10 ਜੁਲਾਈ 2019 ਨੂੰ, ਇੰਗਲੈਂਡ ਦੇ ਮਾਨਚੈਸਟਰ (ਓਲਡ ਟ੍ਰੈਫੋਰਡ), ਵਿੱਚ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੀ ਹਾਰ ਤੋਂ ਬਾਅਦ ਸਟੇਡੀਅਮ ਵਿੱਚ ਬੈਠੇ ਟੀਮ ਸਮਰਥਕ
ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਹੋਣ ਵਾਲੇ ਵਿਸ਼ਵ ਕੱਪ ਸੈਮੀਫਾਈਨਲ 'ਚ ਇਕ ਵੱਡਾ ਰਿਕਾਰਡ ਟੁੱਟਣਾ ਯਕੀਨੀ ਹੈ।
ਨਿਊਜ਼ੀਲੈਂਡ ਨੇ ਵੱਖ-ਵੱਖ ਫਾਰਮੈਟਾਂ ਵਿੱਚ ਪਿਛਲੇ ਚਾਰ ਨਾਕਆਊਟ ਮੈਚਾਂ ਵਿੱਚ ਭਾਰਤ ਨੂੰ ਲਗਾਤਾਰ ਹਰਾਇਆ ਹੈ।
ਉੱਥੇ ਹੀ ਨਿਊਜ਼ੀਲੈਂਡ ਪਿਛਲੇ ਤਿੰਨ ਵਨਡੇ ਵਿਸ਼ਵ ਕੱਪਾਂ ਦਾ ਆਯੋਜਨ ਕਰਨ ਵਾਲੇ ਦੇਸ਼ਾਂ ਤੋਂ ਲਗਾਤਾਰ ਤਿੰਨ ਵਾਰ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।
ਬੁੱਧਵਾਰ ਦੁਪਹਿਰ ਨੂੰ ਜਦੋਂ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦੇ ਦਿਮਾਗ਼ 'ਚ ਜ਼ਰੂਰ ਕੁਝ ਹੋਵੇਗਾ ਕਿ ਹੁਣ ਨਵਾਂ ਰਿਕਾਰਡ ਬਣਾਉਣਾ ਹੀ ਪਵੇਗਾ, ਭਾਵੇਂ ਉਹ ਕਿਸੇ ਦੇ ਵੀ ਹੱਕ 'ਚ ਹੋਵੇ।
ਜੇਕਰ ਵਨਡੇ ਵਿਸ਼ਵ ਕੱਪ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਨਿਊਜ਼ੀਲੈਂਡ ਦੀ ਟੀਮ ਦੀ ਸਥਿਰਤਾ ਆਸਾਨੀ ਨਾਲ ਸਮਝ ਆ ਜਾਵੇਗੀ। 2007 ਤੋਂ ਲੈ ਕੇ ਹੁਣ ਤੱਕ ਇਸ ਟੀਮ ਨੇ ਹਰ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ।
ਜਿਸ ਵਿੱਚੋਂ ਨਿਊਜ਼ੀਲੈਂਡ 2015 ਅਤੇ 2019 ਵਿੱਚ ਫਾਈਨਲ ਵਿੱਚ ਪਹੁੰਚਿਆ ਸੀ ਅਤੇ 2019 ਦੇ ਫਾਈਨਲ ਵਿੱਚ ਬੇਹੱਦ ਰੋਮਾਂਚਕ ਮੁਕਾਬਲੇ ਤੋਂ ਬਾਅਦ ਹਾਰ ਗਿਆ ਸੀ। 2021 ਵਿੱਚ, ਇਸੇ ਟੀਮ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਭਾਰਤ ਨੂੰ ਹਰਾਇਆ ਸੀ।
ਮੌਜੂਦਾ ਟੂਰਨਾਮੈਂਟ ਦੀ ਕੁਮੈਂਟਰੀ ਕਰ ਰਹੇ ਨਿਊਜ਼ੀਲੈਂਡ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਇਆਨ ਸਮਿਥ ਨੇ ਬੀਬੀਸੀ ਨੂੰ ਦੱਸਿਆ, “ਨਿਊਜ਼ੀਲੈਂਡ ਦੀਆਂ ਮੌਜੂਦਾ ਅਤੇ ਪਿਛਲੀਆਂ ਕਈ ਟੀਮਾਂ ਵਿੱਚ ਇੱਕ ਗੁਣ ਹੈ।"
"ਟੀਮ ਇੱਕ ਜਾਂ ਦੋ ਜਾਂ ਤਿੰਨ ਸਟਾਰ ਖਿਡਾਰੀਆਂ ਦੇ ਆਲੇ-ਦੁਆਲੇ ਨਹੀਂ ਖੇਡਦੀ। ਟੀਮ ਆਲਰਾਊਂਡਰ ਪ੍ਰਦਰਸ਼ਨ ਵਿਚ ਵਿਸ਼ਵਾਸ ਰੱਖਦੀ ਹੈ ਜੋ ਖਿਡਾਰੀ ਦੇ ਮੌਜੂਦਾ ਫਾਰਮ 'ਤੇ ਨਿਰਭਰ ਕਰਦਾ ਹੈ।"
2019 ਦੀਆਂ ਖੱਟੀਆਂ ਯਾਦਾਂ
ਪਿਛਲੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਹੱਥੋਂ ਮਿਲੀ ਖੱਟੀ ਹਾਰ ਦੀਆਂ ਯਾਦਾਂ ਅਜੇ ਵੀ ਤਾਜ਼ਾ ਹਨ ਅਤੇ ਉਸ ਟੀਮ ਦੇ ਜ਼ਿਆਦਾਤਰ ਖਿਡਾਰੀ ਇਸ ਪਲੇਇੰਗ ਇਲੈਵਨ 'ਚ ਵੀ ਸ਼ਾਮਲ ਹਨ।
ਮੈਨਚੈਸਟਰ ਵਿੱਚ ਖੇਡੇ ਗਏ ਉਸ ਮੈਚ ਵਿੱਚ ਨਿਊਜ਼ੀਲੈਂਡ ਦੀਆਂ 239 ਦੌੜਾਂ ਦਾ ਪਿੱਛਾ ਕਰਦਿਆਂ ਹੋਇਆਂ ਭਾਰਤੀ ਸਿਖ਼ਰਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਸਕੋਰ ਇਸ ਤਰ੍ਹਾਂ ਸਨ:
ਕੇਐੱਲ ਰਾਹੁਲ - 1 ਦੌੜ
ਰੋਹਿਤ ਸ਼ਰਮਾ - 1 ਦੌੜ
ਵਿਰਾਟ ਕੋਹਲੀ- 1 ਦੌੜ
ਦਿਨੇਸ਼ ਕਾਰਤਿਕ- 6 ਦੌੜਾਂ
ਰਿਸ਼ਭ ਪੰਤ ਅਤੇ ਹਾਰਦਿਕ ਪੰਡਯਾ ਨੇ 32-32 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਧੋਨੀ ਹੋਲੀ ਪਾਰੀ ਖੇਡਣ ਤੋਂ ਬਾਅਦ ਬੜੀ ਮੁਸ਼ਕਿਲ ਨਾਲ 50 ਦੌੜਾਂ ਬਣਾ ਸਕੇ ਸਨ ਅਤੇ ਆਪਣੀ ਸ਼ਾਨਦਾਰ ਫਾਰਮ ਵਿੱਚ ਨਹੀਂ ਸਨ।
ਸਿਰਫ਼ ਰਵਿੰਦਰ ਜਡੇਜਾ ਨੇ ਤੇਜ਼ ਖੇਡਦਿਆਂ ਸਿਰਫ਼ 59 ਗੇਂਦਾਂ ਵਿੱਚ 77 ਦੌੜਾਂ ਜੋੜੀਆਂ ਸਨ ਪਰ ਇਹ ਕਾਫ਼ੀ ਨਹੀਂ ਸੀ।
ਨਿਊਜ਼ੀਲੈਂਡ ਦੀ ਵਾਪਸੀ
2023 ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨੇ ਆਪਣੇ ਪਹਿਲੇ ਚਾਰ ਮੈਚ ਜਿੱਤ ਕੇ ਮਜ਼ਬੂਤ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਪਿਛਲੀ ਚੈਂਪੀਅਨ ਇੰਗਲੈਂਡ ਨੂੰ ਪਹਿਲੇ ਮੈਚ ਵਿੱਚ ਦਿੱਤੀ ਗਈ ਕਰਾਰੀ ਹਾਰ ਸ਼ਾਮਲ ਸੀ।
ਮੁਕਾਬਲੇ ਵਿੱਚ ਭਾਰਤ ਨੇ ਧਰਮਸ਼ਾਲਾ ਵਿੱਚ ਉਨ੍ਹਾਂ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਉਨ੍ਹਾਂ ਦੇ ਜਿੱਤ ਦੇ ਰੱਥ ਨੂੰ ਹੀ ਰੋਕ ਦਿੱਤਾ।
ਇਸ ਤੋਂ ਬਾਅਦ ਨਿਊਜ਼ੀਲੈਂਡ ਨੂੰ ਆਸਟਰੇਲੀਆ, ਦੱਖਣੀ ਅਫਰੀਕਾ ਅਤੇ ਪਾਕਿਸਤਾਨ ਨੇ ਹਰਾ ਕੇ ਅੰਕ ਸੂਚੀ ਵਿੱਚ ਹੇਠਾਂ ਧੱਕ ਦਿੱਤਾ ਗਿਆ ਅਤੇ ਉਹ ਆਪਣਾ ਆਖ਼ਰੀ ਮੈਚ ਜਿੱਤ ਕੇ ਹੀ ਸੈਮੀਫਾਈਨਲ ਵਿੱਚ ਪਹੁੰਚ ਸਕਿਆ।
ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ 400+ ਦੌੜਾਂ ਬਣਾਉਣ ਦੇ ਬਾਵਜੂਦ ਬਾਰਿਸ਼ ਕਾਰਨ ਰੁਕੇ ਮੈਚ ਵਿੱਚ ਉਹ ਪਾਕਿਸਤਾਨ ਤੋਂ ਹਾਰ ਗਿਆ ਸੀ, ਜਦੋਂ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਖ਼ਿਲਾਫ਼ ਮੈਚਾਂ ਵਿਚ ਹਾਰ ਦਾ ਫਰਕ ਘੱਟ ਸੀ ਅਤੇ ਨਤੀਜਾ ਕਿਸੇ ਵੀ ਪਾਸੇ ਜਾ ਸਕਦਾ ਸੀ।
ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਦਾ ਮੰਨਣਾ ਹੈ ਕਿ, "ਨਿਊਜ਼ੀਲੈਂਡ ਨੂੰ ਟੂਰਨਾਮੈਂਟ ਵਿੱਚ ਜੋ ਝਟਕੇ ਲੱਗੇ ਉਸ ਨਾਲ ਹੁਣ ਸਬਕ ਸਿੱਖ ਲਿਆ ਹੋਣਾ ਅਤੇ ਉਭਰੀ ਵੀ ਹੋਣੀ।"
"ਹੁਣ ਸਿਰਫ਼ ਦੋ ਮੈਚਾਂ ਦੀ ਗੱਲ ਹੋਰ ਹੈ ਅਤੇ ਉਨ੍ਹਾਂ ਦੀ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਤੱਕ ਦੀ ਪੂਰੀ ਟੈਸਟਿੰਗ ਹੋ ਚੁੱਕੀ ਹੈ, ਚੰਗੀ ਵੀ ਅਤੇ ਬੁਰੀ ਵੀ।"
ਭਾਰਤ ਲਈ ਖ਼ਤਰਾ
ਨਿਊਜ਼ੀਲੈਂਡ ਦੀ ਬੱਲੇਬਾਜ਼ੀ ਇਸ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਹੀ ਕਮਾਲ ਦਿਖਾ ਰਹੀ ਹੈ। ਰਚਿਨ ਰਵਿੰਦਰ ਆਪਣੇ ਬੱਲੇ ਤੋਂ ਦੌੜਾਂ ਦੀ ਬਰਸਾਤ ਕਰ ਰਹੇ ਹਨ ਜਦਕਿ ਕਪਤਾਨ ਕੇਨ ਵਿਲੀਅਮਸਨ ਸੱਟ ਤੋਂ ਬਾਅਦ ਵਾਪਸੀ ਕਰਕੇ ਮਜ਼ਬੂਤ ਫਾਰਮ 'ਚ ਨਜ਼ਰ ਆ ਰਹੇ ਹਨ।
ਹਾਲਾਂਕਿ ਡੇਵਨ ਕੋਨਵੇ ਆਪਣੇ ਅਸਲੀ ਰੂਪ ਤੋਂ ਥੋੜ੍ਹਾ ਦੂਰ ਹੈ, ਡੇਰਿਲ ਮਿਸ਼ੇਲ ਲਗਾਤਾਰ ਵੱਡੇ ਸਕੋਰ ਕਰ ਰਹੇ ਹਨ ਅਤੇ ਤੇਜ਼ ਗੇਂਦਬਾਜ਼ੀ ਨੂੰ ਚੰਗਾ ਖੇਡ ਰਹੇ ਹਨ।
ਜੇਕਰ ਕਪਤਾਨ ਵਿਲੀਅਮਸਨ ਅਤੇ ਰਚਿਨ ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਦਾ ਸਫ਼ਲਤਾਪੂਰਵਕ ਸਾਹਮਣਾ ਕਰਦੇ ਹਨ ਤਾਂ ਮੱਧ ਓਵਰਾਂ ਵਿੱਚ ਉਨ੍ਹਾਂ ਨੂੰ ਦੌੜਾਂ ਬਣਾਉਣ ਤੋਂ ਰੋਕਣਾ ਮੁਸ਼ਕਲ ਹੋ ਸਕਦਾ ਹੈ।
ਪਰ ਜਿਨ੍ਹਾਂ ਨਾਲ ਭਾਰਤੀ ਬੱਲੇਬਾਜ਼ੀ ਨੂੰ ਖ਼ਤਰਾ ਹੋ ਸਕਦਾ ਹੈ, ਉਹ ਹਨ ਟ੍ਰੇਂਟ ਬੋਲਟ, ਟਿਮ ਸਾਊਥੀ ਅਤੇ ਲਾਕੀ ਫਰਗੂਸਨ। ਵਾਨਖੇੜੇ ਦੀ ਪਿੱਚ 'ਤੇ ਸ਼ਾਮ ਤੋਂ ਬਾਅਦ ਗੇਂਦ ਚੰਗੀ ਤਰ੍ਹਾਂ ਸਵਿੰਗ ਕਰਦੀ ਹੈ ਅਤੇ ਪਿਛਲੇ ਕਈ ਮੈਚਾਂ 'ਚ ਇਹ ਸਾਫ ਨਜ਼ਰ ਆ ਰਿਹਾ ਹੈ।
ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਸਿਰਫ਼ 55 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਸੀ ਅਤੇ ਅਫ਼ਗਾਨਿਸਤਾਨ ਦੇ ਤੇਜ਼ ਗੇਂਦਬਾਜ਼ਾਂ ਨੇ 50 ਦੌੜਾਂ ਦੇ ਸਕੋਰ ਦੇ ਅੰਦਰ ਹੀ ਆਸਟ੍ਰੇਲੀਆ ਦੀਆਂ ਚਾਰ ਵਿਕਟਾਂ ਲੈ ਲਈਆਂ ਸਨ।
ਹਾਲਾਂਕਿ, ਜੇਕਰ ਭਾਰਤ ਦੂਜੀ ਪਾਰੀ 'ਚ ਗੇਂਦਬਾਜ਼ੀ ਕਰਦਾ ਹੈ ਤਾਂ ਬੁਮਰਾਹ, ਸ਼ਮੀ ਅਤੇ ਸਿਰਾਜ ਨੂੰ ਵੀ ਇਸ ਦਾ ਫਾਇਦਾ ਹੋਵੇਗਾ।
ਦੂਜੇ ਪਾਸੇ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵਨ ਕੋਨਵੇ ਨੇ ਕਿਹਾ ਹੈ, "ਭਾਰਤ ਨੂੰ ਹਰਾਉਣ ਲਈ ਟੀਮ ਆਪਣੇ ਸੀਨੀਅਰ ਖਿਡਾਰੀਆਂ ਦੇ ਤਜ਼ਰਬੇ 'ਤੇ ਵੀ ਭਰੋਸਾ ਕਰੇਗੀ।"
ਨਿਊਜ਼ੀਲੈਂਡ ਕ੍ਰਿਕੇਟ ਬੋਰਡ ਦੁਆਰਾ ਜਾਰੀ ਇੱਕ ਵੀਡੀਓ ਵਿੱਚ ਕੋਨਵੇ ਨੇ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਇੰਡੀਆ ਕਿੰਨੀ ਚੰਗੀ ਟੀਮ ਹੈ। ਉਹ ਮਜ਼ਬੂਤ ਟੀਮ ਹੈ ਅਤੇ ਚੰਗੀ ਰਫ਼ਤਾਰ ਨਾਲ ਖੇਡ ਰਹੀ ਹੈ ਪਰ ਅਸੀਂ ਇਸ ਚੁਣੌਤੀ ਦਾ ਵੀ ਇੰਤਜ਼ਾਰ ਕਰ ਰਹੇ ਹਾਂ।"