shabd-logo

ਛੇਵਾਂ ਅੰਕ

30 November 2023

2 Viewed 2

ਪਾਲੋ : ਏਹੀ ਸਹੀ ਗੱਲ ਐ ਤੇਰੇ ਲਈ।

ਹੁਕਮੀ : ਹਾਂ ਬਿਲਕੁੱਲ ਸਹੀ

ਨੌਕਰ : (ਦਾਖ਼ਲ ਹੁੰਦਿਆਂ) ਬੀਬੀ ਜੀ, ਮੈਂ ਬਰਤਨ ਸਾਫ਼ ਕਰ ਦਿੱਤੇ ਨੇ, ਹੋਰ ਕੋਈ ਕੰਮ ਐ ?

ਹੁਕਮੀ : (ਉੱਠਦਿਆਂ) ਨਹੀਂ, ਮੈਂ ਥੋੜ੍ਹਾ ਆਰਾਮ ਕਰ ਲਵਾਂ।

ਪਾਲੋ : ਕਿੰਨੇ ਵਜੇ ਜਗਾ ਦਿਆਂ ?

ਹੁਕਮੀ : ਜਗਾਈਂ ਨਾ, ਅੱਜ ਮੈਂ ਚੰਗੀ ਤਰ੍ਹਾਂ ਸੌਣਾ ਚਾਹੁੰਦੀ ਆਂ। (ਉਹ ਜਾਂਦੀ ਹੈ)

ਪਾਲੋ : ਜਦੋਂ ਤੁਸੀਂ ਸਮੁੰਦਰ ਦੀਆਂ ਛੱਲਾਂ ਸਾਹਮਣੇ ਆਪਣੇ ਆਪ

ਨੂੰ ਨਿਤਾਣੇ ਮਹਿਸੂਸ ਕਰੋ ਤਾਂ ਏਹੀ ਠੀਕ ਹੁੰਦਾ ਕਿ ਸਮੁੰਦਰ

ਵੱਲ ਪਿੱਠ ਕਰੋ ਤੇ ਸਮੁੰਦਰ ਨੂੰ ਦੇਖੋ ਹੀ ਨਾ।

ਨੌਕਰਾਣੀ : ਏਦ੍ਹੇ ਵਿਚ ਏਨਾ ਘੁਮੰਡ ਐ ਕਿ ਇਹਨੇ ਆਪ ਹੀ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹੀ ਹੋਈ ਐ।

ਪਾਲੋ : ਮੈਂ ਕੁਝ ਨਹੀਂ ਕਰ ਸਕਦੀ। ਮੈਂ ਹਾਦਸਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਮੈਨੂੰ ਵੀ ਉਨ੍ਹਾਂ ਤੋਂ ਬਹੁਤ ਡਰ ਲੱਗਣ ਲੱਗ ਪਿਆ । ਤੂੰ ਇਸ ਚੁੱਪ ਚਾਣ ਨੂੰ ਮਹਿਸੂਸ ਕਰ ਸਕਦੀ ਏਂ, ਹਰ ਕਮਰੇ ਵਿਚ ਇਕ ਝੱਖੜ ਛੁਪਿਆ ਹੋਇਆ, ਜਿਸ ਦਿਨ ਇਹ ਭੁੱਲ ਪਿਆ, ਇਹ ਸਾਨੂੰ ਸਭ ਨੂੰ ਆਪਣੇ ਨਾਲ ਉਡਾ ਲਿਜਾਏਗਾ। ਪਰ ਮੈਂ ਜੋ ਕੁਝ ਕਹਿਣਾ ਸੀ ਕਹਿ ਚੁੱਕੀ ਆਂ। 

ਨੌਕਰਾਣੀ : ਬੀਬੀ ਜੀ ਸੋਚਦੇ ਐ, ਉਨ੍ਹਾਂ ਦੇ ਅੱਗੇ ਕੁਝ ਨਹੀਂ ਠਹਿਰ ਸਕਦਾ। ਪਰ ਉਨ੍ਹਾਂ ਨੂੰ ਪਤਾ ਨਹੀਂ ਕੱਲੀਆਂ ਕਾਰੀਆਂ ਔਰਤਾਂ ਸਾਹਮਣੇ ਇਕ ਮਰਦ ਵਿਚ ਬਹੁਤ ਤਾਕਤ ਹੁੰਦੀ ਐ। ਸਾਰਾ ਕਸੂਰ ਦਿਲਬਾਗ ਦਾ ਨਹੀਂ। ਇਹ ਸੱਚ ਐ, ਪਿਛਲੇ

ਪਾਲੋ : ਸਾਰਾ ਕਸੂਰ ਦਿਲਬਾਗ ਦਾ ਨਹੀਂ।ਇਹ ਸੱਚ ਐ, ਪਿਛਲੇ ਸਾਲ ਉਹ ਚੰਨੋ ਪਿੱਛੇ ਫਿਰਦਾ ਸੀ ਤੇ ਉਹ ਵੀ ਉਹਦੇ ਪਿਛੇ

ਪਾਗਲ ਹੋਈ ਫਿਰਦੀ ਸੀ । ਪਰ ਹੁਣ ਚੰਨੋ ਨੂੰ ਆਪਣੀ ਥਾਂ ਸਮਝਣੀ ਚਾਹੀਦੀ ਐ ਤੇ ਪਾਸੇ ਹਟ ਜਾਣਾ ਚਾਹੀਦੈ। ਮਰਦ ਆਖ਼ਰ ਮਰਦ ਹੁੰਦਾ।

ਨੌਕਰਾਣੀ : ਕੁਝ ਤਾਂ ਇਹ ਵੀ ਕਹਿੰਦੇ ਆ ਕਿ ਦਿਲਬਾਗ ਤਾਂ ਹੁਣ ਪਿੱਛੇ ਹਟਦਾ, ਚੰਨੋ ਨਹੀਂ ਹਟਣ ਦਿੰਦੀ।

ਪਾਲੋ : ਇਹ ਸੱਚੀ ਗੱਲ ਐ। (ਮੱਧਮ ਆਵਾਜ਼ ਵਿਚ) ਤੇ ਬੜਾ ਕੁਝ ਹੋਰ

ਨੌਕਰਾਣੀ : ਮੈਨੂੰ ਸਮਝ ਨਹੀਂ ਆਉਂਦੀ, ਕੀ ਹੋਣ ਵਾਲਾ।

ਪਾਲੋ : ਕਾਸ਼ ਮੈਂ ਕਿਸੇ ਤਰ੍ਹਾਂ ਇਸ ਜੰਗ ਦੇ ਮੈਦਾਨ ਵਿਚੋਂ ਨਿਕਲ ਜਾਵਾਂ। ਇਸ ਘਰ ਨੂੰ ਛੱਡ ਜਾਵਾਂ।

ਨੌਕਰਾਣੀ : ਹੁਕਮੀ ਛੇਤੀ ਛੇਤੀ ਵਿਆਹ ਦੀਆਂ ਤਿਆਰੀਆਂ ਕਰ ਰਹੀ ਐ, ਹੋ ਸਕਦਾ ਹੈ ਸਭ ਕੁਝ ਹੋਣੋਂ ਟਲ ਹੀ ਜਾਵੇ।

ਪਾਲੋ : ਨਹੀਂ, ਗੱਲਾਂ ਬਹੁਤ ਅੱਗੇ ਵਧ ਚੁੱਕੀਆਂ। ਚੰਨੋ ਤੁਲੀ ਹੋਈ ਐ, ਭਾਵੇਂ ਜੋ ਮਰਜ਼ੀ ਹੋ ਜਾਵੇ। ਤੇ ਦੂਜੀਆਂ ਸਾਹ ਰੋਕ ਕੇ ਸਭ ਕੁਝ ਦੇਖ ਰਹੀਆਂ ਨੇ।

ਨੌਕਰਾਣੀ : ਕਿਰਨ ਵੀ...?

ਪਾਲੋਂ : ਉਹ ਸਭ ਤੋਂ ਬੁਰੀ ਐ। ਉਹ ਤਾਂ ਨੱਕੋ ਨੱਕ ਜ਼ਹਿਰ ਨਾਲ ਭਰੀ ਹੋਈ ਐ। ਉਹਨੂੰ ਪਤਾ ਦਿਲਬਾਗ ਨੇ ਉਹਦਾ ਨਹੀਂ ਹੋਣਾ ਤੇ ਉਹਦਾ ਜੇ ਵੱਸ ਚੱਲੇ ਤਾਂ ਸਾਰੀ ਦੁਨੀਆਂ ਨੂੰ ਤਬਾਹ ਕਰ ਦੇਵੇ।

ਨੌਕਰਾਣੀ : ਕਿੰਨੀਆਂ ਕਮੀਨੀਆਂ ਨੇ ਇਹ।

ਪਾਲੋ : ਇਹ ਤੀਵੀਆਂ ਨੇ, ਮਰਦਾਂ ਤੋਂ ਵਿਰਵੀਆਂ। ਏਨੀ ਗੱਲ ਐ ਸਾਰੀ। ਤੇ ਇਹੋ ਜਿਹੀਆਂ ਹਾਲਤਾਂ ਵਿਚ ਬੰਦਾ ਆਪਣੇ ਖੂਨ ਨੂੰ ਵੀ ਭੁੱਲ ਜਾਂਦਾ । ਚੁੱਪ.......

ਨੋਕਰਾਣੀ : ਕੀ ਗੱਲ ਐ ....? 

ਪਾਲੋ : (ਉੱਠਦੀ ਹੈ) ਕੁੱਤੇ ਭੌਂਕ ਰਹੇ ਨੇ। 

ਨੌਕਰਾਣੀ : ਕੋਈ ਪਿਛਲੇ ਬੂਹੇ ਕੋਲ ਦੀ ਲੰਘਿਆ ਹੋਵੇਗਾ। (ਚੰਨੋ ਚਿੱਟੀ ਸ਼ਮੀਜ਼ ਤੇ ਘੱਗਰੀ ਪਹਿਨੀ ਆਉਂਦੀ ਐ।)

ਪਾਲੋ : ਤੂੰ ਅਜੇ ਸੁੱਤੀ ਨਹੀਂ ?

ਚੰਨੋ : ਪਿਆਸ ਲੱਗੀ ਸੀ । (ਉਹ ਚੌਂਕੀ ਉਤੇ ਰੱਖੀ ਝੱਜਰ 'ਚੋਂ ਪਾਣੀ ਪੀਂਦੀ ਹੈ)

ਪਾਲੋ : ਮੈਂ ਸੋਚਿਆ ਸੀ ਤੂੰ ਸੌਂ ਗਈ ਹੋਵੇਂਗੀ।

ਚੰਨੋ : ਮੈਨੂੰ ਪਿਆਸ ਨਾਲ ਜਾਗ ਆ ਗਈ। ਤੁਸਾਂ ਦੋਹਾਂ ਨੇ ਨਹੀਂ ਅੱਜ ਸੌਣਾ ?

ਨੌਕਰਾਣੀ : ਬੱਸ ਥੋੜ੍ਹੀ ਦੇਰ ਬਾਅਦ (ਚੰਨ ਜਾਂਦੀ ਹੈ)

ਪਾਲੋ : ਆਪਾਂ ਵੀ ਚੱਲੀਏ

ਨੌਕਰਾਣੀ : ਸੋਂਈਏਂ, ਹੁਕਮੀ ਸਾਰਾ ਦਿਨ ਆਰਾਮ ਨਹੀਂ ਕਰਨ ਦੇਂਦੀ।

ਪਾਲੋ : ਲਾਲਟੈਣ ਲੈ ਜਾ।

ਨੌਕਰਾਣੀ : ਕੁੱਤੇ ਤਾਂ ਪਾਗਲ ਹੋਏ ਪਏ ਆ।

ਪਾਲੋ : ਇਹਨਾਂ ਕਿੱਥੇ ਸਾਨੂੰ ਸੌਣ ਦੇਣਾ। (ਉਹ ਬਾਹਰ ਜਾਂਦੀਆਂ ਹਨ। ਮੰਚ ਤੇ ਤਕਰੀਬਨ ਹਨੇਰਾ ਹੈ। ਮਾਲਾਂ ਹੱਥਾਂ ਵਿਚ ਇਕ ਲੇਲਾ ਫੜੀ ਦਾਖ਼ਲ ਹੁੰਦੀ ਹੈ।

ਮਾਲਾਂ : (ਗਾਉਂਦੀ ਹੋਈ) ਸੁਣ ਓਏ ਨਿੱਕਿਆ ਲੇਲਿਆ ਮੇਰੇ ਬੱਚੜਿਆ ਵੇ ਚੱਲ ਚੱਲੀਏ ਵੇ ਨਦੀਓਂ ਪਾਰ ਸਾਡਾ ਰਸਤਾ ਤੱਕਦੇ ਮੋਰ ਵੇ ਸੁਹਣੇ ਰੰਗਲੇ ਖੰਭ ਖਿਲਾਰ ਤੈਨੂੰ ਦੇਊਂਗੀ ਪਕਾ ਕੇ ਰੋਟੀਆਂ ਉਤੇ ਰਖੂੰਗੀ ਅੰਬ ਦਾ ਆਚਾਰ ਹੁਕਮੀ ਦੇ ਚੀਤੇ ਜਿਹੇ ਦੰਦ ਵੇ ਦੀਪੋ ਦਾ ਮੂੰਹ ਬਘਿਆੜ ਚੱਲ ਓਏ ਨਿੱਕਿਆ ਲੇਲਿਆ ਚੱਲ ਚੱਲੀਏ ਸੱਚੇ ਦਰਬਾਰ (ਹੱਸਦੀ ਹੈ) ਨਾ ਤੈਨੂੰ, ਨਾ ਮੈਨੂੰ ਨੀਂਦ ਵੇ ਰਾਤੀਂ ਖੁੱਲ੍ਹ ਜਾਣੇ ਬੂਹੇ ਤੇ ਬਾਰ ਆਪਾਂ ਕੰਢੇ ਕੰਢੇ ਠੁਮ ਠੁਮ ਚੱਲ ਕੇ ਲੁਕ ਜਾਵਾਂਗੇ ਬੇਲੇ ਵਿਚਕਾਰ ਹੁਕਮੀ ਦੇ ਚੀਤੇ ਜਿਹੇ ਦੰਦ ਵੇ ਲੇਲਿਆ ਦੀਪੋ ਦਾ ਮੂੰਹ ਬਘਿਆੜ ਚੱਲ ਚੱਲੀਏ ਵੇ ਸੱਚੇ ਦਰਬਾਰ

(ਗਾਉਂਦੀ ਗਾਉਂਦੀ ਚਲੀ ਜਾਂਦੀ ਹੈ) (ਚੰਨੋਂ ਦਾਖ਼ਲ ਹੁੰਦੀ ਹੈ। ਧਿਆਨ ਨਾਲ ਏਧਰ ਓਧਰ ਦੇਖਦੀ ਹੈ। ਵਾੜੇ ਵੱਲ ਨੂੰ ਜਾਂਦੇ ਦਰਵਾਜ਼ੇ ਵਿਚ ਗਾਇਬ ਹੋ ਜਾਂਦੀ ਹੈ। ਇਕ ਹੋਰ ਦਰਵਾਜ਼ੇ ਥਾਣੀ ਕਿਰਨ ਪ੍ਰਵੇਸ਼ ਕਰਦੀ ਹੈ । ਮੰਚ ਦੇ ਵਿਚਕਾਰ ਚਿੰਤਾਭਰੀ ਹੁਸ਼ਿਆਰੀ ਨਾਲ ਖੜੀ ਹੋ ਜਾਂਦੀ ਹੈ। ਉਹਨੇ ਵੀ ਸ਼ਮੀਜ਼ ਤੇ ਘੱਗਰੀ ਪਾਈ ਹੋਈ ਹੈ। ਕਾਲੀ ਲੋਈ ਨਾਲ ਉਹਨੇ ਆਪਣੇ ਆਪ ਨੂੰ ਢਕਿਆ ਹੋਇਆ ਹੈ। ਮਾਲਾਂ ਉਹਦੇ ਅੱਗਿਓਂ ਦੀ ਲੰਘਦੀ ਹੈ)

ਕਿਰਨ : ਬੇਬੇ ਤੂੰ ਕਿੱਧਰ ਚੱਲੀ ਏਂ ?

ਮਾਲਾ : ਤੂੰ ਬਾਹਰਲਾ ਦਰਵਾਜ਼ਾ ਖੋਲ੍ਹ ਦੇਵੇਂਗੀ ? ਕੌਣ ਏਂ ਤੂੰ ?

ਕਿਰਨ : ਤੂੰ ਬਾਹਰ ਕਿਸ ਤਰ੍ਹਾਂ ਆਈ ਬੇਥੇ ?

ਮਾਲਾਂ : ਮੈਂ ਬਚ ਕੇ ਨਿਕਲ ਆਈ, ਤੂੰ, ਤੂੰ ਕੌਣ ਏਂ?

ਕਿਰਨ : ਬੇਬੇ, ਜਾ ਕੇ ਸੌਂ ਜਾ

ਮਾਲਾਂ : ਤੂੰ ਕਿਰਨ ਏਂ ? ਲੈ ਮੈਂ ਹੁਣ ਪਛਾਣਿਆ। ਕਿਰਨ, ਤੇਰਾ ਚਿਹਰਾ ਤਾਂ ਬੱਦਲਾਂ ਵਿੱਚ ਘਿਰੇ ਚੰਦ ਵਰਗਾ ਤੇ ਤੇਰੇ ਬੱਚਾ ਕਦ ਹੋਣਾ ? ਆਹ, ਮੇਰੇ ਤਾਂ ਹੋ ਗਿਆ।

ਕਿਰਨ : ਇਹ ਲੇਲਾ ਤੂੰ ਕਿਥੋਂ ਲਿਆ ਬੇਬੇ ?

ਮਾਲਾਂ : ਮੈਨੂੰ ਪਤਾ ਇਹ ਲੇਲਾ ਐ। ਪਰ ਕੀ ਲੇਲਾ ਕਿਸੇ ਦਾ ਬੱਚਾ ਨਹੀਂ ਹੋ ਸਕਦਾ ? ਕੁਝ ਵੀ ਨਾ ਹੋਣ ਨਾਲੋਂ ਤਾਂ ਚੰਗਾ, ਲੇਲਾ ਈ ਹੋਵੇ। ਬੁੱਢੀ ਹੁਕਮੀ, ਚੀਤੇ-ਦੋਦੀ। ਬਘਿਆੜ- ਮੂੰਹੀਂ ਦੀਪੋ। 

ਕਿਰਨ : ਰੌਲੀ ਨਾ ਪਾ ਬੱਬੇ।  

ਮਾਲਾਂ : ਇਹ ਬਿਲਕੁਲ ਸੱਚੀ ਗੱਲ ਐ। ਸਭ ਕੁਝ ਕਾਲਾ ਸਿਆਹ ਹੋ ਚੁੱਕਾ। ਮੇਰੇ ਵਾਲ ਚਿੱਟੇ ਹੋ ਗਏ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੇਰੇ ਬੱਚੇ ਨਹੀਂ ਹੋ ਸਕਦੇ-ਹੋ ਸਕਦੇ ਨੇ- ਬੱਚੇ। ਬੱਚੇ ਦੇ ਵਾਲ ਚਿੱਟੇ ਹੋਣਗੇ। ਇਸ ਬੱਚੇ ਤੋਂ ਬਾਅਦ ਮੇਰਾ ਇਕ ਹੋਰ ਬੱਚਾ ਹੋਵੇਗਾ, ਫਿਰ ਇਕ ਹੋਰ, ਫਿਰ ਇਕ ਹੋਰ, ਸਾਡੇ ਸਭ ਦੇ ਵਾਲ ਬਰਫ਼ ਵਰਗ ਚਿੱਟੇ ਹੋਣਗੇ। ਅਸੀਂ ਲਹਿਰਾਂ ਵਰਗੇ ਹੋਵਾਂਗੇ। ਇਕ ਲਹਿਰ, ਫਿਰ ਹੋਰ, ਫਿਰ ਹੋਰ। ਫਿਰ ਅਸੀਂ ਬੈਠ ਜਾਵਾਂਗੇ। ਸਾਡੇ ਸਾਰਿਆਂ ਦੇ ਸਿਰ ਚਿੱਟੇ ਹੋਣਗੇ ਤੇ ਅਸੀਂ ਸਮੁੰਦਰੀ ਝੱਗ ਬਣ ਜਾਵਾਂਗੇ। ਏਥੇ ਸਮੁੰਦਰੀ ਝੱਗ ਕਿਉਂ ਨਹੀਂ ? ਏਥੇ ਤਾਂ ਸਿਰਫ਼ ਖੱਫਣ ਹੀ  ਖੱਫਣ ਨੇ।

ਕਿਰਨ : ਚੁੱਪ 

ਮਾਲਾਂ : ਜਦੋਂ ਮੇਰੀ ਗੁਆਂਢਣ ਦੇ ਬੱਚਾ ਹੋਇਆ, ਮੈਂ ਉਹਦੇ ਲਈ ਪਿੰਨੀਆਂ ਲੈ ਕੇ ਗਈ, ਫਿਰ ਉਹ ਮੇਰੇ ਪਿੰਨੀਆਂ ਲੈ ਕੇ ਆਈ। ਹਮੇਸ਼ਾਂ ਏਦਾਂ ਹੀ ਹੁੰਦਾ, ਹਮੇਸ਼ਾਂ, ਹਮੇਸ਼ਾਂ । ਤੇਰੇ ਵਾਲ ਚਿੱਟੇ ਹੋ ਜਾਣਗੇ, ਪਰ ਤੇਰੇ ਗੁਆਂਢੀ ਨਹੀਂ ਆਉਣਗੇ। ਮੈਂ ਹੁਣ ਚਲੀ ਜਾਣਾਂ, ਬਹੁਤ ਦੂਰ । ਪਰ ਮੈਨੂੰ ਕੁੱਤਿਆਂ ਤੋਂ ਡਰ ਲੱਗਦਾ, ਉਹ ਮੈਨੂੰ ਵੱਢ ਖਾਣਗੇ। ਤੂੰ ਮੇਰੇ ਨਾਲ ਨਹੀਂ ਚੱਲੇਂਗੀ ਖੇਤਾਂ ਤੱਕ ? ਮੈਨੂੰ ਖੇਤ ਨਹੀਂ ਚੰਗੇ ਲਗਦੇ, ਮੈਨੂੰ ਘਰ ਚੰਗੇ ਲੱਗਦੇ ਨੇ, ਪਰ ਖੁੱਲ੍ਹੇ ਡੁੱਲ੍ਹੇ। ਤੇ ਗੁਆਂਢਣਾਂ ਸੁੱਤੀਆਂ ਹੋਈਆਂ, ਆਪਣੇ ਨੰਨ੍ਹਿਆਂ ਮੁੰਨਿਆਂ ਨਾਲ। ਤੇ ਵਿਹੜਿਆਂ ਵਿਚ ਬੈਠੇ ਮਰਦ, ਮੰਜਿਆਂ ਤੇ। ਦਿਲਬਾਗ ਤਾਂ ਦੈਂਤ ਆ। ਤੁਸੀਂ ਸਾਰੀਆਂ ਉਹਨੂੰ ਪਿਆਰ ਕਰਦੀਆਂ। ਪਰ ਉਹ ਤੁਹਾਨੂੰ ਸਾਰੀਆਂ ਨੂੰ ਖਾ ਜਾਊਗਾ, ਕਣਕ ਦੇ ਦਾਣਿਆਂ ਵਾਂਗ। ਨਹੀਂ ਕਣਕ ਦੇ ਦਾਣਿਆਂ ਵਾਂਗ ਨਹੀਂ, ਡੱਡੀਆਂ ਮੱਛੀਆਂ ਵਾਂਗ। 

ਕਿਰਨ : (ਗੁੱਸੇ ਨਾਲ) ਆ ਜਾ ਬੇਬੇ, ਹੁਣ ਸੌਂਈਏ 

(ਉਹਨੂੰ ਧੱਕਾ ਦੇਂਦੀ ਹੈ)

ਮਾਲਾਂ : ਪਰ ਤੂੰ ਫਿਰ ਬਾਹਰ ਜਾਣ ਲਈ ਦਰਵਾਜ਼ਾ ਤਾਂ ਖੋਲ੍ਹ ਦੇਵੇਂਗੀ ਨਾ।

ਕਿਰਨ : ਹਾਂ ਜ਼ਰੂਰ (ਰੋਂਦੀ ਹੈ) (ਓਹੀ ਲੇਲੇ ਵਾਲਾ ਗੀਤ ਗਾਉਂਦੀ ਹੈ) (ਪਹਿਲਾ ਬੰਦ) (ਤਾਰ ਉਸ ਦਰਵਾਜ਼ੇ ਨੂੰ ਤਾਲਾ ਲਾ ਦਿੰਦੀ ਹੈ, ਜਿਸ ਦਰਵਾਜ਼ੇ ਥਾਣੀਂ ਮਾਲਾਂ ਬਾਹਰ ਆਈ ਸੀ। ਵਿਹੜੇ ਦੇ ਬੂਹੇ ਵੱਲ ਜਾਂਦੀ ਹੈ, ਫਿਰ ਝਿਜਕਦੀ ਹੈ, ਦੋ ਕਦਮ ਅੱਗੇ ਜਾਂਦੀ  ਹੈ )

ਕਿਰਨ : (ਮੱਧਮ ਆਵਾਜ਼ ਵਿਚ) ਚੰਨੋ (ਵਕਫ਼ਾ! ਦਰਵਾਜ਼ੇ ਵੱਲ ਵਧਦੀ ਹੈ। ਫੇਰ ਵਾਜ ਮਾਰਦੀ ਹੈ) ਚੰਨੋ! (ਚੰਨੋ ਦਾਖ਼ਲ ਹੁੰਦੀ ਹੈ, ਉਹਦੇ ਵਾਲ ਬਿਖਰੇ ਹੋਏ ਹਨ।

ਚੰਨੋ : ਤੂੰ ਮੈਨੂੰ ਕਾਹਦੇ ਲਈ ਲਭਦੀ ਫਿਰਦੀ ਏਂ ।

ਕਿਰਨ : ਤੂੰ ਉਹਦੇ ਕੋਲੋਂ ਦੂਰ ਰਹਿ | 

ਚੰਨੋ : ਕਿਉਂ, ਤੈਨੂੰ ਇਹ ਕਹਿਣ ਦੀ ਕੀ ਲੋੜ ਪੈ ਗਈ?

ਕਿਰਨ : ਇਹ ਸ਼ਰੀਫ਼ ਕੁੜੀਆਂ ਵਾਲੇ ਕੰਮ ਨਹੀਂ।

ਚੰਨੋ : ਤੇਰਾ ਕਿੰਨਾ ਜੀਅ ਕਰਦਾ ਕਿ ਮੇਰੀ ਥਾਂ ਤੂੰ ਹੋਵੇਂ।

ਕਿਰਨ : (ਉੱਚੀ ਆਵਾਜ਼ ਵਿਚ) ਦੇਖ ਮੈਂ ਤੈਨੂੰ ਕਹਿੰਨੀ ਆਂ, ਇਹ  ਹੁਣ ਹੋਰ ਨਹੀਂ ਚੱਲਣਾ।  

ਚੰਨੋ : ਇਹ ਤਾਂ ਸਿਰਫ਼ ਸ਼ੁਰੂਆਤ ਹੈ। ਮੇਰੇ ਕੋਲ ਏਨੀ ਤਾਕਤ ਐ ਕਿ ਸਭ ਨੂੰ ਪਾਸੇ ਹਟਾ ਕੇ ਅੱਗੇ ਆ ਸਕਦੀ ਆਂ। ਤੇਰੇ ਕੋਲ ਇਹੋ ਜਿਹੀ ਸ਼ਕਲ ਤੇ ਅੱਗ ਦੀ ਕਮੀ ਐ। ਉਸ ਛੱਤ ਥੱਲੇ ਮੌਤ ਐ ਤੇ ਮੈਂ ਬਾਹਰ ਆ ਗਈ, ਉਸ ਨੂੰ ਹਾਸਲ ਕਰਨ ਲਈ ਜੋ ਮੇਰਾ ਹੈ।

ਕਿਰਨ : ਉਹ ਪੱਥਰ-ਦਿਲ ਮਰਦ ਹੁਣ ਇਕ ਹੋਰ ਔਰਤ ਲੱਭਦਾ ਆਇਆ। ਤੂੰ ਆਪਣੇ ਆਪ ਨੂੰ ਉਹਦੇ ਅੱਗੇ ਸੁੱਟ ਦਿੱਤਾ। : ਉਹ ਇਸ ਘਰ ਵਿਚ ਪੈਸੇ ਲਈ ਆਇਆ, ਪਰ ਉਸ ਦੀ ਅੱਖ ਹਮੇਸ਼ਾਂ ਮੇਰੇ 'ਤੇ ਸੀ।

ਕਿਰਨ : ਮੈਂ ਨਹੀਂ ਚਾਹੁੰਦੀ ਕਿ ਤੂੰ ਦਿਲਬਾਗ ਨੂੰ ਖੋਹ ਲਵੇਂ । ਉਹ ਦਾ ਵਿਆਹ ਤਾਰੋ ਨਾਲ ਹੋਵੇਗਾ।

ਚੰਨੋ : ਤੈਨੂੰ ਮੇਰੇ ਨਾਲੋਂ ਵੀ ਜ਼ਿਆਦਾ ਚੰਗੀ ਤਰ੍ਹਾਂ ਪਤਾ ਕਿ ਉਹ ਤਾਰੇ ਨੂੰ ਪਿਆਰ ਨਹੀਂ ਕਰਦਾ।

ਕਿਰਨ : ਹਾਂ, ਮੈਨੂੰ ਪਤਾ

ਚੰਨੋ : ਤੈਨੂੰ ਪਤਾ ਕਿਉਂਕਿ ਤੂੰ ਦੇਖ ਚੁੱਕੀ ਐਂ ਕਿ ਉਹ ਮੈਨੂੰ ਪਿਆਰ ਕਰਦਾ, ਮੈਨੂੰ।

ਕਿਰਨ : (ਮਜਬੂਰੀ ਜਿਹੀ ਨਾਲ) ਹਾਂ ਦੇਖ ਚੁੱਕੀ ਆਂ।

ਚੰਨੋ : (ਉਹਦੇ ਕੋਲ ਆ ਕੇ) ਉਹ ਮੈਨੂੰ ਪਿਆਰ ਕਰਦਾ, ਮੈਨੂੰ। ਉਹ ਮੈਨੂੰ ਪਿਆਰ ਕਰਦਾ, ਮੈਨੂੰ।

ਕਿਰਨ : ਮੇਰੀ ਛਾਤੀ ਵਿਚ ਚਾਕੂ ਖੇਡ ਦੇਈਂ, ਜੇ ਤੇਰਾ ਦਿਲ ਕਰੋ, ਪਰ ਮੁੜ ਕੇ ਇਹ ਗੱਲ ਨਾ ਮੇਰੇ ਸਾਹਮਣੇ ਕਹੀਂ।

ਚੰਨੋ : ਏਸੇ ਲਈ ਤੂੰ ਚਾਹੁੰਨੀ ਏਂ ਕਿ ਮੈਂ ਉਹਨੂੰ ਨਾ ਮਿਲਾਂ। ਤੈਨੂੰ ਇਸ ਗੱਲ ਨਾਲ ਕੋਈ ਵਰਕ ਨਹੀਂ ਕਿ ਉਹ ਉਸ ਔਰਤ ਦੇ ਗਲ ਵਿਚ ਬਾਹਾਂ ਪਾਈ ਰੱਖੇ ਜਿਹਨੂੰ ਉਹ ਪਿਆਰ ਨਹੀਂ ਕਰਦਾ। ਮੈਨੂੰ ਵੀ ਕੋਈ ਫ਼ਰਕ ਨਹੀਂ ਪੈਂਦਾ। ਉਹ ਸੌ ਸਾਲ ਤਾਰੋ ਨਾਲ ਰਹਿ ਸਕਦਾ ਹੈ - ਪਰ ਜੇ ਉਹ ਮੇਰੇ ਗਲ ਬਾਹਾਂ ਪਾਉਂਦਾ ਤਾਂ ਇਹ ਤੇਰੇ ਕੋਲੋਂ ਸਹਿ ਨਹੀਂ ਹੁੰਦਾ। ਕਿਉਂਕਿ ਤੂੰ ਵੀ ਉਹਨੂੰ ਪਿਆਰ ਕਰਦੀ ਏਂ। ਤੂੰ ਉਹਨੂੰ ਪਿਆਰ ਕਰਦੀ ਏਂ।

ਕਿਰਨ : (ਨਾਟਕੀ ਢੰਗ ਨਾਲ) ਹਾਂ, ਤੇ ਮੈਨੂੰ ਇਸ ਵਿਚ ਕੋਈ ਸ਼ਰਮ ਨਹੀਂ। ਮੇਰੀ ਛਾਤੀ ਟੱਸ ਟੱਸ ਕਰਦੀ ਏ, ਅਨਾਰ ਵਾਂਗ ਫੁੱਟਣ ਨੂੰ ਤਿਆਰ । ਮੈਂ ਉਹਨੂੰ ਪਿਆਰ ਕਰਦੀ ਆਂ।

ਚੰਨੋ :  (ਉਹਨੂੰ ਜੱਫੀ ਪਾਉਂਦੀ ਹੋਈ) ਤਾਰੋ, ਤਾਰੋ, ਮੇਰਾ ਕੋਈ ਕਸੂਰ ਨਹੀਂ।

ਕਿਰਨ : ਮੇਰੇ ਗਲ ਆਪਣੀਆਂ ਬਾਹਾਂ ਨਾ ਪਾ। ਮੇਰੇ ਦਿਲ ਵਿਚ ਨਰਮਾਈ ਲਿਆਉਣ ਦੀ ਕੋਸ਼ਿਸ਼ ਨਾ ਕਰ। ਹੁਣ ਆਪਣੇ ਖੂਨ ਇਕ ਨਹੀਂ ਰਹੇ। ਮੈਂ ਇਹ ਸੋਚਣ ਦੀ ਬੜੀ ਕੋਸ਼ਸ਼ ਕਰਦੀ ਆਂ ਕਿ ਤੂੰ ਮੇਰੀ ਭੈਣ ਏਂ । ਪਰ ਮੈਨੂੰ ਤੂੰ ਹੁਣ ਸਿਰਫ਼ ਦੂਸਰੀ ਔਰਤ ਹੀ ਲਗਦੀ ਏ। (ਉਹ ਉਸਨੂੰ ਪਰ੍ਹੇ ਧੱਕਦੀ ਹੈ।

ਚੰਨੋ : ਬਚਣ ਦਾ ਕੋਈ ਤਰੀਕਾ ਨਹੀਂ। ਜਿਹੜਾ ਡੁੱਬਣਾ ਚਾਹੁੰਦਾ ਉਹਨੂੰ ਡੁੱਬ ਜਾਣ ਦਿਉ। ਦਿਲਬਾਗ ਮੇਰਾ ਐ। ਉਹ ਮੈਨੂੰ ਦਰਿਆ ਦੇ ਕੰਢੇ ਕੰਢੇ ਦੌੜਾ ਕੇ ਲੈ ਜਾਵੇਗਾ।

ਕਿਰਨ : ਉਹ ਨਹੀਂ ਲਿਜਾਵੇਗਾ।

ਚੰਨੋ : ਉਹਦੇ ਹੋਠਾਂ ਦਾ ਸੁਆਦ ਦੇਖਣ ਤੋਂ ਬਾਅਦ ਹੁਣ ਮੇਰੇ ਕੋਲ ਇਸ ਘਟੀਆ ਘਰ ਵਿਚ ਨਹੀਂ ਰਹਿ ਹੁੰਦਾ। ਇਸ ਪਿੰਡ ਵਿਚ ਹਰ ਕੋਈ ਮੇਰੇ ਖ਼ਿਲਾਫ਼ ਐ, ਸਾਰੇ ਆਪਣੀਆਂ ਚੁਆਤੀਆਂ ਵਰਗੀਆਂ ਉਂਗਲਾਂ ਲਾਲ ਮੈਨੂੰ ਸਾੜ ਰਹੇ ਨੇ। ਇਹ ਜਿਹੜੇ ਆਪਣੇ ਆਪ ਨੂੰ ਚੰਗੇ ਸਮਝਦੇ ਨੇ, ਦਿਨ ਰਾਤ ਮੇਰੇ ਪੇਸ਼ ਪਏ ਰਹਿੰਦੇ ਨੇ। ਪਰ ਮੈਂ ਇਨ੍ਹਾਂ ਸਭਨਾਂ ਦੇ ਸਾਹਮਣੇ, ਕੰਡਿਆਂ ਦਾ ਤਾਜ ਪਹਿਨਾਂਗੀ, ਵਰੇ ਬੰਦੇ ਦੀ ਪ੍ਰੇਮਿਕਾ ਨੂੰ ਪਹਿਨਣਾ ਪੈਂਦਾ। ਜੋ ਵਿਆਹੇ 

ਕਿਰਨ : ਚੁੱਪ ਕਰ

ਚੰਨੋ : ਅੱਛਾ।

(ਮੱਧਮ ਆਵਾਜ਼ ਵਿਚ) ਚਲ ਆਪਾਂ ਸੌਂ ਜਾਈਏ। ਉਹਦਾ ਵਿਆਹ ਤਾਰੋ ਨਾਲ ਹੋਣ ਦੇਈਏ। ਮੈਨੂੰ ਹੁਣ ਇਸ ਗੱਲ ਦੀ ਪਰਵਾਹ ਨਹੀਂ। ਫਿਰ ਮੈਂ ਦੂਰ ਕਿਸੇ ਛੋਟੇ ਜਿਹੇ ਘਰ ਵਿਚ ਰਹਿਣ ਲੱਗ ਪਵਾਂਗੀ, ਜਿੱਥੇ ਉਹ ਮੈਨੂੰ ਮਿਲਣ ਆਇਆ ਕਰੇਗਾ, ਜਦੋਂ ਉਹਦੀ ਮਰਜ਼ੀ ਹੋਇਆ ਕਰੇਗੀ, ਜਦੋਂ ਉਹਦਾ ਜੀਅ ਕਰਿਆ ਕਰੇਗਾ।

ਕਿਰਨ : ਇਸ ਤਰ੍ਹਾਂ ਨਹੀਂ ਹੋਵੇਗਾ। ਜਦ ਤੱਕ ਮੇਰੇ ਜਿਸਮ ਵਿਚ ਇਕ ਵੀ ਲਹੂ ਦੀ ਬੂੰਦ ਬਾਕੀ ਹੈ, ਇਸ ਤਰ੍ਹਾਂ ਨਹੀਂ ਹੋਵੇਗਾ!

ਚੰਨੋ : ਤੇਰੇ ਵਰਗੀ ਕਮਜ਼ੋਰ ਜਿਹੀ ਔਰਤ ਤਾਂ ਕੀ ਚੀਜ਼ ਹੈ। ਮੈਂ ਤਾਂ ਕਿਸੇ ਜੰਗਲੀ ਘੋੜੇ ਨੂੰ ਵੀ ਗੋਡਿਆਂ ਭਾਰ ਬਿਠਾ ਸਕਦੀ ਆਂ, ਸਿਰਫ਼ ਆਪਣੀ ਚੀਚੀ ਦੇ ਜ਼ੋਰ ਨਾਲ।

ਕਿਰਨ : ਮੇਰੇ ਸਾਹਮਣੇ ਏਨੀ ਉੱਚੀ ਆਵਾਜ਼ ਵਿਚ ਨਾ ਬੋਲ। ਮੈਨੂੰ ਖਿਝ ਆਉਂਦੀ ਏ। ਮੇਰਾ ਦਿਲ ਕਿਸੇ ਏਨੀ ਚੰਦਰੀ ਚੀਜ਼ ਨਾਲ ਭਰਿਆ ਹੋਇਆ ਕਿ ਮੇਰੇ ਨਾ ਚਾਹੁਣ ਦੇ ਬਾਵਜੂਦ ਇਹ ਮੈਨੂੰ ਡੁਬੋਈ ਜਾ ਰਿਹਾ।

ਚੰਨੋ : ਤੇਰੇ ਵਰਗੀਆਂ ਭੈਣਾਂ ਵੀ ਹੁੰਦੀਆਂ ਨੇ ਜਹਾਨ ਉਤੇ, ਮੈਨੂੰ ਪਤਾ ਨਹੀਂ ਸੀ । ਰੱਬ ਨੇ ਮੇਰੀ ਏਹੀ ਕਿਸਮਤ ਲਿਖੀ ਸੀ ਕਿ ਮੈਂ ਹਨ੍ਹੇਰੇ ਵਿਚ ਬਿਲਕੁਲ ਇਕੱਲੀ ਰਹਿ ਜਾਵਾਂ। ਅੱਜ ਮੈਂ ਤੇਰਾ ਜਿਹੜਾ ਚਿਹਰਾ ਦੇਖ ਰਹੀ ਆਂ, ਉਹ ਮੈਂ ਕਦੇ ਨਹੀਂ ਸੀ ਦੇਖਿਆ।

(ਇਕ ਸੀਟੀ ਮਾਰਨ ਦੀ ਆਵਾਜ਼ ਸੁਣਦੀ ਹੈ। ਚੰਨੋ ਦਰਵਾਜ਼ੇ ਵੱਲ ਦੌੜਦੀ ਹੈ, ਕਿਰਨ ਉਹਨੂੰ ਸਾਹਮਣਿਓਂ ਰੋਕ ਲੈਂਦੀ ਹੈ)

ਕਿਰਨ : ਕਿੱਧਰ ਚੱਲੀ ਏਂ ਤੂੰ ?

ਚੰਨੋ : ਤੂੰ ਪਾਸੇ ਹਟ ਜਾ। 

ਕਿਰਨ : ਜੋ ਲੰਘ ਸਕਦੀ ਏਂ, ਲੰਘ ਜਾ

ਕਿਰਨ : ਪਾਸੇ ਹਟ ਜਾ। (ਉਹ ਗੁੱਥਮਗੁੱਥਾ ਹੋ ਜਾਂਦੀਆਂ ਹਨ)

ਕਿਰਨ : (ਉੱਚੀ ਆਵਾਜ਼ ਵਿਚ) ਅੰਮਾ, ਅੰਮਾ

ਚੰਨੋ : ਕਿਰਨ, ਮੈਨੂੰ ਜਾ ਲੈਣ ਦੇ (ਹੁਕਮੀ ਦਾਖ਼ਲ ਹੁੰਦੀ ਹੈ)

ਹੁਕਮੀ : ਚੁਪ ਕਰੋ। ਕਿੰਨੀ ਬਦਕਿਸਮਤ ਆਂ ਮੈਂ। ਘਰ ਵਿਚ ਕੋਈ ਮਰਦ ਨਹੀਂ ਮੇਰੀ ਮਦਦ ਕਰਨ ਨੂੰ

ਕਿਰਨ : (ਚੰਨੋ ਵੱਲ ਇਸ਼ਾਰਾ ਕਰਦਿਆਂ) ਅੰਮਾ, ਇਹ ਦਿਲਬਾਗ ਨਾਲ ਸੀ ਦੇਖੋ ਇਹਦੇ ਕੱਪੜੇ, ਤੁੜੀ ਨਾਲ ਲਿੱਬੜੇ ਹੋਏ। (ਹੁਕਮੀ ਗੁੱਸੇ ਨਾਲ ਚੰਨੋ ਵੱਲ ਵਧਦਿਆਂ) ਲੁੱਚੀਆਂ ਦੀ ਸੇਜ ਤੁੜੀ ਵਾਲੇ ਕੋਠੇ ਵਿਚ ਹੀ ਹੁੰਦੀ ਐ। 

ਚੰਨੋ : (ਉਹਦੇ ਸਾਹਮਣੇ ਤਣ ਕੇ ਖੜੀ ਹੁੰਦੀ ਹੋਈ) ਕਦੀ ਤਾਂ ਇਹ ਕੈਦ ਮੁੱਕੇਗੀ। (ਚੰਨੋ ਆਪਣੀ ਮਾਂ ਦੀ ਸੋਟੀ ਖੋਂਹਦੀ ਹੈ ਤੇ ਦੋ ਟੋਟੇ ਕਰ ਦਿੰਦੀ ਹੈ) ਜ਼ਾਲਮਾਂ ਨਾਲ ਇਹੀ ਸਲੂਕ ਹੋਣਾ ਚਾਹੀਦਾ ਹੈ । ਹੁਣ ਇਕ ਵੀ ਕਦਮ ਅੱਗੇ ਨਾ ਵਧਾਈਂ। ਮੇਰੇ ਉੱਤੇ ਸਿਰਫ਼ ਦਿਲਬਾਗ ਦਾ ਹੁਕਮ ਚੱਲਦਾ ਹੈ, ਹੋਰ ਕਿਸੇ ਦਾ ਨਹੀਂ। (ਪਾਲੇ ਅਤੇ ਤਾਰੋ ਦਾਖ਼ਲ ਹੁੰਦੀਆਂ ਹਨ)

ਚੰਨੋ : ਮੈਂ ਉਹਦੀ ਆਂ। ( ਤਾਰੋ ਨੂੰ) ਤੂੰ ਵੀ ਸਮਝ ਲੈ ਤੇ ਓਧਰ ਵਿਹੜੇ 'ਚ ਜਾ ਕੇ ਉਹ ਨੂੰ ਦੱਸ ਦੇ। ਉਹ ਇਸ ਘਰ ਦਾ ਮਾਲਕ ਹੋਵੇਗਾ।

ਤਾਰੋ : ਓ ਮੇਰਿਆ ਰੱਬਾ

ਹੁਕਮੀ : ਕਿੱਥੇ ਆ ਮੇਰੀ ਬੰਦੂਕ ? (ਕਾਹਲੀ ਕਾਹਲੀ ਜਾਂਦੀ ਹੈ, ਪਾਲੋ ਉਹਦੇ ਅੱਗੇ ਅੱਗੇ ਦੌੜਦੀ ਹੈ। ਜੋਤੀ ਦਾਖ਼ਲ ਹੁੰਦੀ ਹੈ ਤੇ ਡਰੀ ਹੋਈ ਦੇਖਦੀ ਹੈ। ਉਸ ਨੇ ਆਪਣਾ ਸਿਰ ਕੰਧ ਨਾਲ ਲਾਇਆ ਹੋਇਆ ਹੈ। ਉਸ ਦੇ ਪਿੱਛੇ ਦੀਪੋ ਆਉਂਦੀ ਹੈ।)

ਚੰਨੋ : ਮੈਨੂੰ ਕੋਈ ਨਹੀਂ ਰੋਕ ਸਕਦਾ।

(ਉਹ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਹੈ)

ਤਾਰੋ : (ਉਹਨੂੰ ਛੜਦੀ ਹੋਈ) ਤੂੰ ਏਥੋਂ ਜੀਊਂਦੀ ਬਾਹਰ ਨਹੀਂ ਜਾ ਸਕਦੀ ਠੱਗਣੀ! ਸਾਡੇ ਘਰ ਦਾ ਕਲੰਕ !!

ਦੀਪੋ : ਦਫ਼ਾ ਹੋਣ ਦਿਓ ਇਹਨੂੰ! ਤਾਂ ਜੋ ਅਸੀਂ ਮੁੜ ਕੇ ਇਹਦਾ ਮੂੰਹ ਨਾ ਦੇਖ ਸਕੀਏ। (ਬੰਦੂਕ ਦੇ ਚੱਲਣ ਦੀ ਆਵਾਜ਼)

ਹੁਕਮੀ : (ਦਾਖ਼ਲ ਹੁੰਦੀ ਹੋਈ) ਜਾਓ ਹੁਣ ਲੱਭ ਲਓ ਉਹਨੂੰ!

ਕਿਰਨ : (ਦਾਖ਼ਲ ਹੁੰਦੀ ਹੋਈ) ਦਿਲਬਾਗ ਨੂੰ ਮਾਰ ਦਿੱਤਾ ਅੰਮਾ ਨੇ।

ਚੰਨੋ : ਦਿਲਬਾਗ..... ਓ ਮੇਰਿਆ ਰੱਬਾ! ਦਿ ਲ...ਬਾ.. ਗ!! (ਬਾਹਰ ਵੱਲ ਨੂੰ ਦੌੜਦੀ ਹੈ)

ਪਾਲੋ : (ਹੁਕਮੀ ਨੂੰ) ਤੂੰ ਉਹ ਨੂੰ ਮਾਰ ਦਿੱਤਾ ?

ਕਿਰਨ : ਨਹੀਂ, ਉਹ ਘੋੜਾ ਭਜਾ ਕੇ ਲੈ ਗਿਆ!

ਹੁਕਮੀ : ਮੇਰੇ ਕੋਲੋਂ ਹੀ ਕਮਰ ਰਹਿ ਗਈ, ਤੀਵੀਂ ਨਿਸ਼ਾਨਾ ਨਹੀਂ ਲਾ ਸਕਦੀ ।

ਦੀਪੋ : ਫਿਰ ਤੂੰ ਕਿਉਂ ਕਿਹਾ ਮਾਰ ਦਿੱਤਾ ?

ਕਿਰਨ : (ਚੰਨੋ ਵੱਲ ਇਸ਼ਾਰਾ ਕਰਦੀ ਹੋਈ) ਉਹਦੇ ਕਰ ਕੇ ਕਿਹਾ। ਮੈਂ ਉਹਨੂੰ ਲਹੂ ਦੇ ਦਰਿਆ 'ਚ ਡੋਬਣਾ ਚਾਹੁੰਨੀ ਆਂ।

ਪਾਲੋ : ਲਾਹਨਤ ਆ ਤੇਰੇ 'ਤੇ!

ਦੀਪੋ : ਚੁੜੇਲ!

ਹੁਕਮੀ : ਇੱਕ ਗੱਲੋਂ ਚੰਗਾ ਹੋਇਆ, ਬਚਾਅ ਹੋ ਗਿਆ। (ਕਿਸੇ ਕਮਰੇ ਵਿਚ ਖੜਾਕ ਦੀ ਆਵਾਜ਼) ਚੰਨੋ ! ਚੰਨੋ!

ਪਾਲੋ : (ਉਹਦੇ ਦਰਵਾਜ਼ੇ ਕੋਲ) ਬੂਹਾ ਖੋਲ੍ਹ.. ਏ ਚੰਨੋ ਬੂਹਾ ਖੋਲ੍ਹ...!

ਹੁਕਮੀ : ਬੂਹਾ ਖੋਲ੍ਹ ਦੇ. ਇਹ ਕੰਧਾਂ ਤੇਰੀ ਨਮੋਸ਼ੀ ਢੱਕ ਨਹੀਂ ਸਕਦੀਆਂ!

ਨੌਕਰਾਣੀ : (ਦਾਖ਼ਲ ਹੁੰਦੀ ਹੋਈ) ਸਾਰੇ ਗੁਆਂਢੀ ਜਾਗ ਪਏ ਆ

ਹੁਕਮੀ : (ਮੱਧਮ ਆਵਾਜ਼ ਵਿਚ ਪਰ ਰੋਅਬ ਨਾਲ) ਖੋਲ੍ਹ ਦੇ ਨਹੀਂ

ਤਾਂ ਮੈਂ ਦਰਵਾਜ਼ਾ ਭੰਨ ਦਿਆਂਗੀ।

(ਵਕਫ਼ਾ, ਸਾਰੇ ਪਾਸੇ ਖ਼ਾਮੋਸ਼ੀ ਹੈ)

ਚੰਨੋ!

(ਹੁਕਮੀ ਦਰਵਾਜ਼ੇ ਤੋਂ ਪਾਸੇ ਹਟ ਜਾਂਦੀ ਹੈ ।)

ਹਥੌੜਾ ਲਿਆਓ।

(ਪਾਲੋ ਆਪਣੇ ਸਰੀਰ ਨਾਲ ਦਰਵਾਜ਼ਾ ਤੋੜ ਦਿੰਦੀ ਹੈ।

ਉਹ ਅੰਦਰ ਜਾਂਦੀ ਹੈ, ਦਾਖ਼ਲ ਹੁੰਦਿਆਂ ਹੈ, ਚੀਕ ਮਾਰਦੀ

ਹੈ, ਬਾਹਰ ਆ ਜਾਂਦੀ ਹੈ।)

ਕੀ ਹੋਇਆ ?

ਪਾਲੋ : (ਆਪਣੇ ਗਲ ਦੁਆਲੇ ਹੱਥ ਵਲਦੀ ਹੈ) ਇਸ ਤਰ੍ਹਾਂ ਤਾਂ ਕੋਈ ਨਾ ਮਰੇ।

(ਭੈਣਾਂ ਪਿੱਛੇ ਹਟਦੀਆਂ ਹਨ। ਨੌਕਰਾਣੀ ਹੱਥ ਜੋੜ ਕੇ ਮੱਥੇ ਨੂੰ ਲਾਉਂਦੀ ਹੈ। ਹੁਕਮੀ ਚਿੰਘਾੜ ਮਾਰਦੀ ਤੇ ਅੱਗੇ ਵਧਦੀ ਹੈ।) ਅੰਦਰ ਨਾ ਜਾਓ।

ਹੁਕਮੀ : ਬਚ ਗਿਆ। ਤੂੰ ਦੌੜ ਗਿਆ ਏਂ ਦਿਲਬਾਗ, ਦਰਖ਼ਤਾਂ ਦੇ ਥੱਲੇ ਹਨ੍ਹੇਰੇ ਵਿਚ ਲੁਕ ਗਿਆ। ਪਰ ਕਿਸੇ ਨ ਕਿਸੇ ਦਿਨ ਤੂੰ ਮਾਰਿਆ ਜਾਵੇਂਗਾ ਮੇਰੇ ਹੱਥੋਂ। ਮੇਰੀ ਕੁਆਰੀ ਧੀ ਮਾਰੀ ਗਈ। ਉਹਦੀ ਕੁਆਰੀ ਦੋਹੀ ਨੂੰ ਵਿਆਂਹਦੜਾਂ ਵਾਂਗ ਸ਼ਿੰਗਾਰ ਦਿਓ। ਇਸ ਬਾਰੇ ਹੁਣ ਕੋਈ ਮੂੰਹ ਨਾ ਖੋਲ੍ਹੇ। ਸਾਰੀ ਲੋਕਾਈ ਨੂੰ ਕਹਿ ਦਿਉ ਉਹ ਕੁਆਰੀ ਸੀ ।

ਕਿਰਨ (ਉਹਲੇ) : ਸਾਡੇ ਨਾਲੋਂ ਹਜ਼ਾਰਾਂ ਗੁਣਾਂ ਚੰਗੀ ਰਹੀ ਉਹ। ਉਹਨੇ ਉਹਨੂੰ ਮਿਲ ਤਾਂ ਲਿਆ। (ਰੋਣ ਦੀ ਆਵਾਜ਼)

ਹੁਕਮੀ : ਮੈਂ ਤੁਹਾਨੂੰ ਕਿਹਾ ਨਾ, ਮੈਂ ਏਥੇ ਕੋਈ ਰੋਣਾ ਕੁਰਲਾਉਣਾ ਨਹੀਂ ਸੁਣਨਾ ਚਾਹੁੰਦੀ। ਬੰਦੇ ਨੂੰ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣਾ ਚਾਹੀਦਾ ਹੈ। (ਇਕ ਧੀ ਨੂੰ) ਚੁੱਪ ਕਰ, ਮੈਂ ਤੈਨੂੰ ਕਿਹਾ।

(ਦੁਜੀ ਧੀ ਨੂੰ) ਕੱਲੀਆਂ ਬਹਿ ਕੇ ਰੋ ਲਿਓ। ਇਹ ਤਾਂ ਸੋਗ ਦਾ ਸਮੁੰਦਰ ਐ ਸਾਡੇ ਡੁੱਬਣ ਨੂੰ। ਹੁਕਮੀ ਦੀ ਕੁਆਰੀ ਧੀ ਮਰ ਗਈ, ਉਹ ਵੀ ਸਭ ਤੋਂ ਛੋਟੀ

(ਕਿਸੇ ਧੀ ਦੇ ਰੋਣ ਦੀ ਆਵਾਜ਼) ਸੁਣਿਆਂ ਨਹੀਂ ਤੁਹਾਨੂੰ ? ਕੋਈ ਰੋਵੇ ਨਾ। ਚੁਪ ਕਰੋ ਮੈਂ ਕਿਹਾ ਚੁੱਪ ਕਰੋ।

(ਪਰਦਾ)

6
ਲੇਖ
ਹੁਕਮੀ ਦੀ ਹਵੇਲੀ
0.0
ਇਹ ਸੁਰਜੀਤ ਪਾਤਰ ਦੀ ਕਿਤਾਬ ਹੈ
1

ਪਹਿਲਾ ਅੰਕ

23 November 2023
2
0
0

 ਬਹੁਤ ਵੱਡਾ ਵਿਹੜਾ, ਤਿੰਨੇ ਪਾਸੇ ਕਮਰੇ, ਕਮਾਨੀਦਾਰ ਮੁਹਾਠਾਂ ਵਾਲੇ ਦਰਵਾਜ਼ੇ, ਲਟਕਦੀਆਂ ਚਿਕਾਂ, ਬੈਂਤ ਦੀਆਂ ਕੁਰਸੀਆਂ, ਕੰਧਾਂ ਉੱਤੇ ਗੁਰੂਆਂ-ਪੀਰਾਂ, ਅਵਤਾਰਾਂ, ਰਾਜਿਆਂ- ਮਹਾਰਾਜਿਆਂ ਦੇ ਨਾਲ ਓਪਰੇ ਜਿਹੇ ਧਰਤ ਦ੍ਰਿਸ਼ਾਂ ਦੀਆਂ ਤਸਵੀਰਾਂ। ਗਰਮ

2

ਅੰਕ ਦੂਸਰਾ

26 November 2023
2
0
0

ਹੁਕਮੀ ਦੇ ਘਰ ਦਾ ਚਿੱਟਾ ਕਮਰਾ । ਖੱਬੇ ਪਾਸੇ ਵਾਲੇ ਦਰਵਾਜ਼ੇ ਬੈੱਡਰੂਮਾਂ ਵੱਲ ਖੁੱਲ੍ਹਦੇ ਹਨ। (ਹੁਕਮੀ ਦੀਆਂ ਧੀਆਂ ਪੀੜ੍ਹੀਆਂ ਉਤੇ ਬੈਠੀਆਂ ਸੀਣਾ ਪਰੋਣਾ ਕਰ ਰਹੀਆਂ ਹਨ। ਦੀਪੋ ਕਢਾਈ ਕਰ ਰਹੀ ਹੈ। ਪਾਲੋ ਉਹਦੇ ਨਾਲ ਹੈ।) ਤਾਰੋ : ਮੈਂ ਤਿੰਨ ਚਾਦਰ

3

ਤੀਸਰਾ ਅੰਕ

27 November 2023
0
0
0

ਚੰਨੋ : (ਕਿਰਨ ਨੂੰ, ਜਿਸ ਦੇ ਹੱਥਾਂ ਵਿਚ ਕੁਝ ਹੋਰ ਝਾਲਰਾਂ ਫੜੀਆਂ ਹੋਈਆਂ) ਤੇ ਇਹ ? ਕਿਰਨ : ਇਹ ਮੇਰੇ ਵਾਸਤੇ, ਸ਼ਮੀਜ਼ ਵਾਸਤੇ। ਚੰਨੋਂ : (ਚੀਕ ਕੇ) ਇਸ ਘਰ ਵਿਚ ਸੱਚੀਂ ਕਿਨੇ ਹਾਸੋ ਹੀਣੇ ਬੰਦੇ ਰਹਿੰਦੇ ਨੇ। ਕਿਰਨ : (ਅਰਥ-ਭਰਪੂਰ ਢੰਗ ਨਾਲ)

4

ਚੌਥਾ ਅੰਕ

28 November 2023
0
0
0

ਪਾਲੋ  ਬੱਸ ਏਹੀ ਕਿ ਉਹ ਤਾਰ ਨਾਲ ਵਿਆਹ ਕਰਵਾਵੇਗਾ। ਹੁਕਮੀ : ਅੱਗੇ ਬੋਲ। ਮੈਂ ਤੈਨੂੰ ਏਨਾ ਘੱਟ ਨਹੀਂ ਜਾਣਦੀ ਕਿ ਮੈਨੂੰ ਇਹ ਪਤਾ ਨਾ ਲੱਗੇ ਕਿ ਹੁਣ ਤੇਰੀ ਜ਼ੁਬਾਨ ਦਾ ਚਾਕੂ ਮੇਰੀ ਹਿੱਕ ਵਿਚ ਖੁੱਭਣ ਲਈ ਤਿਆਰ ਹੈ। ਪਾਲੋ : ਮੈਨੂੰ ਨਹੀਂ ਸੀ ਪਤਾ

5

ਪੰਜਵਾਂ ਅੰਕ

29 November 2023
1
0
0

(ਚਾਰ ਚਿੱਟੀਆਂ ਕੰਧਾਂ, ਹਲਕੀ ਨੀਲੀ ਭਾਅ ਮਾਰਦੀਆਂ। ਹੁਕਮੀ ਦੇ ਘਰ ਦਾ ਅੰਦਰਲਾ ਵਿਹੜਾ। ਕਮਰਿਆਂ ਵਿਚਲੀ ਰੋਸ਼ਨੀ ਨਾਲ ਚਮਕਦੇ ਦਰਵਾਜ਼ੇ ਮੰਚ ਨੂੰ ਹਲਕੀ ਸੂਖ਼ਮ ਚਮਕ ਦੇਂਦੇ ਹਨ। ਵਿਚਕਾਰ ਇਕ ਲਾਲਟੈਣ ਪਈ ਹੈ। ਆਲੇ ਦੁਆਲੇ ਹੁਕਮੀ ਤੋਂ ਉਹਦੀਆਂ ਧੀਆਂ ਬ

6

ਛੇਵਾਂ ਅੰਕ

30 November 2023
0
0
0

ਪਾਲੋ : ਏਹੀ ਸਹੀ ਗੱਲ ਐ ਤੇਰੇ ਲਈ। ਹੁਕਮੀ : ਹਾਂ ਬਿਲਕੁੱਲ ਸਹੀ ਨੌਕਰ : (ਦਾਖ਼ਲ ਹੁੰਦਿਆਂ) ਬੀਬੀ ਜੀ, ਮੈਂ ਬਰਤਨ ਸਾਫ਼ ਕਰ ਦਿੱਤੇ ਨੇ, ਹੋਰ ਕੋਈ ਕੰਮ ਐ ? ਹੁਕਮੀ : (ਉੱਠਦਿਆਂ) ਨਹੀਂ, ਮੈਂ ਥੋੜ੍ਹਾ ਆਰਾਮ ਕਰ ਲਵਾਂ। ਪਾਲੋ : ਕਿੰਨੇ ਵਜੇ ਜ

---