਜ਼ਰ ਹਨ।
-ਬਾਕੀ ਰੁਪਿਆਂ ਦੀ ਅਦਾਇਗੀ ਕਿਵੇਂ ਹੋਵੇਗੀ ? ਰਣਜੀਤ ਸਿੰਘ ਨੇ ਪੁੱਛਿਆ।
ਫਿਰ ਖ਼ੁਦ ਹੀ ਮੁਜੱਫਰ ਖ਼ਾਨ ਅੱਗੇ ਸ਼ਰਤ ਰੱਖੀ-ਅੱਬੂ ਸ਼ੱਕਰ ਖ਼ਾਨ ਲਾਹੌਰ ਦਰਬਾਰ ਦਾ ਉਦੋਂ ਤੱਕ ਬੰਧਕ ਬਣ ਕੇ ਰਹੇਗਾ, ਜਦ ਤੱਕ ਬਾਕੀ ਰਕਮ ਦੀ ਅਦਾਇਗੀ ਨਹੀਂ ਹੁੰਦੀ।
ਇਹ ਸ਼ਰਤ ਮੰਨ ਲਈ ਗਈ।
ਭਾਵੇਂ ਰਣਜੀਤ ਸਿੰਘ ਨੇ ਮੁਜ਼ੱਫਰ ਖਾਨ ਨੂੰ ਮਾਲ ਗੁਜਾਰੀ ਦੇਣ ਲਈ ਮਜਬੂਰ ਕਰ ਦਿੱਤਾ ਸੀ। ਪਰ ਮੁਲਤਾਨ ਉੱਪਰ ਖਾਲਸਾ ਰਾਜ ਦਾ ਝੰਡਾ ਨਾ ਲਹਿਰਾ ਸਕਣ ਦਾ ਕੰਡਾ ਉਸ ਦੇ ਦਿਲ ਵਿਚ ਪਹਿਲਾਂ ਨਾਲੋਂ ਵੀ ਵਧੇਰੇ ਚੁੱਭਣ ਲੱਗਾ। ਉਹ ਮੁਲਤਾਨ ਦੇ ਕਿਲ੍ਹੇ ਵੱਲ ਹਸਰਤ ਨਾਲ ਝਾਕਿਆ-'ਆਪਾਂ ਫਿਰ ਜਲਦੀ ਟੱਕਰਾਂਗੇ।' ਉਸ ਦੇ ਮੂੰਹੋਂ ਸੁਭਾਵਕ ਨਿਕਲਿਆ। ਫਿਰ ਫੌਜ ਨੂੰ ਵਾਪਸੀ ਕਰਨ ਦਾ ਹੁਕਮ ਦੇ ਦਿੱਤਾ।