ਕਦੇ ਅੱਧੀ ਰਾਤ ਵੇਲੇ, ਕਦੇ ਪਹਿਰ ਦੇ ਤੜਕੇ, ਲਾਹੌਰ ਵਾਸੀਆਂ ਨੂੰ ਘੋੜਿਆ ਦੇ ਪੌੜਾਂ ਦੀਆਂ ਅਵਾਜ਼ਾਂ ਸੁਣਦੀਆਂ। ਇਹਨਾਂ ਆਵਾਜ਼ਾਂ ਦੇ ਉਹ ਚਿਰਾਂ ਤੋਂ ਆਦੀ ਹੋ ਗਏ ਸਨ। ਜਾਣਦੇ ਸਨ, ਕਿਸੇ ਨਾ ਕਿਸੇ ਮੁਹਿੰਮ ਤੋਂ ਕਾਸਦ ਫਤੇਹ ਜਾਂ ਹਾਰ ਦੇ ਸੁਨੇਹੇ ਦੇਣ ਆਏ ਹੋਣੇ ਨੇ। ਜਦ ਵੀ ਘੋੜ ਸਵਾਰ ਪੁੱਜਦੇ, ਪਹਿਲਾਂ ਕਿਲ੍ਹੇਦਾਰ ਆਉਣ ਦੀ ਖ਼ਬਰ, ਮੁੱਖ ਦਰਵਾਜ਼ੇ ਤੋਂ ਤੁਰਦੀ ਮਹਾਰਾਜੇ ਤੱਕ ਜਾ ਪੁੱਜਦੀ। ਅੱਜ ਵੀ ਪਹਿਰ ਦੇ ਤੜਕੇ ਪੁੱਜੇ ਘੋੜਸਵਾਰਾਂ ਨੇ ਖੁਸ਼ਖ਼ਬਰੀ ਲੈ ਕੇ ਆਂਦੀ।
-ਸਰਦਾਰ ਹਰੀ ਸਿੰਘ ਨਲਵਾ ਅਤੇ ਕਿਰਪਾ ਰਾਮ ਦੀਆਂ ਫੌਜਾਂ ਨੇ ਸਿੰਧ ਦਰਿਆ ਨੂੰ ਬੇੜੀਆਂ ਦੇ ਪੁਲ ਰਾਹੀਂ ਪਾਰ ਕਰਕੇ, ਜਹਾਂਗਹੇਰਾ ਕਿਲ੍ਹੇ ਵਿਚੋਂ ਅਫਗਾਨੀਆਂ ਨੂੰ ਭਜਾ ਦਿੱਤਾ ਏ ਤੇ ਉਹ ਪਹਾੜੀਆਂ ਵੱਲ ਜਾ ਛੁਪੇ ਨੇ। ਕੁਝ ਅਫਗਾਨੀ ਕੈਦ ਕਰ ਲਏ ਨੇ। ਕਿਲ੍ਹੇ ਉੱਪਰ ਖ਼ਾਲਸਾ ਰਾਜ ਦਾ ਝੰਡਾ ਲਹਿਰਾ ਦਿੱਤਾ ਏ।'
-ਵਾਹ। ਵਾਹ।' ਸੁਣਦਿਆਂ ਹੀ ਰਣਜੀਤ ਸਿੰਘ ਮੁੱਛਾਂ ਨੂੰ ਤਾਅ ਦੇਣ ਲੱਗ ਪਿਆ।
ਪਰ ਘੋੜ ਸਵਾਰਾਂ ਨੇ ਅਜੇ ਪੂਰੀ ਸੂਚਨਾ ਨਹੀਂ ਸੀ ਦਿੱਤੀ। ਇਕ ਅੱਗੇ ਬੋਲਿਆ, --ਮਹਾਰਾਜ, ਅਫਗਾਨੀਆਂ ਨੇ 'ਅੱਲਾਹ-ਹੂ-ਅਕਬਰ' ਦੇ ਨਾਅਰੇ, ਮਾਰਦਿਆਂ, ਪਿਛਾਂਹ ਭੱਜੇ ਜਾਂਦੇ ਅਫਗਾਨੀਆਂ ਨੂੰ ਲਾਹਣਤਾਂ ਪਾਈਆਂ ਤਾਂ ਉਹ 'ਅਲੀ ਅਲੀ ਕਰਦੇ ਪਿੱਛੇ ਮੁੜੇ। ਯੂਸਫਜ਼ਈਆਂ ਵਿਚ ਘਮਸਾਨ ਦਾ ਯੁੱਧ ਚੱਲ ਰਿਹਾ ਹੈ। ਜੰਗ ਦੇ ਮੈਦਾਨ ਵਿਚ ਲਾਸ਼ਾਂ ਦੇ ਢੇਰ ਲੱਗ ਗਏ ਹਨ। ਜ਼ਖਮੀ ਕੁਰਲਾ ਰਹੇ ਹਨ। ਮੱਲ੍ਹਮ-ਪੱਟੀ ਤਰਨ ਵਾਲਾ ਕੋਈ ਨਹੀਂ ਹੈ। ਲਾਹੌਰ ਤੋਂ ਹੋਰ ਫੌਜ ਭੇਜਣੀ ਪਏਗੀ।
ਰਣਜੀਤ ਸਿੰਘ ਦੀਆਂ ਖੜੀਆਂ ਮੁੱਛਾਂ ਫਰਕਣ ਲੱਗੀਆਂ। ਉਸ ਨੇ ਖੜਕ ਸਿੰਘ ਨੂੰ ਫੌਜ ਲੈ ਕੇ ਫੋਰਨ ਕੂਚ ਕਰਨ ਦਾ ਹੁਕਮ ਦਿੱਤਾ। ਲਾਹੌਰ ਦਰਬਾਰ ਦੀ ਪੂਰੀ ਸੈਨਿਕ-ਸ਼ਕਤੀ ਝੋਕਣ ਦੇ ਇਰਾਦੇ ਨਾਲ ਮਿਸਰ ਦੀਵਾਨ ਚੰਦ ਨੂੰ ਨੋਸਿਹਰਾ ਵੱਲ ਅਟਕ ਅਤੇ ਪੇਸ਼ਾਵਰ ਦੇ ਵਿਚਕਾਰਲਾ ਰਾਹ ਰੋਕਣ ਲਈ ਭੇਜਿਆ। ਖ਼ੁਦ ਰਣਜੀਤ ਸਿੰਘ ਨੇ ਆਪਣੇ ਸਭ ਤੋਂ ਤਾਕਤਵਰ ਅਤੇ ਮਾਹਰ ਜਾਂਬਾਜ 15 ਹਜਾਰ ਘੋੜ ਸਵਾਰ ਨੇ ਕੇ ਸਹਾਇਤਾ ਲਈ ਪਿੱਛੇ ਜਾਣ ਦਾ ਫੈਸਲਾ ਕਰ ਲਿਆ।
-ਮਹਾਰਾਜ ਇਹ ਮੌਕਾ ਹੈ, ਖਾਲਸਾ ਫੌਜ ਪੂਰੀ ਦੀ ਪੂਰੀ ਕਿਸੇ ਮੁਹਿੰਮ ਉੱਪਰ ਜਾ ਰਹੀ ਹੈ। ਫ਼ਕੀਰ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ।ਰਣਜੀਤ ਸਿੰਘ ਕ੍ਰੋਧ ਨਾਲ ਭਰਿਆ ਹੋਇਆ ਸੀ। ਉਸ ਦੀ ਅਨੋਖੀ ਵੱਡੀ ਅੱਖ ਵਿਚ ਅੱਗ ਬਲਦੀ ਮਾਲੂਮ ਹੁੰਦੀ ਸੀ, ਬੋਲਿਆ-'ਹੁਣ ਅਫਗਾਨੀਆਂ ਨਾਲ ਫਤੇਹ ਜਾਂ ਮੌਤ ਦੀ ਲੜਾਈ ਲੜਨੀ ਹੋਏਗੀ।'
ਮਾਰਚ ਮਹੀਨੇ ਦੀ 13 ਤਾਰੀਖ ਨੂੰ ਰਣਜੀਤ ਸਿੰਘ ਦੀ ਸੈਨਾ ਜਦ ਦਰਿਆ 'ਤੇ ਪੁੱਜੀ, ਵੇਖਿਆ ਅਫ਼ਗਾਨੀਆਂ ਨੇ ਬੋੜੀਆਂ ਦਾ ਪੁੱਲ ਤਬਾਹ ਕਰ ਦਿੱਤਾ ਸੀ।
-ਫੋਰਨ ਦੂਸਰਾ ਪੁਲ ਤਿਆਰ ਕਰੋ।' ਘੋੜੇ ਉੱਪਰ ਬੈਠਿਆਂ ਹੀ ਰਣਜੀਤ ਸਿੰਘ ਨੇ ਹੁਕਮ ਦਿੱਤਾ।
ਸੈਨਿਕ ਅਤੇ ਮਲਾਹ ਦਰਿਆ ਵਿਚ ਆਪ-ਮੁਹਾਰੇ ਤੈਰ ਰਹੀਆਂ ਬੇੜੀਆਂ ਨੂੰ ਕਾਬੂ ਕਰਨ ਦਰਿਆ ਵਿਚ ਉੱਤਰ ਗਏ। ਆਸੇ ਪਾਸੇ ਝਾੜਾਂ ਅਤੇ ਕੁੰਦਰਾਂ ਵਿਚ ਛੁਪੇ ਅਫਗਾਨੀ ਉਹਨਾਂ ਉੱਪਰ ਅਚਾਨਕ ਗੋਲੀਆਂ ਚਲਾਉਣ ਲੱਗੇ। ਫਿਰ ਤਾਂ ਇਹ ਸਿਲਸਿਲਾ ਹੀ ਬਣ ਗਿਆ। ਜਦ ਵੀ ਕੋਈ ਮਲਾਹ ਜਾਂ ਸੈਨਿਕ ਦਰਿਆ ਦੇ ਲਾਗੇ ਨਜ਼ਰ ਆਉਂਦਾ, ਪਤਾ ਨਹੀਂ ਕਿਧਰੋਂ ਗੋਲੀ ਚਲਦੀ। ਇਸ ਤਰ੍ਹਾਂ ਖਾਲਸਾ ਫੌਜ ਦਾ ਕਾਫ਼ੀ ਜਾਨੀ ਨੁਕਸਾਨ ਹੋ ਗਿਆ।
ਫਿਰ ਖ਼ਬਰ ਮਿਲੀ-ਦਰਿਆ ਦੇ ਪਾਰ ਕੁੰਵਰ ਸ਼ੇਰ ਸਿੰਘ ਅਫ਼ਗਾਨੀਆਂ ਵਿਚ
ਘਿਰ ਗਿਆ ਹੈ। ਅਗਰ ਫੌਰਨ ਸਹਾਇਤਾ ਨਾ ਪੁੱਜੀ ਤਾਂ ਕੁੰਵਰ ਦੀ ਜਾਨ ਨੂੰ ਖ਼ਤਰਾ ਹੈ। ਸ਼ੇਰ ਸਿੰਘ ਨੂੰ ਬੰਦੀ ਬਣਾ ਲਿਆ ਜਾਵੇਗਾ ਤੇ ਉਸ ਦੀ ਸਾਰੀ ਸੈਨਾ ਮੌਤ ਦੇ ਘਾਟ ਉਤਾਰ ਦਿੱਤੀ ਜਾਵੇਗੀ'
ਹੁਣ ਰਣਜੀਤ ਸਿੰਘ ਆਪੇ ਤੋਂ ਬਾਹਰ ਹੋ ਗਿਆ। ਉਹ ਖ਼ੁਦ ਦਰਿਆ ਕੰਢੇ ਆਣ ਕੇ ਪਾਰ ਕਰਨ ਲਈ ਢੁਕਵਾਂ ਸਥਾਨ ਖੋਜਣ ਲੱਗਾ। ਇਕ ਜਗਾਹ ਪਿੰਡ ਹੁੰਦ ਨੇੜੇ ਦਰਿਆ ਦਾ ਪਾਟ ਵਧੇਰੇ ਚੋੜਾ ਸੀ। ਏਥੇ ਪਾਣੀ ਵੀ ਘੱਟ ਡੂੰਘਾ ਹੋਣ ਦੀ ਸੰਭਾਵਨਾ ਸੀ। ਰਣਜੀਤ ਸਿੰਘ ਨੂੰ ਇਹ ਵੀ ਪਤਾ ਸੀ, ਸਿਕੰਦਰ, ਮੁਹੰਮਦ ਗੋਰੀ ਅਤੇ ਬਾਬਰ, ਹਿੰਦੁਸਤਾਨ ਉੱਪਰ ਹਮਲੇ ਕਰਨ ਲਈ ਏਸ ਜਗਾਹ ਦੀ ਵਰਤੋਂ ਕਰਦੇ ਸਨ। ਉਸ ਨੇ ਇਰਾਦਾ ਕਰ ਲਿਆ। ਆਰ ਜਾਂ ਪਾਰ। ਜਾਂ ਹੁਣੇ ਹੀ ਜਾਂ ਫਿਰ ਕਦੇ ਵੀ ਨਹੀਂ। ਉਸ ਨੇ ਸੈਨਾ ਨੂੰ ਦਰਿਆ ਪਾਰ ਕਰਨ ਦਾ ਹੁਕਮ ਦਿੱਤਾ। ਜਰਨੈਲ ਦੁਚਿੱਤੀ ਵਿਚ ਸਨ।
ਰਣਜੀਤ ਸਿੰਘ ਨੇ ਸਭਨਾਂ ਵੱਲ ਪਲ ਕੁ ਭਰ ਲਈ ਵੇਖਿਆ, ਫਿਰ 'ਬੋਲੇ ਸੋ ਨਿਹਾਲ' ਦਾ ਨਾਅਰਾ ਲਾਇਆ ਤੇ ਆਪਣਾ ਘੋੜਾ ਸੂਕਦੇ ਅਟਕ ਦਰਿਆ ਵਿਚ ਠੱਲ੍ਹ ਦਿੱਤਾ। ਫੌਜ ਵੀ ਉਸ ਦੇ ਪਿੱਛੇ ਠਿਲ੍ਹ ਪਈ। ਪਾਣੀ ਦੇ ਤੇਜ ਵਹਾ ਵਿਚ ਘੋੜੇ- ਖੱਚਰਾਂ, ਊਠ ਰੁੜ੍ਹਨ ਲੱਗੇ। ਕੁਝ ਸੈਨਿਕਾਂ ਦੇ ਪੈਰ ਹੀ ਨਾ ਲੱਗੇ, ਉਹ ਵੀ ਦਰਿਆ ਦੀ ਭੇਟ ਚੜ੍ਹ ਗਏ। ਜੈਕਾਰਿਆਂ ਦੇ ਨਾਲ ਨਾਲ ਸੈਨਿਕਾਂ ਦੀਆਂ ਚੀਕਾਂ ਵੀ ਸੁਣਾਈ ਦੇਣ ਲੱਗੀਆਂ। ਹਥਿਆਰ, ਗੋਲੀ-ਸਿੱਕਾ-ਬਾਰੂਦ ਵੀ ਦਰਿਆ ਵਿਚ ਵਹਿ ਗਿਆ। ਜੇ ਬਚਿਆ ਭਿੱਜ ਗਿਆ। ਫਿਰ ਵੀ ਹਜ਼ਾਰਾਂ ਦੀ ਗਿਣਤੀ ਵਿਚ ਸੈਨਿਕਾਂ ਨੇ ਦਰਿਆ ਪਾਰ ਕਰ ਲਿਆ। ਜਦ ਖਾਲਸਾ ਫੌਜ ਨੇ ਪੱਛਮੀ ਕਿਨਾਰੇ ਉੱਪਰ ਜਾ ਕੇ ਕਬਜ਼ਾ ਕਰ ਲਿਆ ਤਾਂ ਅਫ਼ਗਾਨੀਆਂ ਦੇ ਹੋਸ਼ ਗੁੰਮ ਹੋ ਗਏ। ਕੁੰਵਰ ਸ਼ੇਰ ਸਿੰਘ ਇਸ ਵੇਲੇ ਜਹਾਂਗੀਰਾ ਕਿਲ੍ਹੇ ਵਿਚ ਘਿਰਿਆ ਹੋਇਆ ਸੀ। ਖ਼ਾਲਸਾ ਫੌਜ ਦਾ ਹੜ੍ਹ ਵੇਖ ਕੇ ਅਫ਼ਗਾਨੀ ਕਰਦੇ ਕਿਲ੍ਹੇ ਦਾ ਘੇਰਾ ਛੱਡ ਕੇ ਪਿੱਛੇ ਹਟਦੇ ਹਟਦੇ ਪੂਰਾ ਮੈਦਾਨ ਖ਼ਾਲੀ ਕਰ ਗਏ। ਜਹਾਂਗੀਰਾ ਕਿਲ੍ਹੇ ਦੇ ਦੁਆਰ ਖੋਹਲ ਦਿੱਤੇ ਗਏ। ਕਿਲ੍ਹੇ ਅੰਦਰੋਂ 'ਫਤਹ' ਅਤੇ 'ਅਕਾਲ ਸਹਾਇ' ਦੇ ਜੈਕਾਰੇ ਛੱਡੇ ਗਏ ਤੇ ਤੋਪਾਂ ਦਾਗ਼ ਕੇ ਜਿੱਤ ਦਾ ਜਸ਼ਨ ਮਨਾਇਆ ਜਾਣ ਲੱਗਾ।
ਦਰਬਾਰ ਦੀਆਂ ਫੌਜਾਂ ਨੇ ਭਗੌੜੇ ਜੈ ਸਿੰਘ ਅਟਾਰੀਵਾਲੇ ਨੂੰ ਬੰਦੀ ਬਣਾ ਕੇ, ਰਾਤ ਵੇਲੇ ਰਣਜੀਤ ਸਿੰਘ ਦੇ ਅੱਗੇ ਪੇਸ਼ ਕੀਤਾ। ਉਹ ਝੱਟ ਰਣਜੀਤ ਸਿੰਘ ਦੇ ਪੈਰੀ ਡਿੱਗ ਪਿਆ। ਗਿੜ ਗਿੜਾ ਕੇ ਕਿਹਾ-'ਮੈਨੂੰ ਪਾਪੀ ਨੂੰ ਮਾਫ਼ ਕਰ ਦਿਉ। ਮੈਥੋਂ ਭੁੱਲ ਹੋ ਗਈ ਮਹਾਰਾਜ। ਮੈਂ ਸਾਰੀ ਉਮਰ ਹਜੂਰ ਦਾ ਸੇਵਾਦਾਰ ਬਣ ਕੇ ਰਹਾਂਗਾ। ਮੈਨੂੰ ਅਫ਼ਗਾਨੀਆਂ ਨੇ ਧਮਕਾ ਕੇ ਆਪਣੇ ਨਾਲ ਰਲਾਇਆ ਹੋਇਆ ਸੀ। ਮੇਰੇ ਕੋਲ ਜਾਨ ਬਚਾਉਣ ਦਾ ਹੋਰ ਕੋਈ ਰਾਹ ਨਹੀਂ ਸੀ। ਮੇਰੀ ਕੁੱਲ ਬਖਸ਼ ਦਿਉ ਮਹਾਰਾਜ।
-ਅਫ਼ਗਾਨੀਆਂ ਨੇ ਤੈਨੂੰ ਆਪਣਾ ਜਾਸੂਸ ਬਣਾ ਕੇ ਤਾਂ ਨਹੀਂ ਭੇਜਿਆ ?" ਰਣਜੀਤ ਸਿੰਘ ਨੇ ਆਪਣੀ ਆਦਤ ਅਨੁਸਾਰ ਪੁੱਛਿਆ।
-ਨਹੀਂ ਮਹਾਰਾਜ। ਜਦ ਮੈਂ ਆਜ਼ਮ ਖ਼ਾਨ ਦੇ ਨਾਲ ਸਾਂ ਤਾਂ ਇਕ ਦਿਨ ਉੱਥੇ ਅਫ਼ਗਾਨੀ ਸਿਪਾਹੀ ਸਿੱਖਾਂ ਦੇ ਕੁਝ ਸਿਰ ਲੈ ਕੇ ਆਏ। ਇਕ ਦਰਬਾਰੀ ਨੇ ਇਕ ਸਿਰ ਨੂੰ ਠੁੱਡਾ ਮਾਰਿਆ ਤੇ ਕਾਫ਼ਰ ਕਹਿ ਕੇ ਗਾਲ੍ਹਾਂ ਕੱਢੀਆਂ। ਇਹ ਸਭ ਅੱਖੀ ਵੇਖ ਕੇ ਮੈਥੋਂ ਬਰਦਾਸਤ ਨਾ ਹੋਇਆ, ਮਹਾਰਾਜ। ਉਦੋਂ ਤੋਂ ਹੀ ਮੈਂ ਉਥੋਂ ਨੱਸਣ ਦਾ ਮੌਕਾ ਲੱਭਦਾ ਸਾਂ। ਹੁਣ ਹਜੂਰ ਦੀ ਸ਼ਰਨ ਵਿਚ ਜੀਵਾਂਗਾ, ਤੇ ਹਜੂਰ ਦੀ ਸ਼ਰਨ ਵਿਚ ਮਰਾਂਗਾ।
ਰਣਜੀਤ ਨੇ ਉੱਠ ਕੇ, ਜੈ ਸਿੰਘ ਨੂੰ ਜੱਫੀ ਵਿਚ ਲੈ ਲਿਆ ਤੇ ਉਸ ਦੀ ਭੁੱਲ ਬਖਸ਼ ਦਿੱਤੀ।
ਜਹਾਂਗੀਰਾ ਕਿਲ੍ਹੇ ਵਿਚ ਦਰਬਾਰ ਦੀ ਸੈਨਾ ਅਜੇ ਵੀ ਜਿੱਤ ਦੇ ਜਸ਼ਨ ਮਨਾ ਰਹੀ ਸੀ। ਇਕ ਜਾਸੂਸ ਨੇ ਆ ਕੇ ਜਸ਼ਨਾਂ ਦਾ ਰੰਗ ਫਿੱਕਾ ਪਾ ਦਿੱਤਾ। ਉਸ ਨੇ ਦੱਸਿਆ- 'ਅਫਗਾਨੀ ਫਿਰ ਇਕ ਛੋਟੀ ਜਿਹੀ ਪਹਾੜੀ ਪੀਰ ਸਾਬਕ ਪਰ ਜਮ੍ਹਾ ਹੋ ਰਹੇ ਹੈ। ਅੰਦਾਜ਼ਨ ਬੀਸ ਹਜ਼ਾਰ ਹੋ ਸਕਦੇ ਹੈ। ਸਥਾਨਕ ਵਾਸੀਆ ਸੇ ਜਾਨਕਾਰੀ ਲਈ ਹੈ, ਇਹ ਜਗਾਹ ਪਿਸ਼ੇਰ ਅਤੇ ਨੁਸ਼ਿਹਰੇ ਦੇ ਵਿਚਕਾਰ ਵਗ ਰਹੋ ਦਰਿਆ ਲੰਡਾ ਕੇ ਖੱਬੇ ਪਾਸੇ ਵੱਲ ਹੈ। ਯਹ ਭੀ ਮਾਲੂਮ ਹੂਆ ਹੈ, ਆਜ਼ਮ ਖ਼ਾਨ ਦਰਿਆ ਕੇ ਦੂਸਰੇ ਕਿਨਾਰੇ ਪਰ ਕਬਾਇਲੀਆਂ ਕੀ ਭਾਰੀ ਫ਼ੌਜ ਲੈ ਕੇ ਤਿਆਰ ਬੈਠਾ ਹੈ।
ਰਣਜੀਤ ਸਿੰਘ ਆਪਣੇ ਵਿਦੇਸ਼ੀ ਜਰਨੈਲ ਐਲਾਰਡ ਅਤੇ ਜਰਨੈਲ ਵੈਨਤੂਰਾ
ਵੱਲ ਝਾਕਿਆ। ਉਹ ਸਮਝ ਗਏ, ਮਹਾਰਾਜੇ ਦੀ ਇੱਛਾ ਕੀ ਹੈ ? ਜਦ ਦੋਹਾਂ ਜਰਨੈਲਾਂ ਨੇ ਜਾਣ ਦੀ ਆਗਿਆ ਮੰਗੀ ਤਾਂ ਰਣਜੀਤ ਸਿੰਘ ਨੇ ਕਿਹਾ:
-ਕਿਸੇ ਵੀ ਕੀਮਤ 'ਤੇ ਆਜਮ ਖ਼ਾਨ ਨੂੰ ਦਰਿਆ ਪਾਰ ਕਰਨ ਤੋਂ ਰੋਕਣਾ ਹੈ। ਐਲਾਰਡ ਅਤੇ ਵੈਨਤੂਰਾ ਦੇ ਜਾਣ ਤੋਂ ਬਾਅਦ, ਕਬਾਇਲੀਆਂ ਨਾਲ ਸਿੱਝਣ ਲਈ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਮੋਰਚਾ ਬੰਦੀ ਕਰਨ ਦਾ ਹੁਕਮ ਦਿੱਤਾ।
ਸੂਹੀਆਂ ਦੀ ਨਿਸ਼ਾਨਦੇਹੀ ਅਨੁਸਾਰ ਕੁੰਵਰ ਖੜਕ ਸਿੰਘ ਸੈਨਾ ਦੀ ਅਗਵਾਈ ਕਰਦਾ ਹੋਇਆ, ਪੀਰ ਸਾਬਕ ਪਹਾੜੀ ਵੱਲ ਵਧਿਆ। ਗਾਜ਼ੀਆਂ ਨੇ ਪਹਾੜੀ ਓਹਲਿਓਂ ਗੋਲੀਆਂ ਦੀ ਬੌਛਾਰ ਕਰ ਦਿੱਤੀ। ਉੱਪਰੋਂ ਪੱਥਰਾਂ ਅਤੇ ਰੋੜਿਆਂ ਦਾ ਮੀਂਹ ਵਰ੍ਹਾ ਦਿੱਤਾ। ਖੜਕ ਸਿੰਘ ਦੀ ਸੈਨਾ ਦਾ ਕਾਫ਼ੀ ਜਾਨੀ ਨੁਕਸਾਨ ਹੋਇਆ।
ਫਿਰ ਦੂਸਰਾ ਜੰਗੀ ਦਾਅ ਵਰਤਣ ਦਾ ਫੈਸਲਾ ਕੀਤਾ। ਘੋੜ ਸਵਾਰਾਂ ਦਾ ਇਕ ਜੱਥਾ ਹਨੇਰੀ ਵਾਂਗ ਪਹਾੜੀ ਲਾਗੇ ਗਿਆ ਤੇ ਗੋਲੀਆਂ ਦਾਗ਼ ਕੇ ਵਰਨ ਵਾਪਸ ਪਰਤਿਆ। ਫਿਰ ਦੂਜਾ ਜੱਥਾ, ਤੀਜਾ ਜੱਥਾ ਗਏ। ਇਸ ਤਰ੍ਹਾਂ ਵੀ ਕਾਫ਼ੀ ਜਾਨੀ ਨੁਕਸਾਨ ਹੋਇਆ। ਅਫ਼ਗਾਨੀ ਵੀ ਬਹੁਤ ਮਾਰੇ ਗਏ, ਫਿਰ ਵੀ ਉਹ ਚੱਟਾਨ ਵਾਂਗ ਡਟੇ ਰਹੇ। ਪਰ ਉਹ ਸਿੱਖ ਫੌਜ ਦੇ ਲੜਨ-ਢੰਗ ਤੋਂ ਦੁੱਖੀ ਹੋ ਗਏ। ਉਹ ਆਹਮੋ- ਸਾਹਮਣੇ ਦੀ ਟੱਕਰ ਲਈ, 'ਯਾਅਲੀ ਅਤੇ ਅੱਲਾਹ-ਹੂ-ਅਕਬਰ' ਦੇ ਨਾਅਰੇ ਲਾਉਂਦੇ ਪਹਾੜੀ ਓਹਲਿਓਂ ਨਿਕਲ ਕੇ ਸਿੱਖ ਘੋੜ ਸਵਾਰਾਂ ਉੱਪਰ ਟੁੱਟ ਪਏ। ਦਰਬਾਰ ਦੀ ਫੌਜ ਦੀਆਂ ਕਤਾਰਾ ਤਿੱਤਰ-ਬਿੱਤਰ ਹੋ ਗਈਆਂ। ਘੋੜੇ ਘਬਰਾ ਕੇ ਬੇ-ਲਗਾਮ ਹੋ ਗਏ। ਫੌਜ ਪਿੱਛੇ ਹਟਣ ਲੱਗੀ। ਇਸ ਦੌਰਾਨ ਇਕ ਬਹਾਦਰ ਅਤੇ ਬਹੁਤ ਹੀ ਯੋਗ ਆਗੂ ਸਤਗੁਰੁ ਸਹਾਇ ਮਾਰਿਆ ਗਿਆ।
ਰਣਜੀਤ ਸਿੰਘ ਨੇ ਵੇਖਿਆ, ਖਾਲਸਾ ਫੌਜ ਪਿੱਛੇ ਹਟਣ ਲੱਗੀ ਹੈ, ਉਸ ਨੇ ਫੋਰਨ ਨਜੀਬ ਅਤੇ ਗੋਰਖੇ ਬਲਕੱਦਰ ਨੂੰ ਅੱਗੇ ਵੱਧ ਕੇ ਮਦਦ ਕਰਨ ਦਾ ਹੁਕਮ ਦਿੱਤਾ। ਰਣਜੀਤ ਸਿੰਘ ਨੇ ਫੌਜ-ਏ-ਖ਼ਾਸ ਦਾ ਇਕ ਦਸਤਾ ਪਹਾੜੀ ਦੀ ਵੱਖੀ ਵਿਚ ਖੜ੍ਹਾ ਕਰਕੇ ਹੁਕਮ ਦਿੱਤਾ, 'ਜਿਹੜਾ ਵੀ ਦਰਬਾਰ ਦਾ ਸੈਨਿਕ ਪਿੱਛੇ ਭੱਜਣ ਦਾ ਯਤਨ ਕਰੇ, ਉਸ ਦੇ ਗੋਲੀ ਮਾਰ ਦਿੱਤੀ ਜਾਏ।
ਇਕ ਹੋਰ ਸੈਨਿਕ ਟੁਕੜੀ ਨੇ ਪੀਰ ਸਾਬਕ ਪਹਾੜੀ ਉੱਪਰ ਮੋਰਚੇ ਬਣਾ ਕੇ ਤੋਪਾਂ ਬੀੜ ਦਿੱਤੀਆਂ। ਜਦ ਆਜ਼ਮ ਖ਼ਾਨ ਨੂੰ ਦਰਬਾਰ ਦੀ ਫੌਜ ਵੱਲ ਕੀਤੀ ਮੋਰਚਾ ਬੰਦੀ ਅਤੇ ਤੋਪਾਂ ਬੀੜ ਕੇ ਪੈਂਤੜੇ ਬਾਜ਼ੀ ਲੈਣ ਦੀ ਖ਼ਬਰ ਮਿਲੀ ਤਾਂ ਉਹ ਆਪਣੇ ਭਰਾ ਨੂੰ ਲੰਡੇ ਦਰਿਆ ਉੱਪਰ ਆਣ ਮਿਲਿਆ। ਪਰ ਅੱਗੇ ਦਰਿਆ ਦੇ ਪੱਛਮੀ ਕੰਢੇ 'ਤੇ ਤਪਾਂ ਬੀੜੀਆਂ ਵੇਖ ਕੇ ਘਬਰਾ ਗਿਆ। ਹਥਿਆਰਾ ਅਤੇ ਸੈਨਾ ਦੀ ਗਿਣਤੀ ਦੇ ਪੱਖ ਤੇ ਦਰਬਾਰ ਦੀਆਂ ਫੌਜਾਂ, ਅਫਗਾਨੀਆਂ ਨਾਲ ਹਰ ਤਰ੍ਹਾਂ ਨਾਲ ਬੇਹਤਰ ਸਨ। ਇਕ ਹੋਰ ਸੂਹੀਏ ਨੇ ਆਣ ਕੇ ਪੂਰੀ ਜਾਣਕਾਰੀ ਦਿੰਦਿਆ ਦੱਸਿਆ, 'ਏਸ ਵੇਲੇ ਅਫ਼ਗਾਨੀਆ ਪਾਸ ਤੀਰ-ਕਮਾਨ, ਤੋੜੇਦਾਰ ਬੰਦੂਕਾ ਤਲਵਾਰਾਂ, ਚਾਕੂ ਅਤੇ ਡਾਂਗਾਂ ਦੇ ਹਥਿਆਰ ਹਨ ਤੇ ਉਹ ਬੇਤਰਤੀਬੇ ਵੀ ਹਨ।
-ਜਦ ਇਹ ਸਥਿਤੀ ਹੈ ਤਾਂ ਇਹ ਹਾਰ ਕਿਉਂ ਨਹੀਂ ਮੰਨ ਰਹੇ। ਕੀ ਇਹ ਸੱਚ ਹੀ ਏਨੇ ਚੀੜ੍ਹੇ ਹਨ ਜਾਂ ਕੋਈ ਹੋਰ ਵਜਾਹ ਹੈ। ਰਣਜੀਤ ਸਿੰਘ ਹੈਰਾਨ ਸੀ। ਰਣਜੀਤ ਸਿੰਘ ਇਹਨਾਂ ਵਿਚਾਰਾਂ ਵਿਚ ਹੀ ਡੁੱਬਿਆ ਹੋਇਆ ਸੀ, ਅਫ਼ਗਾਨੀਆਂ ਨੇ ਅਚਾਨਕ ਫਤਹ ਜਾਂ ਸ਼ਹਾਦਤ ਦਾ ਨਾਅਰਾ ਦੇ ਕੇ ਅਜੇਹਾ ਹੱਲਾ ਬੋਲਿਆ, ਦਰਬਾਰ ਦੀਆਂ ਫੌਜਾਂ ਨੂੰ ਭਾਜੜਾ ਪੈ ਗਈਆਂ। ਸਿੱਖ ਸੈਨਾ ਹਥਿਆਰ, ਤੋਪਾਂ ਛੱਡ ਕੇ ਪਿੱਛੇ ਨੱਠ ਤੁਰੀ। ਦੇ ਤੋਪਾਂ ਅਫ਼ਗਾਨੀਆਂ ਦੇ ਕਬਜ਼ੇ ਵਿਚ ਆ ਗਈਆਂ। ਉਹਨਾਂ ਨੇ ਤੋਪਾਂ ਦੇ ਮੂੰਹ ਖਾਲਸਾ ਰੋਜ ਵੱਲ ਘੁੰਮਾ ਦਿੱਤੇ। ਪਰ ਉਹਨਾਂ ਵਿਚ ਕੋਈ ਵੀ ਤੋਪਚੀ ਨਹੀਂ ਸੀ। ਕਿਸੇ ਹੋਰ ਨੂੰ ਤੋਪ ਚਲਾਉਣ ਦੀ ਮਹਾਰਤ ਨਹੀਂ ਸੀ।
ਏਸ ਸਮੇਂ ਦੌਰਾਨ ਗੋਰਖੇ ਬਲਕੱਦਰ ਦੀ ਸੈਨਾ ਅਤੇ ਅਕਾਲੀ ਫੂਲਾ ਸਿੰਘ ਨੇ ਨਿਹੰਗਾਂ ਦੇ ਜੱਥੇ ਨਾਲ ਮੋੜਵਾਂ ਹਮਲਾ ਕਰਕੇ ਤੋਪਾਂ ਫਿਰ ਆਪਣੇ ਕਬਜ਼ੇ ਵਿਚ ਕਰ ਲਈਆਂ| ਅਫਗਾਨੀ ਪੀਰ ਸਾਬਕਾ ਪਹਾੜੀ ਛੱਡ ਕੇ ਪਿੱਛੇ ਦੌੜ ਗਏ। ਪਿੱਛੇ ਨੱਠਦੇ ਅਫ਼ਗਾਨੀਆਂ ਉੱਪਰ, ਜਦ ਉਹ ਤੋਪਾਂ ਦੀ ਮਾਰ ਹੇਠ ਆ ਗਏ ਤਾਂ ਲੰਡੇ ਦਰਿਆ ਉੱਪਰ ਬੀੜੀਆਂ ਤੋਪਾਂ ਨੇ ਉਧਰ ਮੂੰਹ ਘੁੰਮਾ ਕੇ ਗੋਲੇ ਦਾਗ਼ ਦਿੱਤੇ । ਹੁਣ ਗਾਜ਼ੀਆਂ ਨੂੰ ਭੱਜਣ ਲਈ ਕੋਈ ਰਾਹ ਨਹੀਂ ਸੀ। ਉਹਨਾਂ ਇਕ ਪਾਸੇ ਸੰਨ੍ਹ ਲਾ ਕੇ ਭੱਜਣ ਦਾ ਯਤਨ ਕੀਤਾ ਤਾਂ ਅਕਾਲੀ ਫੂਲਾ ਸਿੰਘ ਦੇ ਜੱਥੇ ਨੇ ਘੇਰਾ ਪਾ ਲਿਆ। 'ਬੋਲੇ ਸੋ ਨਿਹਾਲ' ਦੇ ਜੈਕਾਰੇ ਗੂੰਜ ਉੱਠੇ। ਅਵਗਾਨੀਆਂ ਨੂੰ ਹੁਣ ਬਿਨਾਂ ਲੜਨ ਤੋਂ ਹੋਰ ਕੋਈ ਚਾਰਾ ਨਹੀਂ ਸੀ। ਹੱਥੋਂ-ਹੱਥ ਦੀ ਲੜਾਈ ਹੋਣ ਲੱਗੀ। ਅਜੇਹੀ ਲੜਾਈ ਵਿਚ ਨਿਹੰਗਾਂ ਦਾ ਕੋਈ ਮੁਕਾਬਲਾ ਨਹੀਂ ਸੀ। ਪਰ ਫੂਲਾ ਸਿੰਘ ਅਕਾਲੀ ਦੇ ਘੋੜੇ ਨੂੰ ਅਚਾਨਕ ਗੋਲੀ ਲੱਗ ਗਈ। ਘੋੜਾ ਛੱਡ ਕੇ ਉਹ ਹਾਥੀ ਉੱਪਰ ਸਵਾਰ ਹੋ ਗਿਆ ਤੇ ਕਟਾ-ਵੱਢੀ ਕਰਦਾ ਜੋਸ਼ ਵਿਚ ਆਇਆ ਅਫ਼ਗਾਨੀਆਂ ਦੇ ਵਿਚਕਾਰ ਚਲਿਆ ਗਿਆ। ਅਫ਼ਗਾਨੀ ਅਤੇ ਪਠਾਣ, ਅਕਾਲੀ ਫੂਲਾ ਸਿੰਘ ਤੋਂ ਹਰੀ ਸਿੰਘ ਨਲਵਾ ਵਾਂਗ ਹੀ ਭੇਅ ਖਾਂਦੇ ਸਨ। ਹੁਣ ਫੂਲਾ ਸਿੰਘ ਉਹਨਾਂ ਦੇ ਘੇਰੇ ਵਿਚ ਸੀ। ਉਹਨਾਂ ਨੇ ਸੋਚਿਆ-ਅਜੇਹਾ ਮੌਕਾ ਫੇਰ ਕਦੇ ਹੱਥ ਨਹੀਂ ਆਉਣਾ। ਉਹਨਾਂ ਨੇ ਹਰ ਪਾਸਿਓਂ, ਹਾਥੀ ਦੇ ਹੱਦੇ ਉੱਪਰ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ।
ਅਕਾਲੀ ਫੂਲਾ ਸਿੰਘ ਦਾ ਸਰੀਰ ਗੋਲੀਆਂ ਨਾਲ ਛਲਣੀ ਹੋ ਗਿਆ ਤੇ ਉਹ ਹਾਥੀ ਦੇ ਹੋਦੇ ਵਿਚ ਹੀ ਡਿੱਗ ਪਿਆ।
ਨਿਹੰਗਾਂ ਦੇ ਜੱਥੇ ਨੂੰ ਪਤਾ ਲੱਗਦਿਆਂ ਹੀ ਉਹਨਾਂ ਦਾ ਖੂਨ ਖੌਲ ਉੱਠਿਆ। ਉਹਨਾਂ ਵਿਚ ਜਿਵੇਂ ਕੋਈ ਓਪਰੀ ਸ਼ੈਅ ਆਣ ਵੜੀ। ਉਹ ਦਹਾੜਦੇ ਹੋਏ ਅਫਗਾਨੀਆਂ ਉੱਪਰ ਟੁੱਟ ਪਏ ਤੇ ਘੇਰ ਕੇ ਸਾਰੇ ਕਤਲ ਕਰ ਦਿੱਤੇ।
ਇਹ ਘਮਸਾਨ ਦੀ ਲੜਾਈ ਅਤੇ ਕਤਲੇਆਮ, ਆਜ਼ਮ ਖ਼ਾਨ ਨਦੀ ਦੇ ਪਾਰ ਬੈਠਾ ਵੇਖ ਰਿਹਾ ਸੀ। ਸੂਰਜ ਛਿਪਣ ਲੱਗਾ ਸੀ। ਘੁਸਮੁਸੇ ਦਾ ਲਾਭ ਉਠਾ ਕੇ ਅਫ਼ਗਾਨੀ, ਸਿੰਘਾਂ ਦਾ ਘੇਰਾ ਤੋੜ ਕੇ, ਜਿਨੇ ਕੁ ਬਚੇ ਸਨ, ਅਟਕ ਦਰਿਆ ਤੋਂ ਪਾਰ ਲੰਘਣ ਲਈ ਇਕ ਦੂਸਰੇ ਤੋਂ ਅੱਗੇ ਹੋ ਕੇ ਦਰਿਆ ਵਿਚ ਕੁੱਦ ਪਏ। ਤੇਜ਼ ਲਹਿਰਾਂ ਦਾ ਵਹਾ ਤਿੰਨ ਸੌ ਤੋਂ ਵੀ ਵਧੇਰੇ ਅਫ਼ਗਾਨੀਆਂ ਨੂੰ ਰੋੜ੍ਹ ਕੇ ਲੈ ਗਿਆ। ਜੰਗ ਦੇ ਮੈਦਾਨ ਵਿਚ ਪਹਿਲਾਂ ਹੀ ਵਾਰ ਹਜ਼ਾਰ ਦੇ ਲਗਭਗ ਅਫ਼ਗਾਨੀ ਮਾਰੇ ਜਾ ਚੁੱਕੇ ਸਨ। ਅਫ਼ਗਾਨੀਆਂ ਦਾ ਏਨਾ ਦਾ ਹਾਲ ਕਿਸੇ ਵੀ ਜੰਗ ਵਿਚ ਨਹੀਂ ਸੀ ਹੋਇਆ। ਉਹ ਕਾਫ਼ਰਾਂ ਨੂੰ ਗਾਲ੍ਹਾਂ ਕੱਢਣ ਲੱਗਾ ਤੇ ਰਾਤ ਦੇ ਹਨੇਰੇ ਵਿਚ ਉਸ ਨੇ ਆਪਣੇ ਤੰਬੂ ਸਮੇਟਣ ਦਾ ਹੁਕਮ ਦਿੱਤਾ।
ਸਿੱਖ ਫੌਜਾਂ ਤੋਂ ਬੁਰੀ ਤਰ੍ਹਾਂ ਚਾਰਨ ਦੀ ਨਮੋਸ਼ੀ ਕਾਰਨ ਆਜ਼ਮ ਖ਼ਾਨ, ਪੇਸ਼ਾਵਰ ਦੇ ਲੋਕਾਂ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ।
ਅਗਲੇ ਦਿਨ ਚੜ੍ਹੇ ਜਦ ਅਫ਼ਗਾਨੀ ਫਿਰ ਲੜਨ ਲਈ ਇਕੱਠੇ ਹੋਣ ਲੱਗੇ ਤਾਂ ਉਹਨਾਂ ਵੇਖਿਆ, ਆਜ਼ਮ ਖ਼ਾਨ ਤਾਂ ਆਪਣੀ ਛਾਉਣੀ ਪੁੱਟ ਕੇ ਅੱਧੀ ਰਾਤ ਨੂੰ ਹੀ ਦੌੜ ਗਿਆ ਸੀ। ਕੁਝ ਭੇਤੀ ਪੇਸ਼ਾਵਰ ਵਾਲਿਆਂ ਨੇ ਦੱਸਿਆ :
-ਆਜ਼ਮ ਖ਼ਾਨ ਆਪਣੀ ਦੋਲਤ ਅਤੇ ਬੇਗ਼ਮਾਂ ਨੂੰ ਬਚਾ ਕੇ ਜਲਾਲਾਬਾਦ ਵੱਲ ਨੱਠ ਗਿਆ ਹੈ।
ਰਣਜੀਤ ਸਿੰਘ ਫਤੇਹ ਦਾ ਨਗਾਰਾ ਵਜਾਉਂਦਾ ਹੋਇਆ ਜੇਤੂ ਫੌਜ ਨਾਲ ਪੇਸ਼ਾਵਰ ਵਿਚ ਦਾਖ਼ਲ ਹੋਇਆ। ਅਕਾਲੀ ਫੂਲਾ ਸਿੰਘ ਦੀ ਮੌਤ ਕਾਰਨ ਕ੍ਰੋਧਿਤ ਹੋਏ ਨਿਹੰਗਾਂ ਅਤੇ ਸੈਨਿਕਾਂ ਨੇ ਸ਼ਹਿਰ ਲੁੱਟਣਾ ਸ਼ੁਰੂ ਕਰ ਦਿੱਤਾ। ਸ਼ਹਿਰ ਦੀ ਹਰ ਚੀਜ਼ ਤਹਿਸ- ਨਹਿਸ ਕਰ ਦਿੱਤੀ। ਥਾਂ-ਥਾਂ ਅੱਗਾਂ ਲਾ ਦਿੱਤੀਆਂ। ਇਹ ਸਭ ਦੇਖਦਿਆਂ ਰਣਜੀਤ ਸਿੰਘ ਨੇ ਲੁੱਟ ਮਾਰ ਕਰਨ ਦੀ ਮਨਾਹੀ ਦਾ ਸਖ਼ਤੀ ਨਾਲ ਹੁਕਮ ਜਾਰੀ ਕੀਤਾ ਤੇ ਹੁਕਮ ਨਾ ਮੰਨਣ ਵਾਲਿਆਂ ਨੂੰ ਤੁਰੰਤ ਗੋਲੀ ਮਾਰ ਦੇਣ ਲਈ ਕਿਹਾ। ਥੋੜ੍ਹੀ ਦੇਰ ਬਾਅਦ ਸ਼ਹਿਰ ਵਿਚ ਅਮਨ ਬਹਾਲ ਹੋ ਗਿਆ। ਜਿਹਨਾਂ ਬੇਕਸੂਰਾਂ ਦਾ ਨੁਕਸਾਨ ਹੋਇਆ ਸੀ, ਰਣਜੀਤ ਸਿੰਘ ਨੇ ਉਹਨਾਂ ਨੂੰ ਇਵਜਾਨਾ ਦੇਣ ਦਾ ਭਰੋਸਾ ਦਿੱਤਾ।
ਪੇਸ਼ਾਵਰ ਦੇ ਕਿਲ੍ਹੇ ਅੰਦਰ ਦਰਬਾਰ ਲਾਇਆ ਗਿਆ। ਸਭ ਤੋਂ ਪਹਿਲਾਂ ਪੇਸ਼ਾਵਰ ਨੂੰ ਖਾਲਸਾ ਰਾਜ ਦੇ ਇਲਾਕੇ ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ ਤੇ ਪੇਸ਼ਾਵਰ ਦੇ ਕਿਲ੍ਹੇ ਉੱਪਰ ਖ਼ਾਲਸਾ ਰਾਜ ਦਾ ਝੰਡਾ ਲਹਿਰਾਇਆ।
ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਦਾ ਬਹੁਤ ਦੁੱਖ ਸੀ। ਜਹਾਦੀਆਂ ਨਾਲ ਟੱਕਰ ਲੈਣ ਲਈ ਉਸ ਦੇ ਮੁਕਾਬਲੇ ਦਾ ਕੋਈ ਵੀ ਸਰਦਾਰ ਨਹੀਂ ਸੀ। ਰਣਜੀਤ ਸਿੰਘ ਕਿਹਾ ਕਰਦਾ ਸੀ, 'ਜਿੱਥੇਦਾਰ ਤਾਂ ਸੀਸ ਤਲੀ ਉੱਪਰ ਰੱਖ ਕੇ ਲੜਦਾ ਹੈ' ਪਰ ਹੁਣ ਖਾਲਸਾ ਫੌਜ ਦਾ ਨਿਡਰ ਯੋਧਾ ਉਹਨਾਂ ਦੇ ਨਾਲ ਨਹੀਂ ਸੀ। ਰਣਜੀਤ ਸਿੰਘ ਨੇ ਉਸ ਦਾ ਸਿੱਖੀ-ਰਵਾਇਤਾਂ ਅਨੁਸਾਰ ਅੰਤਮ-ਸੰਸਕਾਰ ਕਰਨ ਦਾ ਹੁਕਮ ਤਾਂ ਦਿੱਤਾ ਹੀ ਹੋਇਆ ਸੀ। ਅੱਜ ਪੇਸ਼ਾਵਰ ਦੇ ਕਿਲ੍ਹੇ ਅੰਦਰ ਬੇਠਿਆਂ, ਉਸ ਨੇ ਅਕਾਲੀ ਫੂਲਾ ਸਿੰਘ ਦੀ ਯਾਦਗਾਰ ਬਨਾਉਣ ਲਈ, ਕਾਬਲ ਦਰਿਆ ਦੇ ਕੰਢੇ ਨੁਸ਼ਿਹਰੇ ਲਾਗੇ ਉਸ ਦੀ ਸਮਾਧ ਬਨਾਉਣ ਦਾ ਐਲਾਨ ਕੀਤਾ।
ਖਾਲਸਾ ਫੌਜ ਦੀ ਪੇਸ਼ਾਵਰ ਉੱਪਰ ਜਿੱਤ ਬਾਰੇ ਸੁਣਦਿਆਂ ਹੀ ਯਾਰ ਮੁਹੰਮਦ ਖਾਨ ਆਪਣੀ ਛੁਪਣ-ਗਾਹ ਵਿਚ ਬਾਹਰ ਨਿਕਲਿਆ ਤੇ ਤੋਹਫੇ ਲੈ ਕੇ ਰਣਜੀਤ ਅੱਗੇ ਜਾ ਪੇਸ਼ ਹੋਇਆ। ਰਣਜੀਤ ਸਿੰਘ ਨੇ ਕਾਇਰਾਂ ਵਾਂਗ ਮੈਦਾਨ ਛੱਡ ਕੇ ਭੱਜਣ ਕਾਰਨ ਉਸ ਨੂੰ ਲਾਹਣਤਾਂ ਪਾਈਆਂ। ਯਾਰ ਮੁਹੰਮਦ ਨੇ ਜੰਗ ਦਾ ਇਵਜ਼ਾਨਾ ਦੇਣਾ ਪ੍ਰਵਾਨ ਕਰ ਲਿਆ ਤੇ ਅੱਗੇ ਤੋਂ ਬਕਾਇਦਾ ਇਕ ਲੱਖ ਦਸ ਹਜ਼ਾਰ ਰੁਪਏ ਸਾਲਾਨਾ ਮਾਲੀਆ ਦੇਣ ਦੇ ਇਕਰਾਰਨਾਮੇ ਉੱਪਰ ਉਸ ਨੂੰ ਫਿਰ ਪੇਸ਼ਾਵਰ ਦਾ ਗਵਰਨਰ ਨਿਯੁਕਤ ਕਰ ਦਿੱਤਾ।
ਦੂਰ ਦੀ ਸੋਚਦਿਆਂ, ਰਣਜੀਤ ਸਿੰਘ ਨੇ ਹਰੀ ਸਿੰਘ ਨਲਵਾ ਅਤੇ ਦੂਸਰੇ ਜਰਨੈਲਾ ਨਾਲ ਸਲਾਹ-ਮਸ਼ਵਰਾ ਕਰਕੇ ਸੂਬਾ ਪੇਸ਼ਾਵਰ ਨੂੰ ਪੰਜ ਜਿਲ੍ਹਿਆਂ ਵਿਚ ਤਕਸੀਮ ਕਰ ਦਿੱਤਾ। ਯਾਰ ਮੁਹੰਮਦ, ਸੁਲਤਾਨ ਮੁਹੰਮਦ, ਸਯੀਅਦ ਮੁਹੰਮਦ, ਸਮਦ ਖ਼ਾਨ ਅਤੇ ਪੀਰ ਮੁਹੰਮਦ ਨੂੰ ਇਹਨਾਂ ਜ਼ਿਲ੍ਹਿਆਂ ਦੇ ਮੁੱਖੀ ਥਾਪ ਦਿੱਤਾ। ਨਾਲ ਹੀ ਐਲਾਨ ਕੀਤਾ- 'ਜਿਸ ਕਾਰਦਾਰ ਦੀ ਵਧੀਆ ਕਾਰਗੁਜ਼ਾਰੀ ਹੋਵੇਗੀ, ਉਸ ਨੂੰ ਲਾਹੌਰ ਦਰਬਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ'
ਆਪਣੇ ਜਰਨੈਲਾਂ ਨਾਲ ਇਕ ਵਿਸ਼ੇਸ਼ ਗੁਪਤ ਸਭਾ ਵਿਚ ਰਣਜੀਤ ਸਿੰਘ ਨੇ ਕਿਹਾ, 'ਇਹਨਾਂ ਅਫ਼ਗਾਨੀਆਂ ਦਾ ਦੀਨ-ਧਰਮ ਕੋਈ ਨਹੀਂ ਏ। ਜਦ ਅਸੀਂ ਲਾਹੌਰ ਵੱਲ ਮੂੰਹ ਕਰਦੇ ਆ, ਇਹ ਫਿਰ 'ਕੱਠੇ ਹੋ ਕੇ ਜਹਾਦ ਦਾ ਐਲਾਨ ਕਰ ਦਿੰਦੇ ਨੇ। ਇਹਨਾਂ ਦੀਆਂ ਨਾਸਾਂ ਭੰਨਣ ਲਈ ਔਰ ਇਹਨਾਂ ਨੂੰ ਆਪਣੀ ਔਕਾਤ ਯਾਦ ਕਰਵਾਉਂਦੇ ਰਹਿਣ ਲਈ ਸਰਦਾਰ ਹਰੀ ਸਿੰਘ ਨਲੂਆ, ਇਹਨਾਂ ਉੱਪਰ ਨਿਗਰਾਨੀ ਰੱਖਣ ਲਈ ਪੱਕੇ ਤੌਰ 'ਤੇ ਏਥੇ ਰਹੇਗਾ।'
ਦੇਸੀ, ਵਿਦੇਸ਼ੀ ਜਰਨੈਲ ਹੈਰਾਨੀ ਨਾਲ ਇਕ ਦੂਸਰੇ ਵੱਲ ਝਾਕੇ।