ਜਦੋਂ ਮੇਰੇ ਗੀਤ ਕੱਲ੍ਹ ਤੈਥੋਂ
ਵਿਦਾਇਗੀ ਮੰਗ ਰਹੇ ਸੀ
ਤਦੋਂ ਯਾਰ
ਹੱਥਕੜੀਆਂ ਦਾ ਜੰਗਲ ਲੰਘ ਰਹੇ ਸੀ
ਤੇ ਮੇਰੇ ਜ਼ਿਹਨ ਦੀ ਤਿੜਕੀ ਹੋਈ ਦੀਵਾਰ ਉੱਤੇ
ਅਜਬ ਕੁਝ ਡੱਬ-ਖੜੱਬੇ ਨਗਨ ਸਾਏ
ਕੰਬ ਰਹੇ ਸੀ
ਦੀਵਾਰੀ ਸੱਪ ਤ੍ਰੇੜਾਂ ਦੇ
ਚੁਫੇਰਾ ਡੰਗ ਰਹੇ ਸੀ
ਇਹ ਪਲ ਮੇਰੇ ਲਈ ਦੋਫਾੜ ਪਲ ਸੀ
ਦੋ-ਚਿਤੀਆਂ ਨਾਲ ਭਰਿਆ
ਦੋ-ਨਦੀਆਂ ਸੀਤ ਜਲ ਸੀ
ਮੈਂ ਤੇਰੇ ਨਾਲ ਵੀ ਨਹੀਂ ਸਾਂ
ਤੇ ਤੇਰੇ ਨਾਲ ਵੀ ਮੈਂ ਸਾਂ
ਮੈਨੂੰ ਏਸੇ ਹੀ ਪਲ
ਪਰ ਕੁਝ ਨਾ ਕੁਝ ਸੀ ਫ਼ੈਸਲਾ ਕਰਨਾ
ਕੀ ਤੇਰੇ ਨਾਲ ਹੈ ਚਲਣਾ ?
ਕੀ ਤੇਰੇ ਨਾਲ ਹੈ ਮਰਨਾ ?
ਜਾਂ ਉਹਨਾਂ ਨਾਲ ਹੈ ਮਰਨਾ ?
ਕਿ ਜਾਂ ਤਲਵਾਰ ਹੈ ਬਣਨਾ ?
ਕਿ ਮੈਨੂੰ ਗੀਤ ਹੈ ਬਣਨਾ
ਸੀ ਉੱਗੇ ਰੁੱਖ ਸਲਾਖਾਂ ਦੇ
ਮੇਰੀ ਇਕ ਸੋਚ ਦੇ ਪਾਸੇ
ਤੇ ਦੂਜੀ ਤਰਫ਼ ਸਨ
ਤੇਰੇ ਉਦਾਸੇ ਮੋਹ ਭਰੇ ਹਾਸੇ
ਤੇ ਇਕ ਪਾਸੇ ਖੜੇ ਸਾਏ ਸੀ
ਜੇਲ੍ਹ ਬੂਹਿਆਂ ਦੇ
ਜਿਨ੍ਹਾਂ ਪਿੱਛੇ ਮੇਰੇ ਯਾਰਾਂ ਦੀਆਂ
ਨਿਰਦੋਸ਼ ਚੀਕਾਂ ਸਨ
ਜਿਨ੍ਹਾਂ ਦਾ ਦੋਸ਼ ਏਨਾ ਸੀ
ਕਿ ਸੂਰਜ ਭਾਲਦੇ ਕਿਉਂ ਨੇ
ਉਹ ਆਪਣੇ ਗੀਤ ਦੀ ਅੱਗ ਨੂੰ
ਚੌਰਾਹੀਂ ਬਾਲਦੇ ਕਿਉਂ ਨੇ
ਉਹ ਆਪਣੇ ਦਰਦ ਦਾ ਲੋਹਾ
ਕੁਠਾਲੀ ਢਾਲਦੇ ਕਿਉਂ ਨੇ
ਤੇ ਹੱਥਕੜੀਆਂ ਦੇ ਜੰਗਲ ਵਿਚ ਵੀ ਆ
ਲਲਕਾਰਦੇ ਕਿਉਂ ਨੇ ?
ਤੇ ਫਿਰ ਮੈਂ ਕੁਝ ਸਮੇਂ ਲਈ
ਇਸ ਤਰ੍ਹਾਂ ਖ਼ਾਮੋਸ਼ ਸਾਂ ਬੈਠਾ
ਕਿ ਨਾ ਹੁਣ ਗੀਤ ਹੀ ਮੈਂ ਸਾਂ
ਸਗੋਂ ਦੋਹਾਂ ਪੜਾਵਾਂ ਤੇ ਖੜਾ
ਇਕ ਭਾਰ ਹੀ ਮੈਂ ਸਾਂ
ਇਵੇਂ ਖ਼ਾਮੋਸ਼ ਬੈਠੇ ਨੂੰ
ਮੈਨੂੰ ਯਾਰਾਂ ਤੋਂ ਸੰਗ ਆਉਂਦੀ
ਕਦੀ ਮੇਰਾ ਗੀਤ ਗੁੰਮ ਜਾਂਦਾ
ਕਦੇ ਤਲਵਾਰ ਗੁੰਮ ਜਾਂਦੀ
ਤੂੰ ਆ ਕੇ ਪੁੱਛਦੀ ਮੈਨੂੰ
ਕਿ ਤੇਰਾ ਗੀਤ ਕਿੱਥੇ ਹੈ ?
ਤੇ ਮੇਰੇ ਯਾਰ ਆ ਕੇ ਪੁੱਛਦੇ
ਤਲਵਾਰ ਕਿੱਥੇ ਹੈ ?
ਤੇ ਮੈਂ ਦੋਹਾਂ ਨੂੰ ਇਹ ਕਹਿੰਦਾ
ਮੇਰੀ ਦੀਵਾਰ ਪਿੱਛੇ ਹੈ
ਮੈਨੂੰ ਦੀਵਾਰ ਵਾਲੀ ਗੱਲ ਕਹਿੰਦੇ
ਸ਼ਰਮ ਜਿਹੀ ਆਉਂਦੀ
ਕਿ ਉਸ ਦੀਵਾਰ ਪਿੱਛੇ ਤਾਂ
ਸਿਰਫ਼ ਦੀਵਾਰ ਸੀ ਰਹਿੰਦੀ
ਤੇ ਮੇਰੀ ਰੂਹ ਜੁਲਾਹੇ ਦੀ
ਨਲੀ ਵੱਤ ਭਟਕਦੀ ਰਹਿੰਦੀ
ਕਦੇ ਉਹ ਗੀਤ ਵੱਲ ਜਾਂਦੀ
ਕਦੇ ਤਲਵਾਰ ਵੱਲ ਜਾਂਦੀ
ਨਾ ਹੁਣ ਯਾਰਾਂ ਦਾ
ਹੱਥਕੜੀਆਂ ਦੇ ਜੰਗਲ 'ਚੋਂ ਵੀ ਖ਼ਤ ਆਉਂਦਾ
ਨਾ ਤੇਰਾ ਹੀ ਪਹਾੜੀ ਨਦੀ ਵਰਗਾ
ਬੋਲ ਸੁਣ ਪਾਂਦਾ
ਤੇ ਮੈਂ ਦੀਵਾਰ ਦੇ ਪਿੱਛੇ ਸਾਂ ਹੁਣ
ਦੀਵਾਰ ਵਿਚ ਰਹਿੰਦਾ ।
ਮੈਂ ਹੁਣ ਯਾਰਾਂ ਦੀਆਂ ਨਜ਼ਰਾਂ 'ਚ ਸ਼ਾਇਦ
ਮਰ ਗਿਆ ਸਾਂ
ਤੇ ਤੇਰੀ ਨਜ਼ਰ ਵਿਚ
ਮੈਂ ਬੇਵਫ਼ਾਈ ਕਰ ਗਿਆ ਸਾਂ
ਪਰ ਅੱਜ ਇਕ ਦੇਰ ਪਿੱਛੋਂ
ਸੂਰਜੀ ਮੈਨੂੰ ਰਾਹ ਕੋਈ ਮਿਲਿਐ
ਤੇ ਏਸੇ ਰਾਹ 'ਤੇ ਮੈਨੂੰ ਤੁਰਦਿਆਂ
ਇਹ ਸਮਝ ਆਈ ਹੈ
ਕਦੇ ਵੀ ਗੀਤ ਤੇ ਤਲਵਾਰ ਵਿਚ
ਕੋਈ ਫ਼ਰਕ ਨਹੀਂ ਹੁੰਦਾ
ਜੇ ਕੋਈ ਫ਼ਰਕ ਹੁੰਦਾ ਹੈ
ਤਾਂ ਬਸ ਹੁੰਦਾ ਸਮਿਆਂ ਦਾ
ਕਦੇ ਤਾਂ ਗੀਤ ਸੱਚ ਕਹਿੰਦੈ
ਕਦੇ ਤਲਵਾਰ ਸੱਚ ਕਹਿੰਦੀ
ਹੈ ਗੀਤਾਂ 'ਚੋਂ ਹੀ
ਹੱਥਕੜੀਆਂ ਦੇ ਜੰਗਲ ਨੂੰ ਸੜਕ ਜਾਂਦੀ
ਤੇ ਹੁਣ ਇਹ ਵਕਤ ਹੈ
ਤਲਵਾਰ ਲੈ ਕੇ ਮੈਂ ਚਲਾ ਜਾਵਾਂ
ਤੇ ਹੱਥਕੜੀਆਂ ਦੇ ਜੰਗਲ ਵਾਲਿਆਂ ਦੀ
ਬਾਤ ਸੁਣ ਆਵਾਂ ।