ਸ਼ਹਿਰ ਮੇਰੇ ਦੀ ਪਾਗਲ ਔਰਤ
ਵਾਲਾਂ ਦੇ ਵਿਚ ਤਾਰੇ ਲਾ ਕੇ
ਮੱਥ ਉਤੇ ਚੰਨ ਸਜਾ ਕੇ
ਗਲ ਰਾਤਾਂ ਦੇ ਬਸਤਰ ਪਾ ਕੇ
ਪੀਣ ਆਂ ਨੂੰ ਪਾਜ਼ੇਸ਼ ਬਣਾ ਕੇ
ਫਿਰਦੀ ਏ ਇਕ ਬਿਹਬਲ ਔਰਤ
ਸ਼ਹਿਰ ਮੇਰੇ ਦੀ ਪਾਗਲ ਔਰਤ
ਜਦ ਉਹ ਹੱਸਦੀ ਤਾਰੇ ਛਣਕਣ
ਜਦ ਉਹ ਰੋਂਦੀ ਮੋਤੀ ਟਪਕਣ
ਪਾਗਲ ਉਸਨੂੰ ਪਾਗਲ ਸਮਝਣ
ਉਹ ਹੈ ਸਦੀਆਂ ਦੀ ਵੈਰਾਗਣ
ਜੋਗਣ ਔਰਤ ਰਾਵਲ ਔਰਤ
ਸ਼ਹਿਰ ਮੇਰੇ ਦੀ ਪਾਗਲ ਔਰਤ
ਪੰਛੀਆਂ ਸੰਗ ਉਹ ਗੱਲਾਂ ਕਰਦੀ
ਬਿਰਖਾਂ ਨੂੰ ਹੁੰਗਾਰੇ ਭਰਦੀ
ਮੋਇਆਂ ਵਿਛੜਿਆਂ ਸੰਗ ਹਮਦਰਦੀ
ਉਹ ਨਾ ਭੂਤ ਪਰੇਤੋਂ ਡਰਦੀ
ਉਂਜ ਕਲੀਆਂ ਤੋਂ ਕੋਮਲ ਔਰਤ
ਸ਼ਹਿਰ ਮੇਰੇ ਦੀ ਪਾਗਲ ਔਰਤ