ਕੱਲ੍ਹ ਤਕ ਮੈਂ ਉਹਦਾ ਆਪ ਗਵਾਹ ਸੀ
ਅੱਜ ਤੋਂ ਇਹ ਮੇਰਾ ਗੀਤ ਗਵਾਹ ਹੈ
ਡੂੰਘੀ ਪੀੜ ਤੇ ਸੰਘਣੀ ਚੁੱਪ ਦਾ
ਉਹ ਇਕ ਭਰ ਵਹਿੰਦਾ ਦਰਿਆ ਹੈ
ਉਹਦੇ ਪਿੰਡੇ 'ਚੋਂ ਕਾਹੀ ਤੇ
ਰੇਤੇ ਦੀ ਖ਼ੁਸ਼ਬੂ ਆਉਂਦੀ ਹੈ
ਉਹਦੇ ਪੱਤਣਾਂ ਵਰਗੇ ਨੈਣਾਂ ਦੇ ਵਿਚ
ਹਰਦਮ ਧੁੰਦ ਰਹਿੰਦੀ ਹੈ
ਉਹਦੀ 'ਵਾਜ਼ ਮਲਾਹਾਂ ਵਰਗੀ
ਸੁਣ ਕੇ ਦੇਹ ਕੰਡਿਆ ਜਾਂਦੀ ਹੈ
ਉਹਦੇ ਹੋਠਾਂ ਤੇ ਕਈ ਵਾਰੀ
ਬੇਲੇ ਵਰਗੀ ਚੁੱਪ ਛਾਂਦੀ ਹੈ
ਤੇ ਉਸ ਚੁੱਪ 'ਚੋਂ ਲੰਘਣ ਲੱਗਿਆਂ
ਦਿਲ ਦੀ ਧੜਕਣ ਰੁਕ ਜਾਂਦੀ ਹੈ
ਪਿਛਲੇ ਪੈਰੀਂ ਮੁੜ ਆਉਂਦੀ ਹੈ
ਇਹ ਇਕ ਬੜੇ ਚਿਰਾਂ ਦੀ ਗੱਲ ਹੈ
ਜਦੋਂ ਉਹਦੇ ਸਉਲੇ ਪਾਣੀ ਵਿਚ
ਇਕ ਕੋਈ ਮਛਲੀ ਸੀ ਰਹਿੰਦੀ
ਅਜੇ ਉਹਦੇ ਪਾਣੀ ਦੀ ਉਮਰਾ
ਮਸਾਂ ਉਹਦੇ ਗਲ ਗਲ ਸੀ ਆਉਂਦੀ
ਉਹ ਮਛਲੀ ਉਹਦੇ ਪਾਣੀ ਦੇ ਵਿਚ
ਸੁਪਨੇ ਘੋਲ ਕੇ ਅੱਗ ਮਚਾਉਂਦੀ
ਸਿੱਪੀਆਂ ਘੋਗੇ ਚੁੰਮਦੀ ਰਹਿੰਦੀ
ਤੇ ਰੇਤ ਦੇ ਘਰ ਵਿਚ ਰਹਿੰਦੀ
ਪਰ ਇਕ ਦਿਨ ਉਹ ਚੰਚਲ ਮਛਲੀ
ਕਿਸੇ ਬੇ-ਦਰਦ ਮਛੇਰੇ ਫੜ ਲਈ
ਤੇ ਦਰਿਆ ਦੀ ਕਿਸਮਤ ਸੜ ਗਈ
ਉਸ ਦਿਨ ਮਗਰੋਂ ਉਸ ਦਰਿਆ ਦਾ
ਪਾਣੀ ਬੜਾ ਉਦਾਸ ਹੋ ਗਿਆ
ਗਲ ਗਲ ਪਾਣੀ ਦੀ ਉਮਰੇ ਹੀ
ਉਹ ਦਰਿਆ ਬੇ-ਆਸ ਹੋ ਗਿਆ
ਹੁਣ ਜਦ ਰਾਤ-ਬਰਾਤੇ ਤਾਰੇ
ਦਰਿਆ ਤੇ ਮੂੰਹ ਧੋਵਣ ਆਉਂਦੇ
ਉਹ ਉਹਦੀ ਚੁੱਪ ਕੋਲੋਂ ਡਰਦੇ
ਪਾਣੀ ਦੇ ਵਿਚ ਪੈਰ ਨਾ ਪਾਉਂਦੇ
ਤੇ ਕੰਢੇ 'ਤੇ ਹੀ ਬਹਿ ਰਹਿੰਦੇ
ਤੇ ਉਹ ਤਕਦੇ ਕਿ ਮੱਛੀਆਂ ਦੇ
ਨਕਸ਼ ਉਹਦੇ ਤੋਂ ਸਹਿਮ ਨੇ ਖਾਂਦੇ
ਤੇ ਦਰਿਆ ਦੇ ਉੱਜੜੇ ਨੈਣਾਂ
ਦੇ ਵਿਚ ਅੱਗ ਦੇ ਹੰਝੂ ਆਉਂਦੇ
ਆਖ਼ਿਰ ਜਦ ਦਰਿਆ ਦੀ ਉਮਰਾ
ਸਿਰ ਸਿਰ ਪਾਣੀ ਦੇ ਵਿਚ ਡੁੱਬੀ
ਮੱਛੀਆਂ ਦੀ ਤਦ ਬੇਪਰਵਾਹੀ
ਉਹਨੂੰ ਛਿਲਤਰ ਵਾਕਣ ਚੁੱਭੀ
ਤੇ ਉਹਦੇ ਕੂਲੇ ਪਿੰਡੇ ਉੱਤੇ
ਗੂਹੜੀ ਹਰੀ ਮਜ਼ੂਲੀ ਉੱਗੀ
ਤੇ ਉਹਦੀ ਇਕ ਆਂਦਰ ਸੁੱਜੀ
ਹੁਣ ਜਦ ਬਦਕਿਸਮਤ ਦਰਿਆ ਨੂੰ
ਗਲ ਗਲ ਪਾਣੀ ਯਾਦ ਆਉਂਦਾ ਹੈ
ਉਸਨੂੰ ਉਸ ਮੋਈ ਮਛਲੀ ਦਾ
ਵਿਚੋਂ ਵਿਚ ਇਕ ਗ਼ਮ ਖਾਂਦਾ ਹੈ
ਆਪਣੀ ਹੀ ਮਿੱਟੀ ਨੂੰ ਆਪ
ਰਾਤ ਬਰਾਤੇ ਢਾਹ ਲਾਂਦਾ ਹੈ
ਆਪਣੇ ਹੀ ਨੈਣਾਂ ਦੇ ਕੂਲੇ
ਸੁਪਨੇ ਰੋੜ੍ਹ ਕੇ ਲੈ ਜਾਂਦਾ ਹੈ
ਹੁਣ ਲੋਕੀ ਉਸ ਦਰਿਆ ਨੂੰ
ਇਕ ਖ਼ੂਨੀ ਦਰਿਆ ਨੇ ਕਹਿੰਦੇ
ਹੁਣ ਉਹਦੇ ਵਿਚ ਮੱਛੀਆਂ ਦੀ ਥਾਂ
ਭੁੱਖੇ ਮਗਰਮੱਛ ਨੇ ਰਹਿੰਦੇ
ਪਿੰਡ ਦੇ ਲੋਕੀ ਉਸ ਦਰਿਆ 'ਤੇ
ਜਾਣੋ ਵੀ ਹੁਣ ਖ਼ੌਫ਼ ਨੇ ਖਾਂਦੇ
ਪਰ ਅੱਜ ਤੋਂ ਉਹਦੇ ਨਿਰਮਲ ਜਲ ਲਈ
ਮੇਰੇ ਗੀਤ ਗਵਾਹੀ ਪਾਂਦੇ ।