ਉਹ ਸ਼ਹਿਰ ਸੀ ਜਾਂ ਪਿੰਡ ਸੀ
ਇਹਦਾ ਤੇ ਮੈਨੂੰ ਪਤਾ ਨਹੀਂ
ਪਰ ਇਹ ਕਹਾਣੀ ਇਕ ਕਿਸੇ
ਮੱਧ-ਵਰਗ ਜਿਹੇ ਘਰ ਦੀ ਹੈ
ਜਿਸ ਦੀਆਂ ਇੱਟਾਂ ਦੇ ਵਿਚ
ਸਦੀਆਂ ਪੁਰਾਣੀ ਘੁਟਣ ਸੀ
ਤੇ ਜਿਸਦੀ ਥਿੰਦੀ ਚੁੱਲ੍ਹ 'ਤੇ
ਮਾਵਾਂ ਦਾ ਦੁੱਧ ਸੀ ਰਿਝਦਾ
ਨੂੰਹਾਂ ਧੀਆਂ ਦੇ ਲਾਲ ਚੂੜੇ
ਦੋ ਕੁ ਦਿਨ ਲਈ ਛਣਕਦੇ
ਤੇ ਦੋ ਕੁ ਦਿਨ ਲਈ ਚਮਕਦੇ
ਤੇ ਫੇਰ ਮੈਲੇ ਜਾਪਦੇ
ਤੇ ਉਸ ਘਰ ਦੇ ਕੁਝ ਕੁ ਜੀਅ
ਹੁੱਕਿਆਂ 'ਚ ਫ਼ਿਕਰ ਫੂਕਦੇ
ਜਾਂ ਨਿੱਤ ਨੇਮੀ ਵਾਚਦੇ
ਪੱਗਾਂ ਦੀ ਇੱਜਤ ਵਾਸਤੇ
ਉਹ ਰਾਤ ਸਾਰੀ ਜਾਗਦੇ ।
ਏਸੇ ਹੀ ਘਰ ਉਹਦੇ ਜਿਹਨ ਵਿਚ
ਇਕ ਫੁੱਲ ਸੂਹਾ ਉੱਗਿਆ
ਤੇ ਉਦੋਂ ਉਸ ਦੀ ਉਮਰ ਵੀ
ਸੂਹੇ ਫੁੱਲਾਂ ਦੀ ਹਾਣ ਸੀ
ਤੇ ਤਿਤਲੀਆਂ ਦੇ ਪਰਾਂ ਦੀ
ਉਸਨੂੰ ਬੜੀ ਪਹਿਚਾਣ ਸੀ
ਉਦੋਂ ਉਸਦੀ ਬਸ ਸੋਚ ਵਿਚ
ਫੁੱਲਾਂ ਦੇ ਰੁੱਖ ਸੀ ਉੱਗਦੇ
ਜਾਂ ਖੰਭਾਂ ਵਾਲੇ ਨੀਲੇ ਘੋੜੇ
ਅੰਬਰਾਂ ਵਿਚ ਉੱਡਦੇ
ਤੇ ਫਿਰ ਉਹਦੇ ਨੈਣਾਂ ਦੇ ਵਿਚ
ਇਕ ਦਿਨ ਕੁੜੀ ਇਕ ਉੱਗ ਪਈ
ਜੋ ਉਹਦੇ ਨੈਣਾਂ 'ਚੋਂ
ਇਕ ਸੂਰਜ ਦੇ ਵਾਕਣ ਚੜ੍ਹੀ ਸੀ
ਤੇ ਕਿਸੇ ਹੀ ਹੋਰ ਦੇ
ਨੈਣਾਂ 'ਚ ਜਾ ਕੇ ਡੁੱਬ ਗਈ ।
ਹੁਣ ਸਦਾ ਉਹਦੀ ਸੋਚ ਵਿਚ
ਦਰਦਾਂ ਦਾ ਬੂਟਾ ਉੱਗਦਾ
ਤੇ ਪੱਤਾ ਪੱਤਾ ਓਸਦਾ
ਕਾਲੀ ਹਵਾ ਵਿਚ ਉੱਡਦਾ
ਹੁਣ ਉਹ ਆਪਣੇ ਦੁੱਖਾਂ ਨੂੰ
ਦੇਵਤੇ ਕਹਿੰਦਾ ਸਦਾ
ਤੇ ਲੋਕਾਂ ਨੂੰ ਆਖਦਾ
ਦੁੱਖਾਂ ਦੀ ਪੂਜਾ ਕਰੋ ।
ਤੇ ਫੇਰ ਉਹਦੀ ਕਲਮ ਵਿਚ
ਗੀਤਾਂ ਦੇ ਬੂਟੇ ਉੱਗ ਪਏ
ਜੋ ਸ਼ੁਹਰਤਾਂ ਦੇ ਮੋਢਿਆਂ 'ਤੇ
ਬੈਠ ਘਰ ਘਰ ਪੁੱਜ ਗਏ
ਇਕ ਦਿਨ ਉਹਦਾ ਕੋਈ ਗੀਤ ਇਕ
ਰਾਜ-ਦਰਬਾਰੇ ਗਿਆ
ਓਸ ਮੁਲਕ ਦੇ ਬਾਦਸ਼ਾਹ ਨੇ
ਓਸ ਨੂੰ ਵਾਹ-ਵਾਹ ਕਿਹਾ
ਤੇ ਸਾਰਿਆਂ ਗੀਤਾਂ ਦਾ ਮਿਲ ਕੇ
ਪੰਜ ਮੁਹਰਾਂ ਮੁੱਲ ਪਿਆ ।
ਹੁਣ ਬਾਦਸ਼ਾਹ ਇਹ ਸਮਝਦਾ
ਇਹ ਗੀਤ ਸ਼ਾਹੀ ਗੀਤ ਹੈ
ਤੇ ਰਾਜ-ਘਰ ਦਾ ਮੀਤ ਹੈ
ਤੇ ਪੰਜ ਮੁਹਰਾਂ ਲੈਣ ਪਿੱਛੋਂ
ਲਹੂ ਇਸਦਾ ਸੀਤ ਹੈ ।
ਪਰ ਇਕ ਦਿਨ ਉਸ ਰਾਜ-ਪੱਥ 'ਤੇ
ਇਕ ਨਾਅਰਾ ਵੇਖਿਆ
ਤੇ ਸੱਚ ਉਸਦਾ ਸੇਕਿਆ
ਉਸ ਮਾਂ ਨੂੰ ਰੋਂਦਾ ਵੇਖਿਆ
ਤੇ ਬਾਪ ਰੋਂਦਾ ਵੇਖਿਆ
ਤੇ ਬਾਦਸ਼ਾਹ ਨੂੰ ਓਸ ਪਿੱਛੋਂ
ਗੀਤ ਨਾ ਕੋਈ ਵੇਚਿਆ
ਤੇ ਪਿੰਡ ਦੀਆਂ ਸਭ ਮੈਲੀਆਂ
ਝੁੱਗੀਆਂ ਨੂੰ ਮੱਥਾ ਟੇਕਿਆ
ਹੁਣ ਉਹਦੇ ਮੱਥੇ 'ਚ
ਤਲਵਾਰਾਂ ਦਾ ਜੰਗਲ ਉੱਗ ਪਿਆ
ਉਹ ਸੀਸ ਤਲੀ 'ਤੇ ਰੱਖ ਕੇ
ਤੇ ਰਾਜ-ਘਰ ਵੱਲ ਤੁਰ ਪਿਆ
ਹੁਣ ਬਾਦਸ਼ਾਹ ਨੇ ਆਖਿਆ
ਇਹ ਗੀਤ ਨਹੀਂ ਗ਼ੱਦਾਰ ਹੈ
ਤੇ ਬਾਦਸ਼ਾਹ ਦੇ ਪਿੱਠੂਆਂ ਨੇ
ਆਖਿਆ ਬਦਕਾਰ ਹੈ
ਤੇ ਓਸਦੇ ਪਿੱਛੋਂ ਮੈਂ ਸੁਣਿਆ
ਬਾਦਸ਼ਾਹ ਬਿਮਾਰ ਹੈ
ਪਰ ਬਾਦਸ਼ਾਹ ਦਾ ਯਾਰ ਹੁਣ
ਲੋਕਾਂ ਦਾ ਕਹਿੰਦੇ ਯਾਰ ਹੈ
ਇਹ ਮੈਨੂੰ ਪਤਾ ਨਹੀਂ
ਇਹ ਕਹਾਣੀ ਕਿਸ ਦੀ ਹੈ
ਪਰ ਖ਼ੂਬਸੂਰਤ ਬੜੀ ਹੈ
ਚਾਹੇ ਕਹਾਣੀ ਜਿਸ ਦੀ ਹੈ ।